ਅੱਜ-ਨਾਮਾ

pannu2881

ਆਈ ਚੰਦਰੀ ਜਿਹੀ ਕੋਈ ਗੇਮ ਸੁਣਿਆ,
ਜਿਹੜੀ ਮਰਨ ਦੇ ਲਈ ਉਕਸਾਈ ਜਾਵੇ।
ਮਾਈ-ਬਾਪ ਨੂੰ ਰਾਹ ਨਹੀਂ ਸਮਝ ਆਉਂਦਾ,
ਬਣੀ ਮੁਸ਼ਕਲ ਇਹ ਕਿੰਜ ਟਰਕਾਈ ਜਾਵੇ।
ਸਰਦਾ ਫੋਨ ਤੋਂ ਬਿਨਾਂ ਨਹੀਂ ਬੱਚਿਆਂ ਦਾ,
ਹਰ ਦਮ ਅੱਖ ਨਾ ਓਧਰ ਟਿਕਾਈ ਜਾਵੇ।
ਪੈ ਰਹੀ ਖੱਪ ਤਾਂ ਸੁਣਦੀ ਸਰਕਾਰ ਹੈ ਨਹੀਂ,
ਉਹ ਵੀ ਫਰਜ਼ਾਂ ਤੋਂ ਕੰਨੀ ਖਿਸਕਾਈ ਜਾਵੇ।
ਬਣਿਆ ਨੈੱਟ ਇਨਸਾਨਾਂ ਦੇ ਹਿੱਤ ਖਾਤਰ,
ਪੈ ਗਈ ਲਾਈਨ ਸੈ਼ਤਾਨ ਦੇ ਹੱਥ ਲੱਗਦੀ।
ਸੋਸ਼ਲ ਮੀਡੀਏ ਦਾ ਅੱਥਰਾ ਬਹੁਤ ਘੋੜਾ,
ਇਹਨੂੰ ਪੈਣੀ ਸੁਖਾਲੀ ਨਹੀਂ ਨੱਥ ਲੱਗਦੀ।
-ਤੀਸ ਮਾਰ ਖਾਂ