ਆਈ ਐਸ ਆਈ ਖਰੀਦ ਰਹੀ ਹੈ ਭਾਰਤ ਵਿੱਚ ਬੰਦ ਹੋ ਚੁੱਕੇ 500 ਤੇ 1000 ਦੇ ਨੋਟ


ਨਵੀਂ ਦਿੱਲੀ, 9 ਜੂਨ (ਪੋਸਟ ਬਿਊਰੋ)- ਭਾਰਤੀ ਖੁਫੀਆ ਜਾਂਚ ਏਜੰਸੀਆਂ ਨੇ ਬੰਦ ਹੋ ਚੁੱਕੇ 500 ਤੇ 1000 ਰੁਪਏ ਦੇ ਨੋਟਾਂ ਦੀ ਹੋ ਰਹੀ ਲਗਾਤਾਰ ਬਰਾਮਦੀ ਦੀ ਗੁੱਥੀ ਸੁਲਝਾ ਲਈ ਹੈ। ਜਾਂਚ ਏਜੰਸੀਆਂ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਆਈ ਐਸ ਆਈ (ਇੰਦਰ ਸਰਵਸਿਸ ਇੰਟੈਲੀਜੈਂਸ) ਭਾਰਤ ‘ਚ ਬੰਦ ਹੋਏ ਨੋਟ ਖਰੀਦ ਰਹੀ ਹੈ।
ਏਜੰਸੀਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕਾਰੋਬਾਰ ‘ਚ ਲੱਗੇ ਵਿਅਕਤੀ ਨਿਪਾਲ ਸਰਹੱਦ ‘ਤੇ ਇਨ੍ਹਾਂ ਨੋਟਾਂ ਨੂੰ ਪਹੁੰਚਾ ਰਹੇ ਹਨ ਤੇ ਉਥੋਂ ਪਾਕਿਸਤਾਨ ਦੀ ਏ ਐਸ ਆਈ ਅਤੇ ਡੀ ਕੰਪਨੀ ਕਰਾਚੀ ਤੇ ਪਿਸ਼ਾਵਰ ‘ਚ ਲੱਗੇ ਛਾਪੇਖਾਨੇ ਤੱਕ ਪਹੁੰਚਾਉਂਦੀਆਂ ਹਨ। ਇਨ੍ਹਾਂ ਛਾਪੇਖਾਨਿਆਂ ‘ਚੋਂ ਪਾਕਿਸਤਾਨ ਦੇ ਨੋਟਾਂ ਦੀ ਛਪਾਈ ਵੀ ਹੁੰਦੀ ਹੈ। ਏਥੇ ਕੰਮ ਕਰਦੇ ਮਾਹਰ ਵਿਅਕਤੀ ਭਾਰਤੀ ਰਿਜ਼ਰਵ ਬੈਂਕ ਦੀ ਤਾਰ ਕੱਢ ਕੇ 500 ਤੇ 2000 ਦੇ ਜਾਅਲੀ ਨੋਟਾਂ ‘ਚ ਲਾ ਦਿੰਦੇ ਹਨ ਤਾਂ ਜੋ ਨਕਲੀ ਤੇ ਅਸਲੀ ਨੋਟ ਦਾ ਫਰਕ ਪਤਾ ਨਾ ਚੱਲ ਸਕੇ। ਫਿਰ ਇਨ੍ਹਾਂ ਛਾਪੇਖਾਨਿਆਂ ਤੋਂ ਤਿਆਰ ਭਾਰਤੀ ਜਾਅਲੀ ਨੋਟਾਂ ਦੀ ਨਕਲ ਨੂੰ ਡੀ ਕੰਪਨੀ ਦੀ ਮਦਦ ਰਾਹੀਂ ਦੁਬਈ ਤੇ ਬੰਗਲਾ ਦੇਸ਼ ਭੇਜਿਆ ਜਾਂਦਾ ਹੈ। ਜਾਂਚ ਏਜੰਸੀਆਂ ਦੇ ਮੁਤਾਬਕ ਵੱਖ-ਵੱਖ ਸੂਬਿਆਂ ਤੋਂ ਜਾਅਲੀ ਨੋਟਾਂ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ ਤੇ ਫੜੇ ਗਏ ਤਸਕਰਾਂ ਤੋਂ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੇ ਸਮਗਲਰ ਇਨ੍ਹਾਂ ਤਸਕਰਾਂ ਕੋਲੋਂ ਜਾਅਲੀ ਨੋਟ ਖਰੀਦਣ ਦੇ ਬਦਲੇ ਉਨ੍ਹਾਂ ਨੂੰ ਪੈਸੇ ਦਿੰਦੇ ਹਨ।