ਅੱਜ-ਨਾਮਾ

pannu2881

ਹਾਫਿਜ਼ ਸਈਦ ਹੁਣ ਚਾੜ੍ਹਿਆ ਚੰਨ ਤਾਜ਼ਾ,
ਕਰ ਲਈ ਪਾਰਟੀ ਸੁਣੀ ਉਸ ਖੜੀ ਬੇਲੀ।
ਮੁਸ਼ਕਲ ਪਹਿਲਾਂ ਹੀ ਬਹੁਤ ਸੀ ਲੀਡਰਾਂ ਨੂੰ,
ਹੋ ਜਾਊ ਹੋਰ ਮੁਸ਼ਕਲ ਲੱਗਦਾ ਬੜੀ ਬੇਲੀ।
ਚੁੱਕਿਆ ਹੋਣਾ ਸੀ ਉਹਨੂੰ ਅਮਰੀਕਨਾਂ ਨੇ,
ਸਰਕਾਰ ਰਹੀ ਇਹ ਟਾਲਦੀ ਘੜੀ ਬੇਲੀ।
ਖੂੰਜੇ ਉਨ੍ਹਾਂ ਨੂੰ ਲੱਗਾ ਫਿਰ ਲਾਉਣ ਓਹ ਹੀ,
ਤਿਕੜਮ ਜਿਨ੍ਹਾਂ ਤੋਂ ਉਹਨੇ ਸੀ ਪੜ੍ਹੀ ਬੇਲੀ।
ਉੱਡਿਆ ਕਈਆਂ ਦਾ ਓਥੇ ਸੀ ਰੰਗ ਪਹਿਲਾਂ,
ਉੱਡ ਗਿਆ ਹੋਰਨਾਂ ਦਾ ਸੁਣਿਆ ਰੰਗ ਬੇਲੀ।
ਪਾਲਿਆ ਸੱਪ ਸੀ ਜਿਹੜਾ ਗਵਾਂਢ ਦੇ ਲਈ,
ਮਾਰਨ ਘਰ ਦਿਆਂ ਨੂੰ ਤੁਰਿਆ ਡੰਗ ਬੇਲੀ।
-ਤੀਸ ਮਾਰ ਖਾਂ