ਅੱਜ-ਨਾਮਾ

pannu2881

ਸੀਨਾਜ਼ੋਰੀ ਪਿਆ ਚੋਰੀ ਦੇ ਨਾਲ ਕਰਦਾ,
ਦੋਸ਼ ਹਿੰਦ `ਤੇ ਪਾਕਿ ਹੁਣ ਲਾਈ ਜਾਂਦਾ।
ਮੁੜ-ਮੁੜ ਨਿੱਤ ਸਮਝੌਤੇ ਨੂੰ ਤੋੜਦਾ ਈ,
ਰੁਕਿਆਂ ਬਿਨਾਂ ਵੀ ਗੋਲੀ ਵਰ੍ਹਾਈ ਜਾਂਦਾ।
ਗਲੀਓ-ਗਲੀ ਸੰਸਾਰ ਵਿੱਚ ਧਾੜ ਲਾ ਕੇ,
ਮਰਗੇ-ਮਰਗੇ ਦੀ ਖੱਪ ਵੀ ਪਾਈ ਜਾਂਦਾ।
ਵਹਿੰਦਾ ਭਾਰਤ ਦੇ ਲੋਕਾਂ ਦਾ ਖੂਨ ਏਧਰ,
ਆਪਣੇ ਲੋਕ ਵੀ ਨਾਲੇ ਮਰਵਾਈ ਜਾਂਦਾ।
ਨਾਵਾਂ ਮਗਰ ਤੇ ਪਿਆ ਸ਼ਰੀਫ ਲਿਖਿਆ,
ਆਈ ਫੇਰ ਸ਼ਰਾਫਤ ਨਹੀਂ ਕੋਲ ਮੀਆਂ।
ਸ਼ਕਲ ਮੋਮਨ, ਕਰਤੂਤ ਜਾਂ ਕਾਫਰਾਂ ਦੀ,
ਦਿੱਤੀ ਕੜ੍ਹੀ ਕਿਰਦਾਰ ਦੀ ਘੋਲ ਮੀਆਂ।
-ਤੀਸ ਮਾਰ ਖਾਂ