ਅੱਜ-ਨਾਮਾ

ਸਿਮਟਣ ਲੱਗਾ ਈ ਰੌਲਾ ਕਰਨਾਟਕਾ ਦਾ,

ਹੋ ਗਿਆ ਖਤਮ ਜਦ ਚੋਣ ਪ੍ਰਚਾਰ ਬੇਲੀ।

        ਮੁੱਦਿਆਂ ਵਾਸਤੇ ਭਾਸ਼ਣ ਸਨ ਘੱਟ ਹੋਏ,

        ਬਾਹਲੀ ਦੋਸ਼ਾਂ ਦੀ ਹੋਈ ਭਰਮਾਰ ਬੇਲੀ।

ਦਿੱਸਦਾ ਛਿੱਕਾ ਸੀ ਸ਼ਰਮ ਦਾ ਲੱਥ ਚੁੱਕਾ,

ਬਾਹਲੇ ਨੀਵੇਂ ਜਿਹੇ ਹੁੰਦੇ ਸੀ ਵਾਰ ਬੇਲੀ।

        ਭ੍ਰਿਸ਼ਟਾਚਾਰ ਦੀ ਚਰਚਾ ਵੀ ਬੜੀ ਹੋਈ,

        ਨਾਲ ਚੋਰਾਂ ਦੀ ਰਹਿੰਦੀ ਸੀ ਡਾਰ ਬੇਲੀ।

                ਨਾਟਕ ਚੱਲ ਗਿਆ ਕਾਫੀ ਕਰਨਾਟਕਾ ਦਾ,

                ਸੀਨ ਰਹਿੰਦਾ ਜੀ ਅੰਤਲਾ ਆਉਣ ਵਾਲਾ।

                ਨੀਤੀ ਵੋਟਰ ਦੀ ਜਾਣਦਾ ਕੋਈ ਨਹੀਂ ਜੀ,

                ਜਿਹੜਾ ਤਾਰੇ ਹੈ ਦਿਨੇ ਦਿਖਾਉਣ ਵਾਲਾ।

                                        -ਤੀਸ ਮਾਰ ਖਾਂ