ਅੰਮ੍ਰਿਤਸਰ ਹਵਾਈ ਅੱਡੇ ਉੱਤੇ ਲਾਵਾਰਸ ਬੈਗ ਮਿਲਣ ਕਾਰਨ ਭਾਜੜ ਮੱਚੀ ਰਹੀ

bagਰਾਜਾਸਾਂਸੀ, 15 ਮਾਰਚ, (ਪੋਸਟ ਬਿਊਰੋ)- ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਉੱਤੇ ਅੱਜ ਏਥੇ ਤਾਇਨਾਤ ਸੁਰੱਖਿਆ ਬਲਾਂ ਵਿੱਚ ਉਸ ਸਮੇਂ ਭਾਜੜ ਪੈ ਗਈ ਜਦ ਉਨ੍ਹਾਂ ਕਾਰ ਪਾਰਕਿੰਗ ਵਿੱਚ ਇਕ ਲਾਵਾਰਸ ਸੂਟ ਕੇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਤੇ ਉਸ ਬੈਗ ਦਾ ਕੋਈ ਵਾਰਸ ਸਾਹਮਣੇ ਨਹੀਂ ਆਇਆ।
ਮਿਲ ਸਕੀ ਜਾਣਕਾਰੀ ਅਨੁਸਾਰ ਸਵੇਰੇ 6.50 ਵਜੇ ਤੁਰਕਮੇਨਿਸਤਾਨ ਤੋਂ ਆਏ ਹਵਾਈ ਜਹਾਜ਼ ਦੇ ਯਾਤਰੂ ਜਦੋਂ ਆਪਣੇ ਘਰਾਂ ਨੂੰ ਜਾ ਰਹੇ ਸਨ ਤਾਂ ਕਾਰ ਪਾਰਕਿੰਗ ਵਿੱਚ ਇਕ ਲਾਵਾਰਸ ਸੂਟ ਕੇਸ ਦੀ ਸੂਚਨਾ ਮਿਲੀ। ਕੁਝ ਸਮਾਂ ਪੁੱਛ ਪੜਤਾਲ ਮਗਰੋਂ ਉਕਤ ਸੂਟ ਕੇਸ ਉੱਤੇ ਕਿਸੇ ਯਾਤਰੂ ਨੇ ਆਪਣਾ ਹੱਕ ਨਾ ਜਤਾਇਆ। ਇਸ ਤੋਂ ਬਾਅਦ ਇਥੇ ਤਾਇਨਾਤ ਸੁਰੱਖਿਆ ਫ਼ੋਰਸ ਨੇ ਕਾਰ ਪਰਕਿੰਗ ਨੂੰ ਖਾਲੀ ਕਰਵਾ ਦਿੱਤਾ ਤੇ ਸੂਟਕੇਸ ਸਬੰਧੀ ਹੋਰ ਬਾਰੀਕੀ ਨਾਲ ਘੋਖ ਸ਼ੁਰੂ ਕੀਤੀ ਤਾਂ ਇਸ ਵਿੱਚ ਘੜੀ ਚੱਲਣ ਦੀ ਆਵਾਜ਼ ਉਨ੍ਹਾਂ ਦੇ ਕੰਨੀ ਪਈ। ਇਸ ਤੋਂ ਕਿਆਸ ਲਾਇਆ ਗਿਆ ਕਿ ਸ਼ਾਇਦ ਇਸ ਵਿੱਚ ‘ਟਾਈਮ ਬੰਬ’ ਹੋਵੇ। ਹੋਰ ਸੰਜੀਦਗੀ ਨਾਲ ਵੇਖਣ ਲਈ ਖੋਜੀ ਕੁੱਤਿਆਂ ਦੀ ਮਦਦ ਲਈ ਗਈ ਤਾਂ ਉਨ੍ਹਾਂ ਵੀ ਇਸ ਸੂਟ ਵਿੱਚ ਸ਼ੱਕੀ ਸਮੱਗਰੀ ਹੋਣ ਦੀ ਪੁਸ਼ਟੀ ਦਾ ਹੁੰਗਾਰਾ ਭਰਿਆ।
ਇਸ ਦੇ ਬਾਅਦ ਜਦੋਂ ਸੂਟ ਕੇਸ ਵਿਚਲੇ ਸ਼ੱਕੀ ਬੰਬ ਨੂੰ ਨਕਾਰਾ ਕਰਨ ਲਈ ਜਲੰਧਰ ਤੋਂ ਵਿਸ਼ੇਸ਼ ਟੀਮ ਸੱਦੀ ਗਈ ਤੇ ਇਸ ਨੂੰ ਕਿਸੇ ਖਾਲੀ ਥਾਂ ਨਕਾਰਾ ਕਰਨ ਲਈ ਲੈ ਕੇ ਜਾਣ ਲੱਗੇ ਤਾਂ ਇਸ ਸੂਟ ਕੇਸ ਦੇ ਮਾਲਕ, ਜੋ ਉਕਤ ਉਡਾਨ ਰਾਹੀਂ ਆਸ਼ਿਕਾਬਾਦ ਪੁੱਜ ਗਿਆ ਸੀ, ਨੇ ਟੈਲੀਫ਼ੋਨ ਰਾਹੀਂ ਸੰਪਰਕ ਕੀਤਾ ਕਿ ਉਸ ਦਾ ਸੂਟਕੇਸ ਹਵਾਈ ਅੱਡੇ ਉੱਤੇ ਗੁੰਮ ਹੋ ਗਿਆ ਹੈ। ਇਸ ਪਿੱਛੋਂ ਸੁਰੱਖਿਆ ਫੋਰਸ ਨੂੰ ਸੁੱਖ ਦਾ ਸਾਹ ਆਇਆ।
ਅਸਲ ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਸ਼ਮੀਪੁਰ ਦੇ ਬ੍ਰਿਟੇਨ ਵਿੱਚ ਰਹਿੰਦੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਾਹਲੀ ਵਿੱਚ ਸਮਾਨ ਦੀ ਢੋਆ-ਢੁਆਈ ਵੇਲੇ ਟਰਾਲੀ ਤੋਂ ਉਸ ਦਾ ਸੂਟ ਕੇਸ ਡਿੱਗ ਪਿਆ ਤਾਂ ਇਸ ਦਾ ਪਤਾ ਨਹੀਂ ਸੀ ਲੱਗਾ। ਉਕਤ ਸੂਟ ਕੇਸ ਵਿਚਲੇ ਸਮਾਨ ਬਾਰੇ ਸੀ ਆਈ ਐਸ ਐਫ ਦੇ ਕਮਾਂਡੈਂਟ ਵਿਸ਼ਾਲ ਦੂਬੇ ਨੇ ਦੱਸਿਆ ਕਿ ਉਸ ਸ਼ੱਕੀ ਸੂਟ ਕੇਸ ਵਿਚੋਂ ਇਕ ਐਚ ਟੀ ਸੀ ਮੋਬਾਈਲ, ਚਾਰਜਰ, ਦੋ ਘੜੀਆਂ, ਕੁਝ ਦਵਾਈਆਂ, ਬੁਰਸ਼, ਪੈਨ, ਸੋਨੇ ਦੇ ਕਾਂਟੇ, ਤਿੰਨ ਹਜ਼ਾਰ ਰੁਪਏ ਦੇ ਪੁਰਾਣੇ ਨੋਟ, ਦੋ ਮਾਸਟਰ ਕਾਰਡ, ਇਕ ਲਾਇਸੰਸ ਤੇ ਹੋਰ ਜ਼ਰੂਰੀ ਕਾਗਜ਼ ਮਿਲੇ ਹਨ, ਜਿਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ।