ਅੱਜ-ਨਾਮਾ

ਕ੍ਰਿਪਟੋ ਕਰੰਸੀ ਦਾ ਭੂਤ ਪ੍ਰਧਾਨ ਹੋਇਆ,

ਫਿਕਰ ਵਿੱਚ ਕਈ ਦੇਸ਼ ਗਲਤਾਨ ਬੇਲੀ।

        ਬ੍ਰਿਟੇਨ, ਫਰਾਂਸ ਤੇ ਇਟਲੀ ਨੇ ਪਏ ਸੋਚੀਂ,

        ਫਿਕਰ ਵਿੱਚ ਆ ਜਰਮਨ-ਜਾਪਾਨ ਬੇਲੀ।

ਰੂਸ, ਚੀਨ ਨਾ ਬਾਹਰ ਤਾਂ ਜ਼ਾਹਰ ਕਰਦੇ,

ਅੰਦਰੋ-ਅੰਦਰ ਪਏ ਦੇਣ ਧਿਆਨ ਬੇਲੀ।

        ਕਹਿੰਦੇ ਟਰੰਪ ਵੀ ਫਿਕਰ ਦੇ ਵਿੱਚ ਡੁੱਬਾ,

        ਚਿੰਤਤ ਹੋਇਆ ਹੁਣ ਹਿੰਦੁਸਤਾਨ ਬੇਲੀ।

                ਦੁਸ਼ਮਣ ਲੱਭਣਾ ਔਖਾ ਨਹੀਂ ਜੰਗ ਅੰਦਰ,

                ਸਿੱਧੀ-ਸਾਹਵੀਂ ਲੜਾਈ ਜਦ ਕਰੀ ਜਾਵੇ।

                ਕ੍ਰਿਪਟੋ ਕਰੰਸੀ ਦੀ ਲੱਭਦੀ ਜੜ੍ਹ ਹੈ ਨਹੀਂ,

                ਸਿਉਂਕ ਜੜ੍ਹਾਂ ਦੇ ਵਿੱਚੋਂ ਇਹ ਭਰੀ ਜਾਵੇ।

                                                -ਤੀਸ ਮਾਰ ਖਾਂ