ਅੱਜ-ਨਾਮਾ

pannu2881

ਪਰਸੋਂ ਪੁਲਸ ਨੇ ਪੁਲਸੀਆ ਜਾ ਫੜਿਆ,
ਲੋਕਾਂ ਡਾਢਿਆਂ ਦਾ ਖਿਦਮਤਗਾਰ ਮੀਆਂ।
ਭਰਤੀ ਹੋਇਆ ਸਿਪਾਹੀ ਸੀ ਮਾਰ ਛਾਲਾਂ,
ਪਿੱਛੇ ਛੱਡ ਗਿਆ ਕਈ ਥਾਣੇਦਾਰ ਮੀਆਂ।
ਬੰਦਾ ਖਾਸ ਵਜ਼ੀਰਾਂ ਦਾ ਗਿਆ ਗਿਣਿਆ,
ਨਾਲ ਚਮਚਿਆਂ ਦੀ ਤਕੜੀ ਡਾਰ ਮੀਆਂ।
ਤੜਕੇ ਟੀਮ ਦਲਾਲਾਂ ਦੀ ਜਦੋਂ ਆਉਂਦੀ,
ਲੱਗਾ ਰਹਿੰਦਾ ਸੀ ਘਰੇ ਦਰਬਾਰ ਮੀਆਂ।
ਬਦਲੀ ਰੁੱਤ ਤਾਂ ਆ ਗਿਆ ਜਦੋਂ ਕਾਬੂ,
ਆਏ ਯਾਰ ਨਾ ਪੁੱਛਣ ਵੀ ਸੁੱਖ ਮੀਆਂ।
ਖਾਣ-ਪੀਣ ਦੇ ਬਹੁਤ ਹਨ ਯਾਰ ਹੁੰਦੇ,
ਪੈਣਾ ਭੁਗਤਣਾ `ਕੱਲੇ ਹੀ ਦੁੱਖ ਮੀਆਂ।
-ਤੀਸ ਮਾਰ ਖਾਂ