ਅੱਤਵਾਦ ਨੂੰ ਆਰਥਿਕ ਮਦਦ ਦੇ ਖਤਰੇ ਵਾਲੇ ਟਾਪ-50 ਦੇਸ਼ਾਂ ਵਿੱਚ ਹੈ ਪਾਕਿਸਤਾਨ

terrorist
ਇਸਲਾਮਾਬਾਦ, 8 ਸਤੰਬਰ (ਪੋਸਟ ਬਿਊਰੋ)- ਸਵਿੱਟਜ਼ਰਲੈਂਡ ਦੇ ਇਕ ਗਰੁੱਪ ਵੱਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ ਪਾਕਿਸਤਾਨ ਉਨ੍ਹਾਂ 50 ਸਿਖਰਲੇ ਦੇਸ਼ਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚ ਅੱਤਵਾਦ ਲਈ ਵਿੱਤ ਪੋਸ਼ਣ ਅਤੇ ਕਾਲੇ ਧਨ ਨੂੰ ਸਫੈਦ ਵਿੱਚ ਬਦਲਣ ਦਾ ਜੋਖਮ ਸਭ ਤੋਂ ਜ਼ਿਆਦਾ ਹੁੰਦਾ ਹੈ।
ਬੇਸਿਲ ਇੰਸਟੀਚਿਊਟ ਆਨ ਗਵਰਨੈਂਸ ਨੇ ਬੇਸਿਲ ਐਂਟੀ-ਮਨੀ ਲਾਂਡਰਿੰਗ (ਏ ਐਮ ਐਲ) ਇੰਡੈਕਸ ਦੇ ਆਪਣੇ 2017 ਦੇ ਐਡੀਸ਼ਨ ਵਿੱਚ ਕਿਹਾ ਹੈ ਕਿ ਅਫਗਾਨਿਸਤਾਨ, ਨੇਪਾਲ ਅਤੇ ਸ੍ਰੀਲੰਕਾ ਇਸ ਸੂਚੀ ਵਿੱਚ ਵਿਸ਼ੇਸ਼ ਜੋਖਮ ਵਾਲੇ ਦੇਸ਼ਾਂ ਵਿੱਚ ਹਨ। ਇਸ ਸੂਚੀ ਵਿੱਚ ਕਾਲੇ ਧਨ ਨੂੰ ਸਫੈਦ ਵਿੱਚ ਬਦਲਣ ਤੇ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਜੁੜੇ ਜੋਖਮਾਂ ਦਾ 146 ਦੇਸ਼ਾਂ ਵਿੱਚ ਮੁਲਾਕਣ ਕੀਤਾ ਗਿਆ ਹੈ। ਪਾਕਿਸਤਾਨ ਇਨ੍ਹਾਂ 146 ਦੇਸ਼ਾਂ ਦੀ ਸੂਚੀ ਵਿੱਚ 46ਵੇਂ ਸਥਾਨ ‘ਤੇ ਹੈ, ਜਿਸ ਨੂੰ ਸਵਿੱਟਜ਼ਰਲੈਂਡ ਦੀ ਉਸ ਗੈਰ ਲਾਭ ਵਾਲੀ ਸੰਸਥਾ ਨੇ 0 ਤੋਂ 10 ਦੇ ਵਿਚਾਲੇ ਅੰਕਾਂ ‘ਤੇ ਮਾਪਿਆ ਹੈ। ਇਸ ਸਾਲ ਦਾ ਔਸਤ ਜੋਖਮ ਸਕੋਰ 6.15 ਹੈ। ਸਭ ਤੋਂ ਵੱਧ ਏ ਐਮ ਐਲ ਜੋਖਮ ਵਾਲੇ 10 ਦੇਸ਼ਾਂ ਵਿੱਚ ਇਰਾਨ, ਅਫਗਾਨਿਸਤਾਨ, ਗਿਨੀ-ਬਿਸਾਓ, ਤਾਜਿਕਿਸਤਾਨ, ਲਾਓਸ, ਮੋਜਾਂਬਿਕ, ਮਾਲੀ ਯੁਗਾਂਡਾ, ਕੰਬੋਡੀਆ ਅਤੇ ਤੰਜਾਨੀਆ ਹਨ, ਉਧਰ ਸਭ ਤੋਂ ਘੱਟ ਜੋਖਮ ਵਾਲੇ ਤਿੰਨ ਦੇਸ਼ਾਂ ਵਿੱਚ ਫਿਨਲੈਂਡ, ਲਿਥੁਆਨੀਆ ਅਤੇ ਏਸਟੋਨੀਆ ਹਨ। ਸੰਸਥਾ ਨੇ ਆਪਣੀ ਵੈਬਸਾਈਡ ‘ਤੇ ਜਾਰੀ ਹਾਲੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਇਸ ਸੂਚੀ ਵਿੱਚ 5.58 ਅੰਕਾਂ ਦੇ ਨਾਲ ਭਾਰਤ 88ਵੇਂ ਸਥਾਨ ‘ਤੇ ਹੈ।