ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਸ ਨੇ ਗੋਲੀ ਮਾਰੀ


ਲਾ ਜੋਨਕੁਏਰਾ (ਸਪੇਨ), 21 ਨਵੰਬਰ (ਪੋਸਟ ਬਿਊਰੋ)- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ ਨਾਲ ਦੀ ਸਰਹੱਦ ਦੇ ਚੈੱਕ ਪੁਆਇੰਟ ਵਿਖੇ ‘ਅੱਲਾ-ਹੂ-ਅਕਬਰ’ ਦੇ ਨਾਅਰੇ ਲਾ ਕੇ ਅੱਤਵਾਦੀ ਚਿਤਾਵਨੀ ਦੇ ਰਿਹਾ ਸੀ। ਉਹ ਉੱਤਰੀ ਅਫਰੀਕੀ ਮੂਲ ਦਾ ਫਰਾਂਸੀਸੀ ਸੀ ਤੇ ਅਰਬੀ ਭਾਸ਼ਾ ਵਿੱਚ ਚੀਕ ਰਿਹਾ ਸੀ, ਜਦੋਂ ਉਸ ਦੇ ਵਾਹਨ ਨੂੰ ਸਰਹੱਦ ਉਪਰ ਸਪੇਨ ਵਾਲੇ ਪਾਸੇ ਲਾ ਜੋਨਕੁਏਰਾ ਨੇੜੇ ਮੋਟਰਵੇਅ ਟੋਲ ਵਿਖੇ ਰੋਕਿਆ ਗਿਆ।
ਗੋਲੀ ਉਸ ਦੀ ਲੱਤ ਵਿੱਚ ਲੱਗੀ, ਜਿਸ ਪਿੱਛੋਂ ਉਸ ਨੂੰ ਨੇੜਲੇ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਸਥਾਨਕ ਅਖਬਾਰਾਂ ਅਨੁਸਾਰ ਅਫਸਰਾਂ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਆਉਣ ਨੂੰ ਕਿਹਾ ਕਿਉਂਕਿ ਉਸ ਨੇ ਆਪਣੀ ਕਮਰ ਦੁਆਲੇ ਕੋਈ ਸ਼ੱਕੀ ਵਸਤੂ ਬੰਨ੍ਹੀ ਹੋਈ ਸੀ। ਇਸ ‘ਤੇ ਇਹ ਆਦਮੀ ‘ਅੱਲ੍ਹਾ-ਹੂ-ਅਕਬਰ’ ਦੇ ਨਾਅਰੇ ਲਾਉਣ ਲੱਗਾ ਤਾਂ ਅਫਸਰਾਂ ਨੇ ਹਥਿਆਰਬੰਦ ਪੁਲਸ ਬੁਲਾ ਲਈ, ਜਿਸ ਨੇ ਉਸ ਨੂੰ ਦੋ ਗੋਲੀਆਂ ਮਾਰ ਦਿੱਤੀਆਂ ਅਤੇ ਜ਼ਖਮੀ ਕਰਨ ਦੇ ਬਾਅਦ ਫੜ ਲਿਆ।