ਅੱਤਵਾਦੀ ਵਾਲੇ ਪੋਸਟਰਾਂ ਦੇ ਬਾਵਜੂਦ ਰਵਿੰਦਰ ਭੱਲਾ ਅਮਰੀਕੀ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ


ਨਿਊਯਾਰਕ, 8 ਨਵੰਬਰ, (ਪੋਸਟ ਬਿਊਰੋ)- ਨਿਊ ਜਰਸੀ ਦੇ ਹੋਬੋਕੇਨ ਸ਼ਹਿਰ ਨੇ ਰਵਿੰਦਰ ਭੱਲਾ ਨੂੰ ਪਹਿਲੇ ਸਿੱਖ ਮੇਅਰ ਵਜੋਂ ਚੁਣ ਕੇ ਮਾਣ ਦਿੱਤਾ ਹੈ। ਇਸ ਸ਼ਹਿਰ ਵਿੱਚ ਮੇਅਰ ਦੇ ਅਹੁਦੇ ਲਈ ਸਖ਼ਤ ਮੁਕਾਬਲਾ ਉਦੋਂ ਭੱਦਾ ਹੋ ਗਿਆ ਸੀ ਜਦੋਂ ਕਿਸੇ ਸ਼ਰਾਰਤੀ ਨੇ ਰਵਿੰਦਰ ਭੱਲਾ ਦੀ ਕਾਰ ਉੱਤੇ ਅਤਿਵਾਦੀ ਹੋਣ ਦੇ ਪੋਸਟਰ ਲਾ ਦਿੱਤੇ ਸਨ। ਭੱਲਾ ਦਾ ਮੌਜੂਦਾ ਮੇਅਰ ਡਾਅਨ ਜ਼ਿੱਮਰ, ਜਿਨ੍ਹਾਂ ਨੇ ਜੂਨ ਵਿੱਚ ਮੁੜ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ, ਨੇ ਸਮਰਥਨ ਕੀਤਾ ਸੀ।
ਮਿਲਦੀ ਜਾਣਕਾਰੀ ਮੁਤਾਬਕ ਰਵਿੰਦਰ ਭੱਲਾ ਨਿਊ ਜਰਸੀ ਵਿੱਚ ਮੇਅਰ ਦੇ ਅਹੁਦੇ ਲਈ ਚੁਣੇ ਗਏ ਪਹਿਲੇ ਸਿੱਖ ਹਨ। ਉਹ ਸੱਤ ਸਾਲਾਂ ਤੋਂ ਵੱਧ ਸਮੇਂ ਤਕ ਸਿਟੀ ਕੌਂਸਲ ਦੇ ਮੈਂਬਰ ਰਹੇ ਹਨ। ਕੱਲ੍ਹ ਸਮਰਥਕਾਂ ਸਮੇਤ ਗਾਰਡਨ ਸਟਰੀਟ ਦੇ ਮੌਰਨਜ਼ ਪੱਬ ਵਿੱਚ ਉਨ੍ਹਾਂ ਨੇ ਜਿੱਤ ਦਾ ਦਾਅਵਾ ਕੀਤਾ। ਭੱਲਾ ਨੇ ਟਵੀਟ ਕੀਤਾ, ‘ਹੋਬੋਕੇਨ ਤੁਹਾਡਾ ਸ਼ੁਕਰੀਆ। ਮੈਂ ਤੁਹਾਡਾ ਮੇਅਰ ਬਣਨ ਦੀ ਆਸ ਵਿੱਚ ਹਾਂ। ਮੇਰੇ ਅਤੇ ਸਾਡੇ ਭਾਈਚਾਰੇ ਵਿੱਚ ਵਿਸ਼ਵਾਸ ਲਈ ਤੁਹਾਡਾ ਧੰਨਵਾਦ। ਇਹੀ ਅਮਰੀਕਾ ਹੈ।’ ਉਨ੍ਹਾਂ ਨੇ ਕੌਂਸਲ ਮੈਂਬਰ ਮਾਈਕਲ ਡੀਫੁਸਕੋ, ਜੈਨੀਫਰ ਗਿਆਟਿੱਨੋ ਅਤੇ ਹਡਸਨ ਕਾਊਂਟੀ ਫਰੀਹੋਲਡਰ ਐਂਟੋਨੀ ਰੋਮਾਨੋ ਸਮੇਤ ਛੇ ਉਮੀਦਵਾਰਾਂ ਨੂੰ ਹਰਾਇਆ ਹੈ।
ਵਰਨਣ ਯੋਗ ਹੈ ਕਿ ਜੂਨ ਵਿੱਚ ਮੇਅਰ ਜ਼ਿੱਮਰ ਵੱਲੋਂ ਮੁੜ ਚੋਣ ਨਾ ਲੜਨ ਦੇ ਫ਼ੈਸਲੇ ਪਿੱਛੋਂ ਮੇਅਰ ਦੇ ਅਹੁਦੇ ਲਈ ਮੁਹਿੰਮ ਭਖ ਗਈ ਸੀ। ਪਿਛਲੇ ਦਿਨਾਂ ਦੌਰਾਨ ਇਹ ਮੁਹਿੰਮ ਓਦੋਂ ਭੱਦਾ ਮੋੜ ਕੱਟ ਗਈ, ਜਦੋਂ ਭੱਲਾ ਉੱਤੇ ਅਤਿਵਾਦੀ ਦਾ ਠੱਪਾ ਲਾਉਂਦੇ ਪਰਚੇ ਵੰਡੇ ਗਏ, ਜਿਨ੍ਹਾਂ ਉੱਤੇ ਲਿਖਿਆ ਸੀ, ‘ਸਾਡੇ ਸ਼ਹਿਰ ਉੱਤੇ ਅਤਿਵਾਦ ਨੂੰ ਕਬਜ਼ਾ ਨਾ ਕਰਨ ਦਿਓ।’
ਇਸ ਦੌਰਾਨ ਨਿਊਯਾਰਕ ਵਿੱਚ ਕਾਰਪੋਰੇਟ ਤੇ ਇਮੀਗਰੇਸ਼ਨ ਬਾਰੇ ਭਾਰਤੀ-ਅਮਰੀਕੀ ਵਕੀਲ ਫਾਲਗੁਨੀ ਪਟੇਲ ਨਿਊ ਜਰਸੀ ਦੇ ਐਡੀਸਨ ਟਾਊਨਸ਼ਿਪ ਵਿੱਚ ਏਸ਼ੀਅਨ ਸਕੂਲ ਬੋਰਡ ਲਈ ਤਿੰਨ ਸਾਲਾਂ ਲਈ ਚੁਣੇ ਗਏ ਹਨ। ਚੀਨੀ-ਮੂਲ ਦੇ ਜੈਰੀ ਸ਼ੀ ਨੂੰ ਵੀ ਇਸ ਬੋਰਡ ਵਿੱਚ ਚੁਣਿਆ ਗਿਆ ਹੈ। ਇਨ੍ਹਾਂ ਦੋਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕਿ ਇਨ੍ਹਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ ਹੈ, ਕਿਉਂਕਿ ਵਿੱਚੀਨੀ ਤੇ ਭਾਰਤੀ ਸਾਡੇ ਸ਼ਹਿਰਾਂ ਉੱਤੇ ਕਬਜ਼ਾ ਕਰ ਰਹੇ ਹਨ।’