ਅੱਤਵਾਦੀ ਸਲਾਹੁਦੀਨ ਦਾ ਬੇਟਾ ਸਰਕਾਰੀ ਨੌਕਰੀ ਤੋਂ ਬਰਖਾਸਤ


ਸ੍ਰੀਨਗਰ, 3 ਨਵੰਬਰ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਸਰਕਾਰ ਨੇ ਕਸ਼ਮੀਰ ਵਿੱਚ ਸਰਗਰਮ ਹਿਜ਼ਬੁਲ ਮੁਜਾਹਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਬੇਟੇ ਸ਼ਾਹਿਦ ਯੁਸੂਫ ਨੂੰ ਕੱਲ੍ਹ ਸਰਕਾਰੀ ਨੌਕਰੀ ਤੋਂ ਕੱਢ ਦਿੱਤਾ ਹੈ। ਸ਼ਾਹਿਦ ਯੁਸਫ ‘ਤੇ ਆਪਣੇ ਪਿਤਾ ਦੇ ਇਸ਼ਾਰੇ ਉੱਤੇ ਕਸ਼ਮੀਰ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਵਧਾਉਣ ਲਈ ਹਵਾਲਾ ਦੇ ਜ਼ਰੀਏ ਵਿਦੇਸ਼ ਤੋਂ ਪੈਸਾ ਮੰਗਵਾਉਣ ਦਾ ਦੋਸ਼ ਹੈ।
42 ਸਾਲਾ ਸ਼ਾਹਿਦ ਜ਼ਿਲ੍ਹਾ ਬਡਗਾਮ ਵਿੱਚ ਖੇਤੀਬਾੜੀ ਵਿਭਾਗ ਵਿੱਚ ਖੇਤੀਬਾੜੀ ਅਫਸਰ ਸੀ। ਉਸ ਨੂੰ ਪਿਛਲੇ ਮਹੀਨੇ ਐੱਨ ਆਈ ਏ ਨੇ ਸਾਲ 2011 ਵਿੱਚ ਦਰਜ ਹਵਾਲਾ ਨੈੱਟਵਰਕ ਅਤੇ ਅੱਤਵਾਦੀ ਫੰਡਿੰਗ ਦੇ ਕੇਸ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਬਾਅਦ ਵਿੱਚ ਉਸ ਨੂੰ ਰਸਮੀ ਤੌਰ ‘ਤੇ 24 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਸੀ। ਬੀਤੇ ਦਿਨ ਨਵੀਂ ਦਿੱਲੀ ਦੀ ਇੱਕ ਅਦਾਲਤ ਨੇ ਉਸ ਨੂੰ ਜੁਡੀਸ਼ਲ ਹਿਰਾਸਤ ਵਿੱਚ ਤਿਹਾੜ ਜੇਲ੍ਹ ਭੇਜਿਆ ਹੈ। ਸੰਬੰਧਤ ਅਧਿਕਾਰੀਆਂ ਨੇ ਬੀਤੇ ਦਿਨ ਸ਼ਾਹਿਦ ਯੁਸਫ ਨੂੰ ਨੌਕਰੀ ਤੋਂ ਕੱਢਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਨਵੀਂ ਗੱਲ ਨਹੀਂ, ਰੁਟੀਨ ਕਾਰਵਾਈ ਹੈ, ਕਿਉਂਕਿ ਰਾਜ ਸਰਕਾਰ ਦੇ ਸੇਵਾ ਨਿਯਮਾਂ ਹੇਠ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਆਪਣੀ ਗ੍ਰਿਫਤਾਰੀ ਜਾਂ ਹਿਰਾਸਤ ਦੇ 48 ਘੰਟਿਆਂ ਅੰਦਰ ਬਰਖਾਸਤ ਮੰਨਿਆ ਜਾਂਦਾ ਹੈ, ਪਰ ਇਸ ਬਾਰੇ ਐੱਨ ਆਈ ਏ ਤੋਂ ਕੁਝ ਜਾਣਕਾਰੀਆਂ ਲੈਣੀਆਂ ਬਾਕੀ ਸਨ, ਇਸ ਲਈ ਸ਼ਾਹਿਦ ਦੀ ਬਰਖਾਸਤਗੀ ਵਿੱਚ ਦੇਰ ਹੋਈ ਹੈ। ਉਨ੍ਹਾਂ ਦੱਸਿਆ ਕਿ ਐੱਨ ਆਈ ਏ ਤੋਂ ਪੂਰੇ ਕੇਸ ਦੀ ਜਾਣਕਾਰੀ ਮਿਲਣ ਦੇ ਬਾਅਦ ਡਾਇਰੈਕਟਰ ਖੇਤੀਬਾੜੀ ਅਲਤਾਫ ਅੰਦਰਾਬੀ ਨੇ ਹੁਕਮ ਜਾਰੀ ਕਰ ਕੇ ਕਿਹਾ ਕਿ ਸ਼ਾਹਿਦ ਯੁਸੂਫ ਨੂੰ ਉਸ ਦੀ ਗ੍ਰਿਫਤਾਰੀ ਦੇ ਦਿਨ ਤੋਂ ਹੀ ਬਰਖਾਸਤ ਮੰਨਿਆ ਜਾਏ।