ਅੱਜ-ਨਾਮਾ

ਦਿੱਲੀ ਵਿੱਚ ਪਰਦੂਸ਼ਣ ਹੈ ਬੜਾ ਸੁਣਿਆ,

ਇਸ ਨੇ ਮਾਰੀ ਸਰਕਾਰ ਦੀ ਮੱਤ ਮੀਆਂ।

        ਮਿਲਿਆ ਧੂੰਆਂ ਸਿਆਲ ਦੀ ਧੁੰਦ ਅੰਦਰ,

        ਘੱਟੇ-ਮਿੱਟੀ ਦਾ ਰਲ ਗਿਆ ਤੱਤ ਮੀਆਂ।

ਹਰ ਕੋਈ ਦੇਂਦਾ ਜੀ ਦੋਸ਼ ਹੁਣ ਦੂਸਰੇ ਨੂੰ,

ਲੀਡਰਾਂ ਪਾਇਆ ਈ ਖੂਬ ਕੁਪੱਤ ਮੀਆਂ।

        ਇੱਕ ਦੂਜੇ ਨੂੰ ਕੱਟਣ ਲਈ ਬਾਤ ਕਹਿੰਦੇ,

        ਬਕਿਆ ਜਾਵੇ ਬਈ ਕੂੜ-ਕੁਸੱਤ ਮੀਆਂ।

                ਆਉਂਦੀ ਸਮਝ ਨਾ ਦੇਸ਼ ਦੇ ਵਾਸੀਆਂ ਨੂੰ,

                ਸਾਡੇ ਦੁੱਖਾਂ ਦਾ ਕੀਹਨੂੰ ਹੈ ਦਰਦ ਮੀਆਂ।

                ਓਨੀ ਗਰਦ ਨਹੀਂ ਚੜ੍ਹੀ ਅਸਮਾਨ ਉੱਤੇ,

                ਰਾਜਨੀਤੀ ਦੀ ਜਿੰਨੀ ਆ ਗਰਦ ਮੀਆਂ।

                                                -ਤੀਸ ਮਾਰ ਖਾਂ