ਅੱਜ-ਨਾਮਾ

ਟਰੰਪ ਪਿਆ ਫਿਰ ਪਾਕਿ ਵੱਲ ਝਈ ਲੈ ਕੇ,

ਕਹਿੰਦਾ ਤੁਸਾਂ ਤੋਂ ਰਹੀ ਨਹੀਂ ਆਸ ਮੀਆਂ।

          ਵਾਅਦਾ ਕਰਨਾ, ਪਰ ਦਗਾ ਹੈ ਕਰੀ ਜਾਣਾ,

          ਆਉਂਦੀ ਵਫਾ ਨਹੀਂ ਤੁਸਾਂ ਦੇ ਪਾਸ ਮੀਆ।

ਡਾਲਰ ਮੰਗਣ ਲਈ ਅਸਾਂ ਤੋਂ ਪਹੁੰਚ ਜਾਂਦੇ,

ਕੀਤਾ ਕੰਮ ਨਹੀਂ ਸਾਡਾ ਕੋਈ ਖਾਸ ਮੀਆਂ।

          ਦਹਿਸ਼ਤਗਰਦਾਂ ਦੇ ਨਾਲ ਆ ਤਾਰ ਜੁੜਦੀ,

          ਕਰਨਾ ਸਿੱਖ ਲਿਆ ਡਬਲ-ਕਰਾਸ ਮੀਆਂ।

                   ਮਿਲਣਾ ਇੱਕ ਨਹੀਂ ਡਾਲਰ, ਤੇ ਸ਼ੂਟ ਵੱਟੋ,

                   ਚੁਸਤੀ ਸਾਥੋਂ ਇਹ ਜਾਵੇ ਨਾ ਜਰੀ ਮੀਆਂ।

                   ਜਿਹੜੀ ਅੰਮਾ ਸੀ ਦਹੀਂ ਨਾਲ ਟੁੱਕ ਦੇਂਦੀ,

                   ਉਹਨੂੰ ਸਮਝ ਲਓ ਅੱਜ ਤੋਂ ਮਰੀ ਮੀਆਂ।

                                                          -ਤੀਸ ਮਾਰ ਖਾਂ