ਅੰਮ੍ਰਿਤਧਾਰੀ ਸਿੱਖ ਛੋਟੀ ਕਿਰਪਾਨ ਨਾਲ ਹਵਾਈ ਸਫਰ ਕਰ ਸਕਣਗੇ

6 ਨਵੰਬਰ, (ਪੋਸਟ ਬਿਊਰੋ)- ਵਿਸ਼ਵ ਸਿੱਖ ਸੰਸਥਾ  (WSO) ਕੈਨੇਡਾ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਊਡਾਣਾਂ ਤੇ 6 ਸੈਂਟੀਮੀਟਰ ਦੀ ਲੰਬਾਈ ਦੇ ਬਲੇਡ ਦੀ ਆਗਿਆ ਦੇਣ ਵਾਲੇ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੀ ਹੈ। 6 ਸੈਂਟੀਮੀਟਰ ਤਕ ਦੇ ਬਲੇਡਾਂ ਵਾਲੀਆਂ ਕਿਰਪਾਨਾਂ ਨੂੰ ਹੁਣ ਅੰਮ੍ਰਿਤਧਾਰੀ ਸਿੱਖ ਸੱਜਾ ਕੇ ਸਫਰ ਕਰ ਸਕਣਗੇ।
ਅੱਜ ਦੇ ਐਲਾਨ ਅਨੁਸਾਰ ਟਰਾਂਸਪੋਰਟ ਕੈਨੇਡਾ ਨੇ ਵਰਜਿਤ ਚੀਜ਼ਾਂ ਦੀ ਸੂਚੀ ਵਿੱਚ ਸੋਧ ਕੀਤੀ ਹੈ ਤਾਂ ਜੋ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਉਡਾਨਾਂ ਤੇ ਛੋਟੇ ਬਲੇਡ (6 ਸੈਂਟੀਮੀਟਰ ਤੋਂ ਘਟ) ਦੀ ਪਾਬੰਦੀ ਨਹੀ ਹੋਵੇਗੀ।
ਇਹ ਛੋਟ ਅਮਰੀਕਾ ਨੂੰ ਜਾਣ ਵਾਲੀ ਕਿਸੇ ਵੀ ਉਡਾਣ ਤੇ ਲਾਗੂ ਨਹੀ ਹੋਵੇਗੀ।
ਯੂਕੇ ਵਿੱਚ ਸਿੱਖਾਂ ਨੂੰ ਪਹਿਲਾਂ ਹੀ ਯੂਰਪੀ ਯੂਨੀਅਨ ਦੇ ਮਿਆਰ ਅਨੁਸਾਰ ਕੁੱਝ ਸਮੇ ਤੋਂ 6 ਸੈਂਟੀਮੀਟਰ ਤੱਕ ਦੇ ਬਲੇਡ ਵਾਲੀ ਕਿਰਪਾਨ ਨਾਲ ਹਵਾਈ ਸਫਰ ਕਰਨ ਦੀ ਆਗਿਆ ਦਿੱਤੀ ਗਈ ਸੀ।
ਡਬਲਯੂ ਐਸ ਓ ਦੇ ਪ੍ਰਧਾਨ ਸ੍ਰ ਮੁਖਬੀਰ ਸਿੰਘ ਨੇ ਕਿਹਾ, “ਅਸੀਂ ਅੱਜ ਦੇ ਐਲਾਨ ਦਾ ਸਵਾਗਤ ਕਰਦੇ ਹਾਂ। ਅਸੀ ਕੁਝ ਮਹੀਨੇ ਪਹਿਲਾਂ ਟਰਾਂਸਪੋਰਟ ਕੈਨੇਡਾ ਨਾਲ ਛੋਟੀਆ ਕਿਰਪਾਨਾਂ ਦੀ ਮਨਜ਼ੂਰੀ ਬਾਰੇ ਅਪਣੇ ਵੀਚਾਰ ਸਾਂਝੇ ਕੀਤੇ ਸਨ ਅਤੇ ਇਸ ਮਸਲੇ ਦੇ ਸੰਬੰਧ ਵਿੱਚ ਉਨ੍ਹਾਂ ਨਾਲ ਗੱਲਬਾਤ ਜਾਰੀ ਰੱਖੀ ਸੀ।ਇਸ ਫੈਸਲੇ ਨਾਲ ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਯਾਤਰੂ ਛੋਟੀਆਂ ਕਿਰਪਾਨਾਂ, ਜਿਹਨਾਂ ਦੇ ਬਲੇਡ 6 ਸੈਂਟੀਮੀਟਰ ਤੋਂ ਘਟ ਹੋਣਗੇ, ਸੱਜਾ ਕੇ ਸਫਰ ਕਰ ਸਕਣਗੇ। ਇਹ ਧਿਆਨ ਰਖਣਾ ਜਰੂਰੀ ਹੈ ਕਿ ਆਕਾਰ ਦੀ ਆਗਿਆ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਸਹੀ ਲੰਬਾਈ ਵਾਲੀ ਕਿਰਪਾਨ ਨਾਲ ਹੀ ਸਫਰ ਕਰਨ ਦਿੱਤਾ ਜਾਵੇਗਾ।”
ਵਿਸ਼ਵ ਸਿੱਖ ਸੰਸਥਾ  (WSO) ਇਕ ਨਾਂ-ਮੁਨਾਫ਼ਾ ਸੰਸਥਾ ਹੈ ਜੋ ਕਨੇਡਾ ਦੇ ਸਿੱਖਾਂ ਦੇ ਹਿਤਾਂ ਨੂੰ ਮਹਿਫ਼ੂਜ਼ ਰਖਣ ‘ਤੇ ਇਨ੍ਹਾਂ ਦੀ ਪ੍ਰੌੜਤਾ ਦੇ ਨਾਲ ਨਾਲ ਸਾਰੇ ਹੀ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਹੈ ਭਾਂਵੇਂ ਉਹ ਕਿਸੇ ਵੀ ਨਸਲ, ਧਰਮ, ਲਿੰਗ, ਸੱਭਿਆਚਾਰ, ਸਮਾਜਕ ਜਾਂ ਆਰਥਕ ਪੱਧਰ ਨਾਲ ਸਬੰਧ ਰਖਦੇ ਹੋਣ।