ਅੱਤਵਾਦ ਨਾਲੋਂ ਵੀ ਗੰਭੀਰ ਖਤਰਾ ਹੁੰਦਾ ਹੈ ਜਨਤਕ ਗੋਲੀਬਾਰੀ


-ਨਾਹਰ ਸਿੰਘ ਔਜਲਾ
ਇਹ ਤੱਥ ਹੈਰਾਨੀ ਜਨਕ ਹੈ ਕਿ ਅਮਰੀਕਾ ਵਿੱਚ 1968 ਤੋਂ ਲੈ ਕੇ ਸਾਲ 2011 ਤੱਕ 14 ਲੱਖ ਦੇ ਕਰੀਬ ਲੋਕ ਜਨਤਕ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਮਾਰੇ ਜਾ ਗਏ ਤੇ ਲੱਖਾਂ ਫੱਟੜ ਹੋਏ ਸਨ। ਇੰਨੇ ਸਮੇਂ ਦੌਰਾਨ ਹੀ ਅਮਰੀਕਾ ਨੇ ਜਿੰਨੇ ਵੀ ਯੁੱਧ ਬਾਹਰਲੇ ਦੇਸ਼ਾਂ ਨਾਲ ਲੜੇ, ਉਨ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 12 ਲੱਖ ਹੈ। ਇਸ ਗੋਲੀਬਾਰੀ ਕਾਰਨ ਲੋਕ ਦਹਿਸ਼ਤ ਵਰਗੇ ਮਾਹੌਲ ਵਿੱਚ ਰਹਿ ਰਹੇ ਹਨ। ਇਹ ਸਭ ਕੁਝ ਉਸ ਦੇਸ਼ ਵਿੱਚ ਵਾਪਰ ਰਿਹਾ ਹੈ, ਜਿਸ ਨੂੰ ਆਰਥਿਕ ਅਤੇ ਫੌਜੀ ਤੌਰ ‘ਤੇ ਸਭ ਤੋਂ ਤਕੜਾ ਦੇਸ਼ ਮੰਨਿਆ ਜਾਂਦਾ ਹੈ। ਜਨਤਕ ਗੋਲੀਬਾਰੀ ਦੇ ਕੁਝ ਸਮੇਂ ਬਾਅਦ ਹਥਿਆਰ ਵੇਚਣ ਵਾਲੀਆਂ ਕੰਪਨੀਆਂ ਨੂੰ ਕਿਸੇ ਨਾ ਕਿਸੇ ਬਹਾਨੇ ਹੋਰ ਢਿੱਲ ਦੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਮੁਨਾਫਾ ਕਮਾ ਸਕਣ।
ਇਹ ਉਹ ਦੇਸ਼ ਹੈ, ਜਿਹੜੇ ਕਦੇ ਜਮਹੂਰੀ ਹੱਕਾਂ ਦੇ ਨਾਂ ਉੱਤੇ ਅਤੇ ਕਦੇ ਮਾਰੂ ਹਥਿਆਰਾਂ ਦੇ ਨਾਂ ਹੇਠ ਹੋਰ ਦੇਸ਼ਾਂ ਵਿੱਚ ਰਾਜ ਪਲਟੇ ਕਰਵਾਉਣੇ ਜਾਂ ਸਿੱਧਾ ਹਮਲਾ ਕਰਕੇ ਉਨ੍ਹਾਂ ਨੂੰ ਬਰਬਾਦ ਕਰ ਦੇਣਾ ਆਪਣਾ ਜਮਹੂਰੀ ਹੱਕ ਸਮਝਦਾ ਹੈ। ਅੰਦਰੂਨੀ ਅੱਤਵਾਦ ਤੋਂ ਬਚਾਅ ਲਈ ਕਈ ਅਰਬ ਡਾਲਰਾਂ ਦਾ ਖਰਚਾ ਕੀਤਾ ਜਾਂਦਾ ਹੈ, ਪਰ ਜਨਤਕ ਗੋਲੀਬਾਰੀ ਤੋਂ ਬਚਾ ਲਈ ਬਹੁਤ ਨਿਗੂਣਾ ਧਨ ਖਰਚਿਆ ਜਾਂਦਾ ਹੈ। ਅੰਕੜਿਆਂ ਮੁਤਾਬਕ ਅੰਦਰੂਨੀ ਅੱਤਵਾਦ ਦੀਆਂ ਘਟਨਾਵਾਂ ਨਾਲ ਜਨਤਕ ਗੋਲੀਬਾਰੀ ਦੇ ਮੁਕਾਬਲੇ ਬਹੁਤ ਘੱਟ ਜਾਨਾਂ ਗਈਆਂ ਹਨ। ਇਸ ਨੂੰ ਨਾ ਰੋਕਣ ਦੇ ਕਾਰਨਾਂ ਵਿੱਚ ਪਾਰਟੀਆਂ ਵੱਲੋਂ ਵੋਟ ਬੈਂਕ ਵੀ ਦੇਖਿਆ ਜਾ ਰਿਹਾ ਹੈ। ਇਕ ਸਰਵੇ ਮੁਤਾਬਕ ਬੰਦੂਕਾਂ ਰੱਖਣ ਵਾਲਿਆਂ ਵਿੱਚੋਂ 33 ਫੀਸਦੀ ਲੋਕ ਅਜਿਹੇ ਹਨ, ਜਿਹੜੇ ਸੋਚਦੇ ਹਨ ਕਿ ਬੰਦੂਕਾਂ ਤੋਂ ਬਿਨਾਂ ਰਹਿਣਾ ਅਸੰਭਵ ਹੈ। ਦੂਜਾ ਵੱਡਾ ਕਾਰਨ ਇਹ ਹੈ ਕਿ ਦੇਸ਼ ਦੇ ਵਪਾਰ ਦਾ ਬਹੁਤ ਵੱਡਾ ਹਿੱਸਾ ਹਥਿਆਰ ਵੇਚਣ ਨਾਲ ਜੁੜਿਆ ਹੋਇਆ ਹੈ। ਅਮਰੀਕਾ ਦਾ ਆਰਥਿਕ ਮੰਦਵਾੜਾ ਵੀ ਇਕ ਕਾਰਨ ਹੈ, ਜਿਸ ਵਿੱਚੋਂ ਅਮਰੀਕਾ ਅਜੇ ਬਾਹਰ ਨਹੀਂ ਨਿਕਲ ਸਕਿਆ। ਇਸ ਲਈ ਸਰਕਾਰਾਂ ਵੀ ਚਾਹੁੰਦੀਆਂ ਹਨ ਕਿ ਜਨਤਾ ਦਾ ਧਿਆਨ ਅਜਿਹੇ ਮੁੱਦਿਆਂ ਵੱਲ ਕੇਂਦਰਿਤ ਰਹੇ। ਅਮਰੀਕਾ ਦੇ ਸੰਵਿਧਾਨ ਦੀ ਇਕ ਮੱਦ ‘ਅਮੈਂਡਮੈਂਟ-2’ ਵੀ ਲੋਕਾਂ ਨੂੰ ਹਥਿਆਰ ਰੱਖਣ ਦਾ ਅਧਿਕਾਰ ਦਿੰਦੀ ਹੈ, ਪਰ ਜੇ ਸਰਕਾਰ ਸੁਹਿਰਦ ਹੋਵੇ ਤਾਂ ਇਹੋ ਜਿਹੀਆਂ ਘਟਨਾਵਾਂ ਨੂੰ ਬੰਦ ਕੀਤਾ ਜਾ ਸਕਦਾ ਹੈ।
ਆਸਟਰੇਲੀਆ ਦੀ ਮਿਸਾਲ ਸਾਡੇ ਸਭ ਦੇ ਸਾਹਮਣੇ ਹੈ। ਉਥੇ 1987 ਤੋਂ ਲੈ ਕੇ ਸਾਲ 1996 ਤੱਕ ਚਾਰ ਵੱਡੀਆਂ ਘਟਨਾਵਾਂ ਵਾਪਰੀਆਂ, ਪਰ ਲੋਕਾਂ ਦੇ ਸਖਤ ਵਿਰੋਧ ਉੱਤੇ ਸਰਕਾਰ ਨੇ ਹਥਿਆਰ ਰੱਖਣ ‘ਤੇ ਏਦਾਂ ਦੇ ਸਖਤ ਕਾਨੂੰਨ ਬਣਾਏ ਕਿ ਨਤੀਜਾ ਸਾਹਮਣੇ ਆ ਗਿਆ। ਇਕ ਸਰਵੇਖਣ ਮੁਤਾਬਕ ਅਮਰੀਕਾ ਵਿੱਚ 310 ਮਿਲੀਅਨ ਹਥਿਆਰ ਲੋਕਾਂ ਦੇ ਕੋਲ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਤਾ ਪਾਸ ਕੀਤਾ ਸੀ ਕਿ ਦਿਮਾਗੀ ਤੌਰ ‘ਤੇ ਅਣਫਿੱਟ ਲੋਕਾਂ ਨੂੰ ਹਥਿਆਰ ਵੇਚਣ ਤੋਂ ਪਹਿਲਾਂ ਉਨ੍ਹਾਂ ਦੀ ਹਿਸਟਰੀ ਬਾਰੇ ਜਾਣਨਾ ਜ਼ਰੂਰੀ ਕੀਤਾ ਜਾਵੇ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਸਾਰ ਉਸ ਮਤੇ ਨੂੰ ਖਤਮ ਕਰ ਦਿੱਤਾ। ਪਿਛਲੇ ਸਾਲ ਲਾਸ ਵੇਗਾਸ ਵਿੱਚ ਸਟੀਫਨ ਨਾਂ ਦੇ ਸਾਬਕਾ ਫੌਜੀ ਨੇ ਇਕ ਹੋਟਲ ਦੇ ਕਮਰੇ ਵਿੱਚੋਂ ਸੰਗੀਤਕ ਸਮਾਗਮ ਵਿੱਚ ਇਕੱਠੇ ਹੋਏ ਲੋਕਾਂ ‘ਤੇ ਫਾਇਰਿੰਗ ਕਰਕੇ 58 ਲੋਕਾਂ ਨੂੰ ਮਾਰ ਦਿੱਤਾ ਤੇ 500 ਤੋਂ ਵੱਧ ਜ਼ਖਮੀ ਕਰ ਦਿੱਤੇ। ਕੁਝ ਦਿਨ ਪਹਿਲਾਂ ਇਕ ਪੁਰਾਣੇ ਵਿਦਿਆਰਥੀ ਨੇ ਸਕੂਲ ਵਿੱਚ ਗੋਲੀਬਾਰੀ ਕਰਕੇ 19 ਲੋਕਾਂ ਦੀ ਜਾਨ ਲੈ ਲਈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਅਮਰੀਕਾ ਨੇ ਧਮਕੀ ਭਰੇ ਲਹਿਜੇ ਵਿੱਚ ਇਹ ਸਾਫ ਕਰ ਦਿੱਤਾ ਹੈ ਕਿ ਲੋਕਾਂ ਨੂੰ ਹਥਿਆਰ ਵੇਚਣ ਦੇ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
ਟਰੰਪ ਸਰਕਾਰ ਦੇ ਇਸ ਲੋਕ ਵਿਰੋਧੀ ਵਿਹਾਰ ਨੂੰ ਦੇਖਦਿਆਂ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਸੜਕਾਂ ‘ਤੇ ਆ ਕੇ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਹਥਿਆਰ ਵੇਚਣ-ਖਰੀਦਣ ਵਾਲਿਆਂ ਲਈ ਸਖਤ ਕਾਨੂੰਨ ਬਣਾਏ ਜਾਣ ਤੇ ਆਟੋਮੈਟਿਕ ਹਥਿਆਰਾਂ ਦੀ ਵਿਕਰੀ ‘ਤੇ ਪੂਰੀ ਪਾਬੰਦੀ ਲਾਈ ਜਾਵੇ। ਆਉਂਦੇ ਸਮੇਂ ਵਿੱਚ ਇਹ ਪ੍ਰਦਰਸ਼ਨ ਅਮਰੀਕਾ ਦੇ ਸਾਰੇ ਸ਼ਹਿਰਾਂ ਵਿੱਚ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਇਕ ਗੱਲ ਸਾਫ ਹੈ ਕਿ ਸਰਕਾਰ ਉਦੋਂ ਤੱਕ ਕੋਈ ਕਦਮ ਨਹੀਂ ਉਠਾਏਗੀ, ਜਦੋਂ ਤੱਕ ਮਜ਼ਬੂਤ ਲੋਕ ਲਹਿਰ ਨਹੀਂ ਬਣੇਗੀ। ਇਸ ਸ਼ੁਰੂਆਤ ਦਾ ਸਵਾਗਤ ਕਰਨਾ ਬਣਦਾ ਹੈ ਤੇ ਲਗਾਤਾਰ ਕੋਸ਼ਿਸ਼ਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਜਨਤਕ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।