ਆਈਐਸਆਈਐਸ ਦਾ ਸਾਥ ਦੇਣ ਸੀਰੀਆ ਜਾਣ ਦੀ ਤਿਆਰੀ ਕਰ ਰਿਹਾ ਸੀ ਮਾਂਟਰੀਅਲ ਦਾ ਜੋੜਾ

jjjਮਾਂਟਰੀਅਲ, 13 ਸਤੰਬਰ (ਪੋਸਟ ਬਿਊਰੋ) : ਅੱਤਵਾਦ ਨਾਲ ਸਬੰਧਤ ਦੋਸ਼ਾਂ ਤਹਿਤ ਫੜ੍ਹੇ ਗਏ ਜੋੜੇ ਦੇ ਮਾਮਲੇ ਦੀ ਚੱਲ ਰਹੀ ਸੁਣਵਾਈ ਵਿੱਚ ਪਾਇਆ ਗਿਆ ਕਿ ਇਸ ਜੋੜੇ ਕੋਲੋਂ ਬੰਬ ਬਣਾਉਣ ਵਾਲੀ ਸਮੱਗਰੀ ਮਿਲੀ ਸੀ ਤੇ ਇਹ ਜੋੜਾ ਆਈਐਅਸਆਈਐਸ ਦਾ ਸਾਥ ਦੇਣ ਲਈ ਸੀਰੀਆ ਜਾਣ ਦੀ ਤਿਆਰੀ ਕਰ ਰਿਹਾ ਸੀ। ਇਹ ਜਾਣਕਾਰੀ ਬੁੱਧਵਾਰ ਨੂੰ ਕਿਊਬਿਕ ਦੀ ਪ੍ਰੌਸੀਕਿਊਟਰ ਨੇ ਅਦਾਲਤ ਵਿੱਚ ਦਿੱਤੀ।
21 ਸਾਲਾ ਸਬਰੀਨ ਡਜੇਰਮੇਨ ਤੇ 20 ਸਾਲਾ ਅਲ ਮਾਹਦੀ ਜਮਾਲੀ ਖਿਲਾਫ ਲਿਨ ਡਿਕੈਰੀ ਨੇ ਕਿਊਬਿਕ ਦੀ ਸਰਬਉੱਚ ਅਦਾਲਤ ਵਿੱਚ ਆਪਣੀ ਸ਼ੁਰੂਆਤੀ ਸਟੇਟਮੈਂਟ ਵਿੱਚ ਕ੍ਰਾਊਨ ਦੇ ਕੇਸ ਬਾਰੇ ਜਾਣਕਾਰੀ ਦਿੱਤੀ। ਅਪਰੈਲ 2015 ਵਿੱਚ ਜਦੋਂ ਇਸ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜਾਂਚਕਾਰਾਂ ਨੇ ਪਾਇਆ ਕਿ ਉਨ੍ਹਾਂ ਦੀਆਂ ਮੋਬਾਈਲ ਡਿਵਾਇਸਿਜ਼ ਉੱਤੇ ਜਿਹਾਦੀ ਪ੍ਰੌਪੇਗੰਡਾਂ ਸੀ, ਪਾਸਪੋਰਟ ਲਈ ਅਰਜ਼ੀਆਂ ਵੀ ਮਿਲੀਆਂ, ਨਵੇਂ ਕੱਪੜਿਆਂ ਨਾਲ ਭਰੇ ਬੈਗ ਤੇ ਹੱਥ ਨਾਲ ਲਿਖੀ ਬੰਬ ਬਣਾਉਣ ਦੀ ਵਿਧੀ ਵੀ ਮਿਲੀ।
ਇਸ ਤੋਂ ਇਲਾਵਾ ਬੰਬ ਬਣਾਉਣ ਲਈ ਲੋੜੀਂਦੀ ਸਮੱਗਰੀ ਵਿੱਚੋਂ ਵੀ ਕੁੱਝ ਚੀਜ਼ਾਂ ਮਿਲੀਆਂ। ਡਿਕੈਰੀ ਨੇ ਆਖਿਆ ਕਿ ਡਜੇਰਮੇਨ ਤੇ ਜਮਾਲੀ ਨੇ ਕੈਨੇਡੀਅਨ ਆਈਐਸਆਈਐਸ ਜੰਗਜੂ ਜੌਹਨ ਮੈਗੁਆਇਰ ਦੇ ਪ੍ਰਚਾਰ ਵੀਡੀਓ ਵੇਖੇ ਸਨ। ਵੀਡੀਓ ਵਿੱਚ ਮੈਗੁਆਇਰ ਨੇ ਕੈਨੇਡੀਅਨ ਮੁਸਲਮਾਨਾਂ ਨੂੰ ਬੇਨਤੀ ਕੀਤੀ ਵਿਖਾਈ ਹੈ ਕਿ ਉਹ ਆਪਣੇ ਬੈਗ ਪੈਕ ਕਰ ਲੈਣ ਤੇ ਉਨ੍ਹਾਂ ਵਿੱਚ ਧਮਾਕਾਖੇਜ਼ ਸਮੱਗਰੀ ਭਰ ਲੈਣ, ਆਪਣੇ ਲਈ ਹਵਾਈ ਟਿਕਟਾਂ ਖਰੀਦ ਲੈਣ ਤੇ ਚਾਕੂ ਤਿੱਖੇ ਕਰ ਲੈਣ।
ਡਜੇਰਮੇਨ ਤੇ ਜਮਾਲੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਕ੍ਰਮਵਾਰ 19 ਤੇ 18 ਸਾਲ ਸੀ। ਉਹ ਦੋਵੇਂ ਇੱਕਠੇ ਰਹਿੰਦੇ ਸਨ ਤੇ ਇੱਕਠਿਆਂ ਕਾਲਜ ਡੇ ਮੇਸੋਨੇਅਵ ਵਿੱਚ ਪੜ੍ਹ ਰਹੇ ਸਨ। ਡਿਕੈਰੀ ਨੇ ਜਿਊਰੀ ਮੈਂਬਰਾਂ ਨੂੰ ਦੱਸਿਆ ਕਿ ਇਹ ਮਾਮਲਾ ਕਾਫੀ ਉਲਝਿਆ ਹੋਇਆ ਸੀ ਤੇ ਜਿਵੇਂ ਜਿਵੇਂ ਗੱਲਾਂ ਇੱਕ ਦੂਜੇ ਨਾਲ ਜੁੜਦੀਆਂ ਗਈਆਂ ਤਾਂ ਇਹ ਮਾਮਲਾ ਪੂਰੀ ਤਰ੍ਹਾਂ ਸਮਝ ਆਇਆ। ਉਨ੍ਹਾਂ ਦੱਸਿਆ ਕਿ ਸੁਣਵਾਈ ਦੌਰਾਨ ਉਹ ਪੁਲਿਸ ਅਧਿਕਾਰੀਆਂ, ਕੰਪਿਊਟਰ ਮਾਹਿਰਾਂ, ਧਮਾਕਾਖੇਜ਼ ਸਮੱਗਰੀ ਦੇ ਮਾਹਿਰਾਂ ਤੇ ਜਿਹਾਦ ਬਾਰੇ ਚੰਗੀ ਸਮਝ ਰੱਖਣ ਵਾਲਿਆਂ ਦਾ ਪੱਖ ਵੀ ਸੁਣਨਗੇ। ਉਹ ਇਸ ਜੋੜੇ ਦੇ ਮਕਾਨਮਾਲਕ ਦਾ ਪੱਖ ਵੀ ਜਾਨਣਗੇ ਤੇ ਇੱਕ ਪ੍ਰੋਫੈਸਰ ਵੀ ਉਨ੍ਹਾਂ ਬਾਰੇ ਜਾਣਕਾਰੀ ਦੇਣਗੇ।
ਡਜੇਰਮੇਨ ਦੀ ਭੈਣ ਨੇ ਹੀ ਪੁਲਿਸ ਨੂੰ ਇਸ ਸਬੰਧ ਵਿੱਚ ਸੂਹ ਦਿੱਤੀ ਸੀ। ਸੱਭ ਤੋਂ ਪਹਿਲਾਂ ਕੈਵਿਨ ਰੋਊਲੀਊ, ਜੋ ਕਿ ਆਰਸੀਐਮਪੀ ਦੇ ਨੈਸ਼ਨਲ ਸਕਿਊਰਿਟੀ ਇਨਵੈਸਟੀਗੇਟਰ ਹਨ, ਨੇ ਮੌਕੇ ਉੱਤੇ ਪਹੁੰਚ ਕੇ ਸਾਰੀ ਜਾਂਚ ਕੀਤੀ। ਇਸ ਮਾਮਲੇ ਦੀ ਸੁਣਵਾਈ ਦਸ ਹਫਤੇ ਤੱਕ ਚੱਲਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 31 ਗਵਾਹ ਭੁਗਤ ਸਕਦੇ ਹਨ।