ਅੱਜ-ਨਾਮਾ

pannu2881

ਕਰਤਾਰ ਸਿੰਘ ਨੇ ਕਿਹਾ ਬਈ ਤਿਲਕ ਚੰਦਾ,
ਕਿਉਂ ਨਹੀਂ ਲੀਡਰਾਂ ਨੂੰ ਆਉਂਦੀ ਸੰਗ ਬੇਲੀ।
ਕੀਤੇ ਕੰਮ ਗਿਣਵਾਉਣ ਬਈ ਜਦੋਂ ਲੱਗਣ,
ਟਾਕੀ ਆਉਂਦੇ ਅਸਮਾਨ ਵਿੱਚ ਟੰਗ ਬੇਲੀ।
ਉਹ ਤਾਂ ਕਰਦੇ ਤਰੱਕੀ ਲਈ ਕਥਾ ਰਹਿੰਦੇ,
ਕੀਤੀ ਜਨਤਾ ਮਹਿੰਗਾਈ ਪਈ ਤੰਗ ਬੇਲੀ।
ਇਹ ਹਨ ਏਦਾਂ ਦੀ ਪੇਸ਼ ਤਸਵੀਰ ਕਰਦੇ,
ਜੀਹਦੇ ਸੋਹਣੇ ਜਿਹੇ ਹੁੰਦੇ ਆ ਰੰਗ ਬੇਲੀ।
ਤਿਲਕ ਚੰਦ ਫਿਰ ਕਿਹਾ ਕਰਤਾਰ ਸਿੰਘਾ,
ਰੁੜ੍ਹ ਗਈ ਦੇਸ਼ ਦੀ ਲੱਗੇ ਤਕਦੀਰ ਬੇਲੀ।
ਦਿੱਸਦਾ ਸਾਨੂੰ ਅਨੇਰਾ ਪਿਆ ਚਹੁੰ ਕੂੰਟੀਂ,
ਦਿੱਸਦੀ ਉਨ੍ਹਾਂ ਨੂੰ ਸੁਦਰ ਤਸਵੀਰ ਬੇਲੀ।
-ਤੀਸ ਮਾਰ ਖਾਂ