ਅੱਗ ਲੱਗਣ ਨਾਲ 30 ਏਕੜ ਪੱਕੀ ਕਣਕ ਸੜ ਕੇ ਸੁਆਹ


ਗੁਰਦਾਸਪੁਰ, 16 ਅਪ੍ਰੈਲ (ਪੋਸਟ ਬਿਊਰੋ)- ਅੱਗ ਲੱਗਣ ਕਾਰਨ ਬਲਾਕ ਕਲਾਨੌਰ ਦੇ ਪਿੰਡ ਮਾਨੇਵਾਲ ਅਤੇ ਡੇਅਰੀਵਾਲ ਦੀਆਂ ਪੱਕੀਆਂ ਕਣਕਾਂ ਅੱਗ ਸੜ ਜਾਣ ਕਾਰਨ ਕਿਸਾਨਾਂ ਅੰਦਰ ਡਾਢੀ ਨਿਰਾਸ਼ਾ ਪਾਈ ਜਾ ਰਹੀ ਹੈ।
ਕੋਆਪਰੇਟਿਵ ਵਿੰਗ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਚੇਅਰਮੈਨ ਡਾਕਟਰ ਗੁਰਮੀਤ ਸਿੰਘ ਮਾਨੇਪੁਰ ਨੇ ਕੱਲ੍ਹ ਦੱਸਿਆ ਕਿ ਪਿੰਡ ਡੇਅਰੀਵਾਲ ਕਿਰਨ ਦੇ ਖੇਤਾਂ ਵਿੱਚ ਸ਼ਾਰਟ ਸਕਰਟ ਨਾਲ ਅੱਗ ਲੱਗਣ ਗਈ ਅਤੇ ਭਿਆਨਕ ਰੂਪ ਧਾਰਨ ਕਰ ਗਈ। ਇਸ ਮੌਕੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਪਰ ਫਾਇਰ ਬ੍ਰਿਗੇਡ ਮੌਕੇ ‘ਤੇ ਨਹੀਂ ਪੁੱਜ ਸਕਿਆ। ਜਿਸ ਕਾਰਨ ਪਿੰਡ ਡੇਅਰੀਵਾਲ ਅਤੇ ਮਾਨੇਪੁਰ ਸਮੇਤ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਵਾਹਨਾਂ ਰਾਹੀਂ ਪਾਣੀ ਪਾ ਕੇ ਅੱਗ ਦੀਆਂ ਤੇਜ ਲਪਟਾਂ ‘ਤੇ ਕਾਬੂ ਪਾਇਆ। ਕਲਾਨੌਰ ਥਾਣੇ ਦੇ ਪੁਲਸ ਇੰਸਪੈਕਟਰ ਨਿਰਮਲ ਸਿੰਘ ਨੇ ਮੌਕੇ ‘ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ। ਹਲਕਾ ਪਟਵਾਰੀ ਰਛਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਪਿੰਡਾਂ ਦੀ ਕਰੀਬ 25/30 ਏਕੜ ਪੱਕੀ ਕਣਕ ਸੜ ਗਈ ਹੈ। ਦੋਵਾਂ ਪਿੰਡਾਂ ਦੇ ਕਿਸਾਨਾਂ ਨੇ ਫਾਇਰ ਬ੍ਰਿਗੇਡ ਮੌਕੇ ‘ਤੇ ਨਾ ਪੁੱਜਣ ਕਾਰਨ ਰੋਸ ਪ੍ਰਗਟ ਕੀਤਾ ਗਿਆ। ਕਿਸਾਨਾਂ ਨੇ ਸਰਕਾਰ/ਪ੍ਰਸ਼ਾਸਨ ਕੋਲੋਂ ਸੜੀ ਕਣਕ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮੌਕੇ ਪੰਜਾਬ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਕਲਾਨੌਰ ਦੇ ਅਸ਼ਵਨੀ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗਣ ਦੀ ਘਟਨਾ ਸੰਬੰਧੀ ਉਹ ਜਾਇਜ਼ਾ ਲੈ ਰਹੇ ਹਨ।
ਇਸ ਦੌਰਾਨ ਜਿ਼ਲਾ ਮੁਕਤਸਰ ਦੇ ਪਿੰਡ ਥਾਂਦੇਵਾਲਾ ਦੇ ਕਿਸਾਨ ਮੰਦਰ ਸਿੰਘ, ਹਰਬੰਸ ਸਿੰਘ, ਸਰਤਾਜ ਸਿੰਘ ਅਤੇ ਹਕੂਮਤ ਸਿੰਘ ਦੀ ਲਗਭਗ ਦਸ ਏਕੜ ਖੜ੍ਹੀ ਕਣਕ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਦੋ ਏਕੜ ਟਾਂਗਰ ਸਮੇਤ ਕਰੀਬ 12 ਏਕੜ ਫਸਲ ਸੜ ਗਈ ਹੈ ਪਿੰਡ ਦੇ ਸਰਪੰਚ ਗੁਰਲਾਲ ਸਿੰਘ ਨੇ ਦੱਸਿਆ ਕਿ ਮੁਕਤਸਰ ਸਾਹਿਬ ਤੋਂ ਆਈਆਂ ਅੱਗ ਬੁਝਾਊ ਗੱਡੀਆਂ ਤੇ ਪਿੰਡ ਦੇ ਲੋਕਾਂ ਨੇ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ, ਜਿਸ ਸਦਕਾ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ। ਕਿਸਾਨ ਮੰਦਰ ਸਿੰਘ ਅਤੇ ਦੂਸਰੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।