ਅੰਮ੍ਰਿਤਸਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨੂੰ ਪੁਲਸ ਮੁਕਾਬਲੇ ਦਾ ਡਰ ਪਿਆ


ਅੰਮ੍ਰਿਤਸਰ, 11 ਜੂਨ (ਪੋਸਟ ਬਿਊਰੋ)- ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਕੋਈ ਵਿਅਕਤੀ ਪੁਲਸ ਤੋਂ ਉਨ੍ਹਾਂ ਦਾ ਐਨਕਾਊਂਟਰ ਕਰਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 17 ਮਈ ਦੀ ਦੁਪਹਿਰ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਐਨਕਾਊਂਟਰ ਹੁੰਦੇ ਹੁੰਦੇ ਰਹਿ ਗਿਆ। ਇਸ ਘਟਨਾ ਪਿੱਛੋਂ ਉਨ੍ਹਾਂ ਨੂੰ ਡਰ ਲੱਗਣ ਲੱਗਾ ਹੈ ਕਿ ਪੁਲਸ ਕਿਸੇ ਵੀ ਸਮੇਂ ਉਨ੍ਹਾਂ ਦਾ ਕਤਲ ਕਰ ਸਕਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ।
ਇਸ ਮਹਾਨਗਰ ਦੀ ਰਣਜੀਤ ਐਵੇਨਿਊ ਦੇ ਈ ਬਲਾਕ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਉਹ ਰੀਅਲ ਅਸਟੇਟ ਦਾ ਕਾਰੋਬਾਰ ਕਰਦਾ ਹੈ। 17 ਮਈ ਦੁਪਹਿਰ ਉਹ ਆਪਣੀ ਕਾਰ ਵਿੱਚ ਤਰਨ ਤਾਰਨ ਵੱਲ ਗਏ ਸਨ। ਉਨ੍ਹਾਂ ਦੇ ਨਾਲ ਸਾਬਕਾ ਕੌਂਸਲਰ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਪੀ ਏ ਲਵਜੀਤ ਸਿੰਘ, ਡਰਾਈਵਰ ਰਿੰਕਾ, ਸੁਖਬੀਰ ਸਿੰਘ ਅਤੇ ਮਨਜੀਤ ਸਿੰਘ ਸਨ। ਉਨ੍ਹਾਂ ਦੇ ਘਰੋਂ ਨਿਕਲਦੇ ਸਾਰ ਇੱਕ ਵਰਨਾ ਕਾਰ ਨੇ ਉਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਜੰਡਿਆਲਾ ਗੁਰੂ ਦੇ ਬੰਡਾਲਾ ਪਿੰਡ ਨੇੜੇ ਕਾਰ ਦੇ ਨਾਲ ਸੱਤ-ਅੱਠ ਹੋਰ ਗੱਡੀਆਂ ਉਨ੍ਹਾਂ ਦੇ ਪਿੱਛੇ ਲੱਗ ਗਈਆਂ। ਕੁਝ ਦੂਰ ਜਾ ਕੇ ਪੁਲਸ ਦਾ ਭਾਰੀ ਨਾਕਾ ਲੱਗਾ ਹੋਇਆ ਸੀ। ਬੰਡਾਲਾ ਦੇ ਨੇੜੇ ਇੱਕ ਇੱਕ ਨਾਕੇ ‘ਤੇ ਉਨ੍ਹਾਂ ਦੀ ਪਛਾਣ ਵਾਲਾ ਸਬ ਇੰਸਪੈਕਟਰ ਸੀ, ਉਥੇ 50-60 ਮੁਲਾਜ਼ਮਾਂ ਨੇ ਉਨ੍ਹਾਂ ਨੂੰ ਘੇਰ ਕੇ ਪਿਸਤੌਲਾਂ ਤਾਣ ਦਿੱਤੀਆਂ। ਉਨ੍ਹਾਂ ਵਿੱਚੋਂ ਇੱਕ ਸਬ ਇੰਸਪੈਕਟਰ ਉਨ੍ਹਾਂ ਦਾ ਜਾਣ ਪਛਾਣ ਵਾਲਾ ਸੀ, ਜਿਸ ਨੇ ਉਨ੍ਹਾਂ ਨੂੰ ਪਛਾਣਦੇ ਹੋਏ ਡੀ ਐੱਸ ਪੀ ਹਰਪ੍ਰੀਤ ਸਿੰਘ ਅਤੇ ਪੁਲਸ ਪਾਰਟੀ ਨੂੰ ਜਾਣਕਾਰੀ ਦਿੱਤੀ ਕਿ ਕਾਰ ਵਿੱਚ ਗੈਂਗਸਟਰ ਨਹੀਂ ਹੈ। ਫਿਰ ਇੰਸਪੈਕਟਰ ਸੰਜੀਵ ਕੁਮਾਰ ਨੂੰ ਪੁਲਸ ਅਧਿਕਾਰੀ ਨੇ ਕਾਰ ਚੈੱਕ ਕਰਨ ਦਾ ਹੁਕਮ ਦਿੱਤਾ। ਪੁਲਸ ਟੀਮ ਨੇ ਕਾਰ ਵਿੱਚ ਸਵਾਰ ਸਾਰੇ ਲੋਕਾਂ ਦੇ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਹੋਰ ਦਸਤਾਵੇਜ਼ ਚੈੱਕ ਕਰ ਕੇ ਅੱਗੇ ਜਾਣ ਦਿੱਤਾ। ਮੌਕੇ ‘ਤੇ ਮੌਜੂਦ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਉਨ੍ਹਾਂ ਦੀ ਕਾਰ ਦਾ ਨੰਬਰ ਦੱਸ ਕੇ ਐਨਕਾਊਂਟਰ ਕਰਨ ਦਾ ਹੁਕਮ ਮਿਲਿਆ ਸੀ। ਇਸ ਬਾਰੇ ਅੰਮ੍ਰਿਤਸਰ ਦੇ ਐੱਸ ਪੀ (ਡੀ) ਹਰਪਾਲ ਸਿੰਘ ਦਾ ਕਹਿਣਾ ਹੈ ਕਿ ਘਟਨਾ ਵਾਲੇ ਦਿਨ ਕਿਸੇ ਵਾਰਦਾਤ ਕਰ ਕੇ ਨਾਕੇਬੰਦੀ ਕੀਤੀ ਹੋਈ ਸੀ। ਗੁਰਪ੍ਰੀਤ ਰੰਧਾਵਾ ਨੂੰ ਰੋਕਿਆ ਸੀ, ਪਰ ਪਛਾਣ ਕਰਨ ਪਿੱਛੋਂ ਉਸ ਨੂੰ ਜਾਣ ਦਿੱਤਾ ਸੀ। ਫਿਰ ਗੁਰਪ੍ਰੀਤ ਨੇ 181 ਨੰਬਰ ਉੱਤੇ ਸ਼ਿਕਾਇਤ ਵੀ ਕੀਤੀ ਸੀ, ਜਿਸ ਦੀ ਜਾਂਚ ਡੀ ਐੱਸ ਪੀ ਨੇ ਕਰ ਕੇ ਰਿਪੋਰਟ ਭੇਜ ਦਿੱਤੀ ਸੀ।