ਅੱਜ-ਨਾਮਾ

pannu2881

ਵਾਧਾ ਘਾਟਾ ਵਜ਼ਾਰਤ ਦਾ ਕਰਨ ਮਗਰੋਂ,
ਮੋਦੀ ਪੁੱਜ ਗਿਆ ਚੀਨ ਸੀ ਝੱਟ ਮੀਆਂ।
ਜਾ ਕੇ ਦਾਗਿਆ ਜਿਹੜਾ ਬਿਆਨ ਉਹਨੇ,
ਮਾਰੀ ਅਸਲ ਟਿਕਾਣੇ ਫਿਰ ਸੱਟ ਮੀਆਂ।
ਦਹਿਸ਼ਤਗਰਦੀ ਦਾ ਚੁੱਕਿਆ ਜਾ ਮੁੱਦਾ,
ਜਿਹੜਾ ਕੋਈ ਵੀ ਸਕੇ ਨਾ ਕੱਟ ਮੀਆਂ।
ਬਾਕੀ ਮੁਲਕ ਹੁੰਗਾਰਾ ਜਿਹਾ ਭਰਨ ਲੱਗੇ,
ਕੀਤੀ ਕਿਸੇ ਨਹੀਂ ਇੱਫ ਜਾਂ ਬੱਟ ਮੀਆਂ।
ਵੇਖਿਆ ਵਕਤ, ਵਿਖਾਈ ਉਸ ਕੂਟਨੀਤੀ,
ਠਿੱਬੀ ਪਾਕਿ ਨੂੰ ਜਾਂਦਿਆਂ ਲਾ ਗਿਆ ਉਹ।
ਪਾਸਾ ਪਾਕਿ ਦਾ ਪੂਰ ਨਹੀਂ ਚੀਨ ਸਕਿਆ,
ਇੰਜ ਲੱਗੇ ਜਿਉਂ ਹਿੰਡ ਪੁਗਾ ਗਿਆ ਉਹ।
-ਤੀਸ ਮਾਰ ਖਾਂ