ਅੱਧੀ ਸਦੀ ਦੀ ਉਮਰ ਹੰਢਾ ਕੇ ਇੱਕੋ ਦਿਨ ਤਿੰਨ ਜਣੀਆਂ ਨਾਲ ਨਕਾਹ ਕਰ ਲਿਆ


ਕੰਪਾਲਾ, 15 ਜਨਵਰੀ (ਪੋਸਟ ਬਿਊਰੋ)- ਇਨ੍ਹੀਂ ਦਿਨੀ ਅਫਰੀਕੀ ਦੇਸ਼ ਯੁਗਾਂਡਾ ਵਿਚ ਰਹਿਣ ਵਾਲੇ 50 ਸਾਲਾ ਮੁਹੰਮਦ ਸੇਮਾਂਡਾ ਆਪਣੇ ਵਿਆਹ ਦੇ ਕਾਰਨ ਹਰ ਪਾਸੇ ਚਰਚਾ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਨੇ ਇਕ ਔਰਤ ਨਾਲ ਨਹੀਂ, ਇੱਕੋ ਵਕਤ ਤਿੰਨ ਔਰਤਾਂ ਨਾਲ ਵਿਆਹ ਕਰਵਾਉਣ ਦਾ ਕੰਮ ਕੀਤਾ ਹੈ।
ਕਤਾਬੀ ਕਸਬੇ ਵਿਚ ਭੋਜਨ ਵਿਕਰੇਤਾ ਦਾ ਕੰਮ ਕਰਦੇ ਮੁਹੰਮਦ ਖੁਦ ਆਰਥਿਕ ਤੌਰ ਉੱਤੇ ਇੰਨੇ ਅਮੀਰ ਵੀ ਨਹੀਂ ਹਨ। ਇਸੇ ਕਾਰਨ ਉਨ੍ਹਾਂ ਨੇ ਵੱਖ-ਵੱਖ ਸਮਾਗਮ ਨਾ ਕਰਕੇ ਤਿੰਨੇ ਔਰਤਾਂ ਨਾਲ ਇੱਕੋ ਵਾਰੀ ਵਿਆਹ ਕਰ ਲਿਆ। ਇਹ ਵਿਆਹ ਸਮਾਰੋਹ ਯੁਗਾਂਡਾ ਦੇ ਵਕੀਸੋ ਸੂਬੇ ਦੇ ਕਤਾਬੀ ਕਸਬੇ ਵਿਚ ਹੋਇਆ। ਵਿਆਹ ਵਿਚ ਪੁੱਜਣ ਵਾਲੇ ਮਹਿਮਾਨ ਤਿੰਨ ਲਾੜੀਆਂ ਇੱਕਠੀਆਂ ਦੇਖ ਕੇ ਇੱਕ ਦਮ ਹੈਰਾਨ ਹੋ ਗਏ। ਤਿੰਨੇ ਲਾੜੀਆਂ ਨੇ ਚਿੱਟੇ ਵੈਡਿੰਗ ਗਾਊਨ ਪਾਏ ਹੋਏ ਸਨ। ਇਸ ਮੌਕੇ ਮੁਹੰਮਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀਆਂ ਪਤਨੀਆਂ ਨੂੰ ਪਤਾ ਹੈ ਕਿ ਉਹ ਪੈਸੇ ਪੱਖੋਂ ਮਜ਼ਬੂਤ ਨਹੀਂ ਹੈ, ਪਰ ਪਿਆਰ ਦੇ ਕਾਰਨ ਉਹ ਤਿੰਨੇ ਵਿਆਹ ਕਰਨ ਨੂੰ ਮੰਨ ਗਈਆਂ। ਮੁਹੰਮਦ ਨੇ ਕਿਹਾ ਕਿ ਉਸ ਦੀਆਂ ਪਤਨੀਆਂ ਵਿਚ ਇਕ-ਦੂਜੇ ਲਈ ਜਰਾ ਜਿੰਨੀ ਵੀ ਈਰਖਾ ਨਹੀਂ। ਉਹ ਆਪਣੀਆਂ ਪਤਨੀਆਂ ਨੂੰ ਘਰ ਦੇਣਗੇ ਅਤੇ ਉਨ੍ਹਾਂ ਦੇ ਪਾਲਣ-ਪੋਸਣ ਲਈ ਹੋਰ ਸਖਤ ਮਿਹਨਤ ਕਰਨਗੇ। ਮੁਹੰਮਦ ਦੀਆਂ ਤਿੰਨੇ ਲਾੜੀਆਂ: 48 ਸਾਲਾ ਸਲਮਤ ਨਾਲੂਵੁਗੇ, 27 ਸਾਲਾ ਜਾਮੇਓ ਨਕਾਇਜ਼ਾ ਅਤੇ 24 ਸਾਲਾ ਮਸਤੁਲਾਹ ਨਮਵਾਨਜ਼ੇ ਇਸ ਵਿਆਹ ਦਾ ਆਨੰਦ ਲੈਂਦੀਆਂ ਦਿੱਸੀਆਂ। ਨਾਲੂਵੁਗੇ ਬੀਤੇ 20 ਸਾਲਾਂ ਤੋਂ ਮੁਹੰਮਦ ਨਾਲ ਰਹਿ ਰਹੀ ਹੈ ਅਤੇ ਦੋਵਾਂ ਦੇ 5 ਬੱਚੇ ਹਨ। ਬਾਕੀ ਦੋਵੇਂ ਲਾੜੀਆਂ ਸਕੀਆਂ ਭੈਣਾਂ ਹਨ ਤੇ ਉਨ੍ਹਾਂ ਦੇ ਵੀ ਬੱਚੇ ਹਨ। ਮੁਹੰਮਦ ਦੀ ਪਤਨੀ ਨਾਲੂਵੁਗੇ ਨੇ ਕਿਹਾ ਕਿ ਉਹ ਆਪਣੇ ਪਤੀ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਕਿ ਉਸ ਨੇ ਸਾਡੇ ਤਿੰਨਾਂ ਨਾਲ ਇਕੋ ਵਾਰੀ ਵਿਆਹ ਕੀਤਾ। ਇਸ ਦਾ ਮਤਲਬ ਹੈ ਕਿ ਉਹ ਸਾਡੇ ਨਾਲ ਭੇਦਭਾਵ ਨਹੀਂ ਕਰਨਗੇ।