ਅੱਤਵਾਦ ਸਮੇਂ ਵਿਦੇਸ਼ਾਂ ’ਚ ਪਨਾਹ ਲੈਣ ਵਾਲਿਆਂ ਨੂੰ ਭਾਰਤ ਸਰਕਾਰ ਵੱਲੋਂ ਵੀਜ਼ੇ ਦੇਣ ਦਾ ਫੈਸਲਾ ਸ਼ਲਾਘਾਯੋਗ : ਧਾਲੀਵਾਲ

beant dhaliwal
ਬਰੈਪਟਨ, 18 ਮਈ (ਪੋਸਟ ਬਿਓਰੋ)- ਅੱਤਵਾਦ ਸਮੇਂ ਵਿਦੇਸ਼ਾਂ ਵਿੱਚ ਪਨਾਹ ਲੈਣ ਵਾਲੇ ਪੰਜਾਬੀਆਂ ਨੂੰ ਭਾਰਤੀ ਪਾਸਪੋਰਟ ਤੇ ਵੀਜ਼ੇ ਜਾਰੀ ਕਰਨ ਦਾ ਜਿਹੜਾ ਫੈਸਲਾ ਭਾਰਤ ਸਰਕਾਰ ਵੱਲੋਂ ਲਿਆ ਗਿਆ ਹੈ ਉਸਦਾ ਸ੍ਰੋਮਣੀ ਅਕਾਲੀ ਦਲ ਕੈਨੇਡਾ ਦੇ ਸੀਨੀਅਰ ਆਗੂ ਬੇਅੰਤ ਸਿੰਘ ਧਾਲੀਵਾਲ ਨੇ ਭਰਵਾਂ ਸਵਾਗਤ ਕੀਤਾ ਹੈ।
ਭਾਰਤ ਸਰਕਾਰ ਵੱਲੋਂ ਚਿੱਠੀ ਜਾਰੀ ਕਰਕੇ ਇਸ ਬਾਰੇ ਦਿੱਤੀ ਗਈ ਵਿਸ਼ੇਸ਼ ਇਜਾਜ਼ਤ ਲਈ ਸਰਕਾਰ ਦੀ ਸ਼ਲਾਘਾ ਕਰਦਿਆਂ ਸ: ਧਾਲੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਇਸ ਲਈ ਵਧਾਈ ਦੀ ਪਾਤਰ ਹੈ ਕਿਉਂਕਿ ਇਹ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਸੀ ਜੋ ਪੂਰੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੰਬੇ ਸਮੇਂ ਤੋ ਅਜਿਹੇ ਬਹੁਤ ਸਾਰੇ ਰਿਫਿਊਜ਼ੀ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਆਪਣੀ ਜਨਮ ਭੂਮੀ ਉਤੇ ਜਾਣ ਤੋ ਵੀ ਵਾਂਝੇ ਰਹਿ ਗਏ ਸਨ। ਸ: ਬੇਅੰਤ ਸਿੰਘ ਧਾਲੀਵਾਲ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਕੈਨੇਡਾ ਫੇਰੀ ਮੌਕੇ ਵੀ ਕੈਨੇਡਾ ਦੀ ਸ਼੍ਰੋਮਣੀ ਅਕਾਲੀ ਦਲ ਇਕਾਈ ਵਲੋ ਮਿਲ ਕੇ ਮੰਗ ਕੀਤੀ ਗਈ ਸੀ ਕਿ ਅਜਿਹੇ ਲੋਕਾਂ ਨੂੰ ਪਾਸਪੋਰਟ ਵੀਜ਼ੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਵਿਦੇਸ਼ਾਂ ਵਿਚ ਸਿਆਸੀ ਪਨਾਹ ਲੈ ਕੇ ਰਹਿ ਰਹੇ ਹਨ। ਹੁਣ ਇਸ ਜਾਇਜ਼ ਮੰਗ ਨੂੰ ਪ੍ਰਵਾਨ ਕਰਨ ਉਤੇ ਖੁਸ਼ੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਅਕਾਲੀ ਆਗੂਆਂ ਵਲੋ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਅਤੇ ਲੋਕ ਸਭਾ ਮੈਬਰ ਰਾਹੀ ਇਹ ਦਬਾਅ ਬਣਾ ਕੇ ਰੱਖਿਆ ਹੋਇਆ ਸੀ ਕਿ ਇਹ ਮੰਗ ਜਲਦੀ ਮੰਨੀ ਜਾਵੇ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਐਨਆਰਆਈਜ਼, ਖਾਸਤੌਰ ਉੱਤੇ ਪੰਜਾਬੀਆਂ ਲਈ ਅਮਰੀਕਾ, ਇੰਗਲੈਂਡ, ਕੈਨੇਡਾ ਤੇ ਆਸਟਰੇਲੀਆ ਆਦਿ ਸ਼ਹਿਰਾਂ ਵਿੱਚ ਚਾਲੀ ਵੀਜ਼ਾ ਕੇਂਦਰ ਜਾਂ ਸਫਾਰਤਖਾਨੇ ਖੋਲ੍ਹਣ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਉਹ ਵੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਹੁਣ ਵੀਜ਼ਾ ਹਾਸਲ ਕਰਨ ਜਾਂ ਪਾਸਪੋਰਟ ਬਣਾਉਣ ਲਈ ਕਿਸੇ ਨੂੰ ਖੱਜਲ ਨਹੀਂ ਹੋਣਾ ਪਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤਰ੍ਹਾਂ ਦੇ ਪੰਜ ਵੀਜ਼ਾ ਕੇਂਦਰ ਇੱਕਲੇ ਕੈਨੇਡਾ ਵਿੱਚ ਹੀ ਖੋਲ੍ਹੇ ਜਾਣੇ ਹਨ। ਇਸ ਨਾਲ ਪਰਵਾਸੀ ਪੰਜਾਬੀਆਂ ਨੂੰ ਆਪਣੇ ਕੰਮ ਕਰਾਉਣ ਲਈ ਹਜ਼ਾਰਾਂ ਮੀਲ ਦਾ ਸਫਰ ਕਰਕੇ ਸਮਾਂ ਤੇ ਪੈਸਾ ਬਰਬਾਦ ਨਹੀਂ ਕਰਨਾ ਪਵੇਗਾ।
ਉਨ੍ਹਾਂ ਆਖਿਆ ਕਿ ਕੈਨੇਡਾ ਬਹੁਤ ਵੱਡਾ ਦੇਸ਼ ਹੈ, ਜਿਥੇ ਭਾਰਤੀਆਂ ਦੀ ਭਾਰੀ ਵਸਂੋ ਹੈ ਤੇ ਅਜਿਹਾ ਕਰਨ ਨਾਲ ਹੋਰ ਸੇਵਾਵਾਂ ਲੈਣ ਵਿਚ ਲੋਕਾਂ ਨੂੰ ਮਦਦ ਮਿਲੇਗੀ। ਬਰੈਂਪਟਨ ਵਿਚ ਦਸ਼ਮੇਸ਼ ਆਟੋ ਸ਼ਾਪ ਦੇ ਮਾਲਕ ਤੇ ਸ੍ਰੋਮਣੀ ਅਕਾਲੀ ਦਲ ਕੈਨੇਡਾ ਦੇ ਸਾਬਕਾ ਪ੍ਰਧਾਨ ਸ: ਬੇਅੰਤ ਸਿੰਘ ਧਾਲੀਵਾਲ ਨੇ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹ ਪਰਵਾਸੀ ਪੰਜਾਬੀਆਂ ਦੀਆਂ ਮੰਗਾਂ ਲਈ ਹਮੇਸ਼ਾ ਹੀ ਸਰਕਾਰ ਤੱਕ ਪਹੁੰਚ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਬਚਿੱਤਰ ਘੋਲੀਆ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਵੀ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਤੇ ਉਚੇਚੇ ਤੌਰ ਉੱਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਨੂੰ ਇਸ ਨਾਲ ਮਿਲਣ ਵਾਲੀ ਰਾਹਤ ਉੱਤੇ ਤਸੱਲੀ ਪ੍ਰਗਟਾਈ ਗਈ। ਸ: ਧਾਲੀਵਾਲ ਨਾਲ (905) 459-1666 ਉਤੇ ਸੰਪਰਕ ਕੀਤਾ ਜਾ ਸਕਦਾ ਹੈ।