ਅੱਜ-ਨਾਮਾ

pannu2881

ਦਿੱਤੀ ਰਾਹਤ ਸਰਕਾਰ ਕੁਝ ਟੈਕਸ ਵੰਨੀਂ,
ਮਸਲਾ ਸਮਝਿਆ ਗਿਆ ਹੈ ਮੁੱਕ ਮੀਆਂ।
ਸਰਕਾਰ ਆਖਦੀ, ਦਿੱਤੀ ਆ ਛੋਟ ਇੰਨੀ,
ਭਰ-ਭਰ ਵੰਡੇ ਮਖਾਣੇ ਜਿਉਂ ਬੁੱਕ ਮੀਆਂ।
ਕਹਿੰਦੇ ਚਾਟੜੇ, ਬਾਹਲੀ ਕਮਾਲ ਹੋ ਗਈ,
ਬੰਨ੍ਹਿਆ ਗਿਆ ਸਰਕਾਰ ਦਾ ਠੁੱਕ ਮੀਆਂ।
ਮਾੜੇ-ਧੀੜੇ ਦੇ ਉੱਤੇ ਵੀ ਮਿਹਰ ਹੋ ਗਈ,
ਪੱਕਣ ਲੱਗ ਪਊ ਉਹਦੇ ਵੀ ਟੁੱਕ ਮੀਆਂ।
ਮਾਹਰ ਕਹਿਣ ਸਰਕਾਰ ਨੇ ਵਰਤ ਚੁਸਤੀ,
ਬਾਹਲੇ ਚਿੱਕੜ`ਤੇ ਪਾਈ ਆ ਸੁੱਕ ਮੀਆਂ।
ਹੋ ਗਿਆ ਵਜ਼ਨ ਦੇ ਨਾਲ ਜਦ ਊਠ ਕੁੱਬਾ,
ਉੱਪਰੋਂ ਦਿੱਤੀ ਗਈ ਛਾਨਣੀ ਚੁੱਕ ਮੀਆਂ।
-ਤੀਸ ਮਾਰ ਖਾਂ