ਅੱਜ-ਨਾਮਾ

ਨਿੱਕੀ ਬਾਤ ਬਤੰਗੜ ਬਈ ਜਦੋਂ ਬਣਦੀ,

ਪੈਂਦੇ ਧੜੇ ਜਾਂ ਧਿਰਾਂ ਫਿਰ ਭੜਕ ਮੀਆਂ।

        ਬੰਦ ਕਰਨ ਬਾਜ਼ਾਰ ਕੋਈ ਉੱਠ ਤੁਰਦਾ,

        ਦੂਜਾ ਖਾਸ ਕੋਈ ਰੋਕਦਾ ਸੜਕ ਮੀਆਂ।

ਹੁੰਦਾ ਮਾੜਾ ਵਿਹਾਰ ਕਈ ਅਫਸਰਾਂ ਦਾ,

ਬਿਨਾਂ ਕਾਰਨ ਆ ਮਾਰਦੇ ਬੜ੍ਹਕ ਮੀਆਂ।

        ਕੋਈ ਨਹੀਂ ਵੇਖਦਾ, ਕੰਬਦੇ ਆਮ ਲੋਕੀਂ,

        ਹਿਰਦੇ ਜਿਨ੍ਹਾਂ ਦੇ ਰਹੇ ਨੇ ਧੜਕ ਮੀਆਂ।

                ਪੈ ਜਾਏ ਪਿੱਟਣਾ, ਕੰਮ ਫਿਰ ਬੰਦ ਹੁੰਦੇ,

                ਦਿੱਸਣ ਲੋਕਾਂ ਤੋਂ ਬਿਨਾਂ ਬਾਜ਼ਾਰ ਮੀਆਂ।

                ਕੋਈ ਵੀ ਆਗੂ ਜਾਂ ਪਾਰਟੀ ਕੋਈ ਹੋਵੇ,

                ਲਈ ਕਦੇ ਨਹੀਂ ਕਿਸੇ ਨੇ ਸਾਰ ਮੀਆਂ।

                                        -ਤੀਸ ਮਾਰ ਖਾਂ