ਅੱਜ ਦੇ ਹਾਲਾਤ

-ਸ਼ਾਮ ਸਿੰਘ

ਹਾਲ ਬੁਰਾ ਹੋਇਆ ਹੈ ਸਭ ਦੁਕਾਨਾਂ ਦਾ।
ਕੌਣ ਕਰੂ ਨਿਸਤਾਰਾ ਅੱਜ ਕਿਸਾਨਾਂ ਦਾ।

ਮਜ਼ਦੂਰਾਂ ਦੀ ਪੁੱਛ ਪ੍ਰਤੀਤ ਨਾ ਕਿਧਰੇ ਵੀ,
ਰਿਹਾ ਨਾ ਆਦਰ ਮਾਣ ਕਿਤੇ ਵਿਦਵਾਨਾਂ ਦਾ।

ਸਾਰਾ ਦੇਸ਼ ਅਵੇਸਲਾ ਹੋਇਆ ਫਿਰਦਾ ਹੈ,
ਘਾਣ ਹੋਈ ਜਾਂਦਾ ਹੱਦਾਂ ‘ਤੇ ਨਿੱਤ ਜਾਨਾਂ ਦਾ।

ਕਿਤੇ ਨਜ਼ਰ ਨਹੀਂ ਆਉਂਦੇ ਉਚੇ ਸੁੱਚੇ ਲੋਕ,
ਹਰ ਪਾਸੇ ਹੈ ਰਾਜ ਨਿਰੇ ਸ਼ੈਤਾਨਾਂ ਦਾ।

ਗੰਦੇ ਲੱਚਰ ਗੀਤ ਗੂੰਜਦੇ ਕੰਨਾਂ ਵਿੱਚ,
ਕਿੱਥੇ ਉਡ ਗਿਆ ਪੈੱਨ ਉਚ ਗੁਣਵਾਨਾਂ ਦਾ।

ਬੈਂਕਾਂ ਨੂੰ ਸੰਨ੍ਹ ਲਾਉਂਦੇ ਬੜੇ ਤਰੀਕੇ ਨਾਲ,
ਹਰ ਰੋਜ਼ ਪੜ੍ਹੋ ਵਰਤਾਰਾ ਅਕਲਵਾਨਾਂ ਦਾ।

ਬਾਲਾਂ ਤੱਕ ਗੇਅਰ ਘੁਮਾਈ ਜਾਂਦੇ ਗੱਡੀਆਂ ਦੇ,
ਰਹਿ ਗਿਆ ਕਿਧਰੇ ਦੂਰ ਯੁੱਗ ਰਥਵਾਨਾਂ ਦਾ।

ਅੰਦਰਲੀ ਸਭ ਆਨ ਗੁਆਚ ਗਈ ਮਿੱਤਰੋ,
ਸਮਾਂ ਆ ਗਿਆ ਬਾਹਰੀ ਆਨਾਂ ਸ਼ਾਨਾਂ ਦਾ।

ਪੂਰੀ ਜੈ-ਜੈ ਕਾਰ ਜਿਨ੍ਹਾਂ ਦੀ ਕੱਲ੍ਹ ਤੱਕ ਸੀ,
ਬੁਰਾ ਹਸ਼ਰ ਅੱਜ ਆਪ ਬਣੇ ਭਗਵਾਨਾਂ ਦਾ।

ਆਪੇ ਮਿੱਥੇ ਰੱਬ ਨੂੰ ਫਰਜ਼ੀ ਯਾਦ ਕਰਨ,
ਕੀ ਬਣੂ ਧਰਤੀ ‘ਤੇ ਇਨ੍ਹਾਂ ਮਹਿਮਾਨਾਂ ਦਾ।