ਅੱਜ-ਨਾਮਾ

pannu2881

ਚੜ੍ਹ ਗਈ ਅਭੇ ਚੌਟਾਲੇ ਨੂੰ ਚਿੱਪ ਮੁੜ ਕੇ,
ਮੱਥਾ ਫੇਰ ਪੰਜਾਬ ਨਾਲ ਲਾਉਣ ਤੁਰਿਆ।
ਜਿਹੜੇ ਲਾਉਂਦੇ ਰਹੇ ਦੋਸ਼ ਸਨ ਲੱਖ ਵਾਰੀ,
ਉਹੀ ਦੂਸ਼ਣ ਹੈ ਫੇਰ ਦੁਹਰਾਉਣ ਤੁਰਿਆ।
ਕਰਦੀ ਕੱਖ ਨਾ ਖੱਟਰ ਸਰਕਾਰ ਕਹਿੰਦਾ,
ਸ਼ੋਭਾ ਆਪਣੀ ਆਪ ਹੈ ਗਾਉਣ ਤੁਰਿਆ।
ਕਹਿੰਦਾ ਲਾਂਘਾ ਪੰਜਾਬ ਦਾ ਰੋਕ ਦਿਆਂਗਾ,
ਭਜਨ ਲਾਲ ਦਾ ਦਾਅ ਲੜਾਉਣ ਤੁਰਿਆ।
ਜਿਸ ਦਾ ਬਾਪੂ ਤਿਹਾੜ ਦੀ ਜੇਲ੍ਹ ਅੰਦਰ,
ਬਿਨਾਂ ਬਾਦਲ ਤੋਂ ਚੋਣ ਨਾ ਲੜਨ ਜੋਗਾ।
ਮਜਮੇਬਾਜ਼ੀ ਤਾਂ ਕਰੇ ਪਿਆ ਲੱਖ ਵਾਰੀ,
ਹੋਣਾ ਕੁਰਸੀ ਦੇ ਪਾਵੇ ਨਾ ਫੜਨ ਜੋਗਾ।
-ਤੀਸ ਮਾਰ ਖਾਂ