ਅੰਮ੍ਰਿਤਸਰ ਜ਼ਮੀਨ ਘੁਟਾਲਾ ਕੇਸ ਵਿੱਚ ਅਮਰਿੰਦਰ ਸਣੇ ਕਈ ਦੋਸ਼ੀ ਗੈਰ ਹਾਜ਼ਰ ਰਹੇ


ਮੁਹਾਲੀ, 12 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ 32 ਏਕੜ ਜ਼ਮੀਨ ਦੇ ਘੁਟਾਲੇ ਵਿੱਚ ਨਾਮਜ਼ਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਦੋਸ਼ੀ ਕੱਲ੍ਹ ਕੇਸ ਦੀ ਪੇਸ਼ੀ ਮੌਕੇ ਗੈਰ ਹਾਜ਼ਰ ਰਹੇ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੀ ਫਲਾਈਟ ਲੇਟ ਹੋਣ ਕਾਰਨ ਅਦਾਲਤ ਨਹੀਂ ਪਹੁੰਚ ਸਕੇ। ਕੱਲ੍ਹ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਕੀਲਾਂ ਰਾਹੀਂ ਅਰਜ਼ੀ ਦਾਇਰ ਕਰ ਕੇ ਸਰਕਾਰੀ ਰੁਝੇਵੇਂ ਕਾਰਨ ਪੇਸ਼ੀ ਤੋਂ ਛੋਟ ਮੰਗੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਇਸੇ ਤਰ੍ਹਾਂ ਰਜਿੰਦਰ ਸ਼ਰਮਾ, ਬਲਜੀਤ ਸਿੰਘ, ਰਾਜੀਵ ਭਗਤ ਅਤੇ ਰੋਹਿਤ ਸ਼ਰਮਾ ਨੇ ਅਰਜ਼ੀਆਂ ਦਾਇਰ ਕਰ ਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ, ਜਿਨ੍ਹਾਂ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ।
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੇ ਵਕੀਲ ਰਾਜੇਸ਼ ਗੁਪਤਾ ਨੇ ਕੇਸ ਨਾਲ ਸੰਬੰਧਤ ਕੁਝ ਜ਼ਰੂਰੀ ਦਸਤਾਵੇਜ਼ਾਂ ਦੀਆਂ ਕਾਪੀਆਂ ਲੈਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਤੇ ਮੰਗ ਕੀਤੀ ਕਿ ਵਿਜੀਲੈਂਸ ਵੱਲੋਂ ਕੇਸ ਰੱਦ ਕਰਨ ਦੀ ਨਵੇਂ ਸਿਰਿਓਂ ਦਿੱਤੀ ਰਿਪੋਰਟ ਤੇ ਬੀਰਦਵਿੰਦਰ ਸਿੰਘ ਵੱਲੋਂ ਦਾਇਰ ਅਰਜ਼ੀ, ਜਿਸ ਵਿੱਚ ਉਨ੍ਹਾਂ ਨੇ ਕੇਸ ਦਾ ਸਰਕਾਰੀ ਗਵਾਹ ਬਣਨ ਦੀ ਪੇਸ਼ਕਸ਼ ਕੀਤੀ ਹੈ, ਬਾਰੇ ਵਿਜੀਲੈਂਸ ਵੱਲੋਂ ਆਏ ਇਤਰਾਜ਼ ਦੀ ਕਾਪੀ ਦਿੱਤੀ ਜਾਵੇ ਤਾਂ ਕਿ ਉਹ ਸੁਣਵਾਈ ਦੌਰਾਨ ਬਹਿਸ ਕਰ ਸਕਣ। ਇਸ ਦਾ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਵਿਰੋਧ ਕਰਦਿਆਂ ਕਿਹਾ ਕਿ ਬੀਰਦਵਿੰਦਰ ਸਿੰਘ ਨੂੰ ਅਜੇ ਤੱਕ ਅਦਾਲਤ ਨੇ ਧਿਰ ਨਹੀਂ ਬਣਾਇਆ, ਇਸ ਲਈ ਉਹ ਕਾਨੂੰਨੀ ਤੌਰ ‘ਤੇ ਕੇਸ ਨਾਲ ਸੰਬੰਧਤ ਕੋਈ ਅਹਿਮ ਦਸਤਾਵੇਜ਼ ਲੈਣ ਦੇ ਹੱਕਦਾਰ ਨਹੀਂ ਹਨ। ਅਦਾਲਤ ਨੇ ਸਰਕਾਰੀ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਬੀਰਦਵਿੰਦਰ ਦੇ ਵਕੀਲ ਨੂੰ ਕਿਹਾ ਕਿ ਨਿਯਮਾਂ ਅਨੁਸਾਰ ਉਹ ਕੇਸ ਨਾਲ ਜੁੜੇ ਦਸਤਾਵੇਜ਼ ਨਹੀਂ ਲੈ ਸਕਦੇ। ਇਸ ‘ਤੇ ਵਕੀਲ ਰਾਜੇਸ਼ ਗੁਪਤਾ ਨੇ ਹਾਈ ਕੋਰਟ ਦੇ ਕਿਸੇ ਫੈਸਲੇ ਦਾ ਹਵਾਲਾ ਦਿੰਦਿਆਂ ਦਲੀਲ ਦਿੱਤੀ ਕਿ ਉਹ ਦਸਤਾਵੇਜ਼ ਲੈ ਸਕਦੇ ਹਨ। ਅਦਾਲਤ ਨੇ ਵਕੀਲ ਰਾਜੇਸ਼ ਗੁਪਤਾ ਨੂੰ 16 ਅਪ੍ਰੈਲ ਅਗਲੀ ਸੁਣਵਾਈ ਨੂੰ ਹਾਈ ਕੋਰਟ ਦਾ ਹੁਕਮ ਪੇਸ਼ ਕਰਨ ਦਾ ਸਮਾਂ ਦਿੰਦਿਆਂ ਆਦੇਸ਼ ਜਾਰੀ ਕੀਤਾ ਕਿ ਅਗਲੇ ਹੁਕਮਾਂ ਤੱਕ ਬੀਰਦਵਿੰਦਰ ਸਿੰਘ ਜਾਂ ਉਸ ਦੇ ਵਕੀਲ ਨੂੰ ਕੇਸ ਨਾਲ ਜੁੜਿਆ ਕੋਈ ਅਹਿਮ ਦਸਤਾਵੇਜ਼ (ਜਿਸ ਸੰਬੰਧੀ ਅਰਜ਼ੀ ਦਾਇਰ ਕੀਤੀ ਗਈ) ਨਾ ਦਿੱਤਾ ਜਾਵੇ।