ਅੱਜ-ਨਾਮਾ

pannu2881

ਥੈਰੇਸਾ ਮੇਅ ਨੂੰ ਮੇਅ ਨਾ ਰਾਸ ਆਇਆ,
ਵਗਿਆ ਉਲਟ ਮਹੀਨਾ ਹੈ ਮਈ ਮੀਆਂ।
ਪਹਿਲਾਂ ਮਈ ਵਿੱਚ ਪਛੜਨੀ ਸ਼ੁਰੂ ਹੋਈ,
ਮਗਰੋਂ ਜੂਨ ਵੀ ਉਲਟ ਸੀ ਗਈ ਮੀਆਂ।
ਭਾਰੀ ਜਿੱਤ ਲਈ ਘਰੋਂ ਸੀ ਤੁਰੀ ਬੀਬੀ,
ਸੁਫਨੇ ਬੀਬੀ ਨੇ ਵੇਖ ਲਏ ਕਈ ਮੀਆਂ।
ਪਹਿਲਾਂ ਵਾਲੀ ਮਜੌਰਟੀ ਰਹੀ ਨਹੀਂ ਸੀ,
ਮੁੜ ਕੇ ਜਿੱਤ ਵੀ ਝੋਲੀ ਨਾ ਪਈ ਮੀਆਂ।
ਉੱਤੋਂ ਲੋਕਾਂ ਦਾ ਬਦਲਿਆ ਮੂਡ ਵਾਹਵਾ,
ਗੁੱਸਾ ਕੱਢਣ ਨੂੰ ਨਿਕਲ ਨੇ ਆਏ ਮੀਆਂ।
ਆਖਣ, ਅਮਨ-ਕਾਨੂੰਨ ਦਾ ਹਾਲ ਮਾੜਾ,
ਇਸ ਤੋਂ ਦੇਸ਼ ਨਾ ਸਾਂਭਿਆ ਜਾਏ ਮੀਆਂ।
-ਤੀਸ ਮਾਰ ਖਾਂ