ਅੱਜ-ਨਾਮਾ

pannu2881

ਖਬਰ ਆਈ ਕਿ ਲਾਲੂ ਦੇ ਮਗਰ ਪੈ ਗਈ,
ਜਿਹੜੀ ਕੇਂਦਰ ਦੀ ਵੱਡੀ ਸਰਕਾਰ ਬੇਲੀ।
ਸੀ ਬੀ ਆਈ ਨੂੰ ਚਾੜ੍ਹਿਆ ਹੁਕਮ ਕਹਿੰਦੇ,
ਉਹ ਹੈ ਚੱਲ ਪਈ ਘੇਰਨ ਪਰਵਾਰ ਬੇਲੀ।
ਦਿੱਲੀਓਂ-ਦੱਖਣ ਦੇ ਤੀਕ ਹਨ ਪਏ ਛਾਪੇ,
ਹਿੱਲ ਗਿਆ ਜਾਪਦਾ ਰਾਜ ਬਿਹਾਰ ਬੇਲੀ।
ਲੀਡਰ ਭਾਜਪਾ ਦੇ ਖਬਰਾਂ ਵਿੱਚ ਛਾ ਗਏ,
ਬੋਲ-ਬਾਣੀ ਦੀ ਤਿੱਖੀ ਜਿਹੀ ਧਾਰ ਬੇਲੀ।
ਇਸ ਦੀ ਲਾਲੂ ਨੂੰ ਕੌੜ ਹੈ ਚੜ੍ਹੀ ਬਾਹਲੀ,
ਉਹ ਵੀ ਗੱਲ ਨਾ ਕਿਸੇ ਨੂੰ ਕਹਿਣ ਦੇਂਦਾ।
ਲੱਗਦੇ ਰਹਿੰਦੇ ਇਲਜ਼ਾਮ ਤਾਂ ਬੜੇ ਭਾਵੇਂ,
ਮੱਖੀ ਨੱਕ `ਤੇ ਕਦੀ ਨਹੀਂ ਬਹਿਣ ਦੇਂਦਾ।
-ਤੀਸ ਮਾਰ ਖਾਂ