ਅੱਜ-ਨਾਮਾ

ਪਿਛਲੇ ਸਾਲ ਵਿੱਚ ਕੀਤੀ ਗਈ ਨੋਟਬੰਦੀ,

ਸਾਲ ਪਿੱਛੋਂ ਵੀ ਬਹਿਸ ਲਈ ਖੜੀ ਮੀਆਂ।

        ਸਰਕਾਰ ਆਖਦੀ ਸਾਡੇ ਇਸ ਕੰਮ ਸਦਕਾ,

        ਸੁਧਰੀ ਮੁਲਕ ਦੀ ਹਾਲਤ ਹੈ ਬੜੀ ਮੀਆਂ।

ਕਹਿ ਰਹੀ ਧਿਰ ਵਿਰੋਧੀ ਆ ਜ਼ੋਸ਼ ਭਰ ਕੇ,

ਮਾੜੀ ਮੁਲਕ ਲਈ ਉਹੋ ਸੀ ਘੜੀ ਮੀਆਂ।

        ਜਦੋਂ ਬਿੱਜ ਅਸਮਾਨੀ ਜਿਹੀ ਪੈਣ ਵਾਂਗਰ,

        ਨੀਤੀ ਦੇਸ਼ ਉੱਪਰ ਇਹ ਸੀ ਜੜੀ ਮੀਆਂ।

                ਆਦਮੀ ਆਮ ਤਾਂ ਹੋਇਆ ਹੈ ਡੌਰ-ਭੌਰਾ,

                ਇਹਦੀ ਠੀਕ ਆ ਗੱਲ ਕਿ ਠੀਕ ਉਹਦੀ।

                ਹਾਲਤ ਵੱਲ ਜਦ ਝਾਤ ਜਿਹੀ ਮਾਰਦਾ ਤਾਂ,

                ਨਿਕਲ ਸੀਨੇ ਤੋਂ ਜਾਂਦੀ ਆ ਚੀਕ ਉਹਦੀ।

                                                -ਤੀਸ ਮਾਰ ਖਾਂ