ਅੱਜ-ਨਾਮਾ

ਆ ਗਿਆ ਫੈਸਲਾ ਦਿੱਲੀ ਦੇ ਰਾਜ ਬਾਰੇ,

ਚੁਣੀ ਸਰਕਾਰ ਉੱਚੀ ਰੱਖੀ ਗਈ ਬੇਲੀ।

        ਕੁਰਸੀ ਵੱਡੀ ਗਵਰਨਰ ਦੀ ਆਖਦੇ ਸੀ,

        ਮੂਧੀ ਕਰਨ ਮਗਰੋਂ ਔਹ ਹੈ ਪਈ ਬੇਲੀ।

ਪੁਰਾਣੇ ਪੱਤੇ ਆ ਪਿੱਪਲ ਦੇ ਝੜਨ ਲੱਗੇ,

ਬਣਦੀ ਜਾਪਦੀ ਹਾਲਤ ਆ ਨਈ ਬੇਲੀ।

        ਬੜ੍ਹਕਾਂ ਮਾਰਦੇ ਜਿਹੜੇ ਸੀ ਕੱਲ੍ਹ ਤੀਕਰ,

        ਹੋ ਗਏ ਚੁੱਪ ਬੜਬੋਲੇ ਉਹ ਕਈ ਬੇਲੀ।

                ਅਗਲੀ ਬਾਤ ਕਿ ਜਿੱਤ ਇਹ ਹੋਣ ਮਗਰੋਂ,

                ਕੇਜਰੀਵਾਲ ਲਈ ਅਕਲ ਦੀ ਘੜੀ ਬੇਲੀ।

                ਲਾ ਕੇ ਜ਼ੋਰ ਤੇ ਕੱਢੇ ਫਿਰ ਕਸਰ ਪਿਛਲੀ,

                ਭੁੱਲ ਕੇ ਭਾਸ਼ਣਾਂ ਦੀ ਲਾਉਣੀ ਝੜੀ ਬੇਲੀ।

                                        -ਤੀਸ ਮਾਰ ਖਾਂ