ਅੱਜ-ਨਾਮਾ

ਕੇਂਦਰ ਵੱਡਾ ਕਿ ਰਾਜਾਂ ਦਾ ਰੋਅਬ ਬਾਹਲਾ,

ਹੋ ਰਿਹਾ ਹੱਲ ਨਹੀਂ ਇਹੀ ਸਵਾਲ ਮਿੱਤਰ।

        ਆਪੋ-ਆਪਣੀ ਚੌਧਰ ਦੇ ਫਿਕਰ ਸਭ ਨੂੰ,

        ਕੋਈ ਨਾ ਪੁੱਛਦਾ ਲੋਕਾਂ ਦਾ ਹਾਲ ਮਿੱਤਰ।

ਛਤਰੀ ਗਾਂਧੀ ਦੀ ਆਉਂਦਾ ਹੈ ਤਾਣ ਕੋਈ,

ਕਿਸੇ ਤਾਣ ਲਈ ਧਰਮ ਦੀ ਢਾਲ ਮਿੱਤਰ।

        ਮਿਲਿਆ ਮਾਲ ਬਈ ਹੂੰਝਿਆ ਜਾਂਵਦਾ ਈ,

        ਹਰ ਕੋਈ ਮਾਲ ਨੂੰ ਰਿਹਾ ਸੰਭਾਲ ਮਿੱਤਰ।

                ਲੋਕਤੰਤਰ ਦੀ ਲੋਕਾਂ ਨੂੰ ਸਮਝ ਕੋਈ ਨਹੀਂ,

                ਉੱਡਦੀ ਧੂੜ ਨੂੰ ਸਮਝ ਰਹੇ ਰਾਜ ਮਿੱਤਰ।

                ਆਪਣੇ ਪੈਰੀਂ ਉਹ ਹੁੰਦੇ ਨਹੀਂ ਖੜਨ ਜੋਗੇ,

                ਮਿਲੀਆਂ ਛੋਟਾਂ ਦੇ ਬਣੇ ਮੁਹਤਾਜ ਮਿੱਤਰ।

                                                -ਤੀਸ ਮਾਰ ਖਾਂ