ਅੰਬਰਸਰ ਦਾ ਬਦਲਿਆ ਮੁਹਾਂਦਰਾ

-ਪ੍ਰੋ. ਨਵ ਸੰਗੀਤ ਸਿੰਘ
ਪੰਜਾਹ ਸਾਲ ਪਹਿਲਾਂ ਜਦੋਂ ਯਾਤਰੀ ਅੰਮ੍ਰਿਤਸਰ ਜਾਂਦੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਇੱਛਾ ਹੁੰਦੀ ਸੀ ਕਿ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਜਾਵੇ ਤੇ ਪਿੱਛੋਂ ਕੋਈ ਹੋਰ ਕਾਰਜ ਕੀਤਾ ਜਾਵੇ। ਅਜੋਕੇ ਹਾਲਤ ਇਹ ਹਨ ਕਿ ਅੰਮ੍ਰਿਤਸਰ ਦਾ ਸਰੂਪ ਬਿਲਕੁਲ ਬਦਲ ਚੁੱਕਾ ਹੈ। ਬਕੌਲ ਖੁਸ਼ਵੰਤ ਕੰਵਲ-

ਜਿਸ ਨੂੰ ਵੀ ਦਿਖਲਾਈਦਾ ਹੈ ਅੰਬਰਸਰ
ਬਹੁਤਾ ਕੁਝ ਛੁਪਾਈਦਾ ਹੈ ਅੰਬਰਸਰ।
ਭੋਲੇਪਣ ਦਾ ਕੰਮ ਨਹੀਂ ਨਾ ਸ਼ਰਧਾ ਦਾ
ਬਹੁਤਾ ਕੰਮ ਚਤਰਾਈ ਦਾ ਹੈ ਅੰਬਰਸਰ।
ਹੁਣ ਨਾ ਪਹਿਲਾਂ ਵਾਲੀਆਂ ਗੱਲਾਂ ਰਹੀਆਂ ਨੇ
ਹੁਣ ਤਾਂ ਵਕਤ ਟਪਾਈਦਾ ਹੈ ਅੰਬਰਸਰ।
ਕਰ-ਕਰ ਗੱਲਾਂ ਯਾਦ, ਪੁਰਾਣੇ ਵੇਲੇ ਨੂੰ
ਮੁੜ-ਮੁੜ ਕੇ ਦੁਹਰਾਈਦਾ ਹੈ ਅੰਬਰਸਰ।

ਸ਼ਹਿਰ ਵਿੱਚ ਦਾਖਲ ਹੁੰਦਿਆ ਹੀ ਭਾਂਤ-ਭਾਂਤ ਦੀਆਂ ਦੁਕਾਨਾਂ ਤੇ ਦੁਕਾਨਦਾਰ ਸਾਨੂੰ ਭਰਮਾਉਂਦੇ ਆਵਾਜ਼ਾਂ ਦਿੰਦੇ ਹਨ ਤੇ ਜੀਅ ਮੱਲੋ ਮਲੀ ਉਨ੍ਹਾਂ ਕੋਲੋਂ ਚੀਜ਼ਾਂ ਖਰੀਦਣ ਨੂੰ ਕਰਦਾ ਹੈ। ਅੰਮ੍ਰਿਤਸਰ ਹਰ ਘੜੀ, ਹਰ ਪਲ ਬਦਲ ਰਿਹਾ ਹੈ। ਮੈਂ ਪਿਛਲੇ ਦਸ ਕੁ ਸਾਲਾਂ ਤੋਂ ਹਰ ਸਾਲ ਪਰਵਾਰ ਸਮੇਤ ਅੰਮ੍ਰਿਤਸਰ ਜਾਂਦਾ ਹਾਂ ਤੇ ਹਰ ਵਾਰ ਉਥੇ ਨਵੀਂ ਤਬਦੀਲੀ ਵੇਖਦਾ ਹਾਂ। ਬਾਜ਼ਾਰਾਂ ‘ਚ ਤਬਦੀਲੀ, ਗੁਰੂ ਘਰਾਂ ਦੀਆਂ ਇਮਾਰਤਾਂ ‘ਚ ਤਬਦੀਲੀ ਤੇ ਹੋਰ ਵੀ ਕਈ ਕੁਝ। ਪਿਛਲੇ ਵਰ੍ਹੇ ਜਦੋਂ ਮੈਂ ਦਰਬਾਰ ਸਾਹਿਬ ਗਿਆ ਤਾਂ ‘ਗੁਰਮਤਿ ਪ੍ਰਕਾਸ਼’ ਦੇ ਦਫਤਰ ਅਤੇ ਕਈ ਹੋਰ ਥਾਵਾਂ ਪਹਿਲੀ ਵਾਰ ਵੇਖੀਆਂ ਸਨ। ਐਤਕੀਂ ਤਾਂ ਲਗਭਗ ਹਰ ਥਾਂ ਨਵੀਨਤਾ ਦੀ ਝਲਕ ਪੈਂਦੀ ਸੀ।
ਇਸ ਵਾਰ ਬੱਸ ਸਟੈਂਡ ਤੋਂ ਰਿਕਸ਼ੇ ਵਾਲਾ ਸਾਨੂੰ ਜਿਹੜੇ ਬਾਜ਼ਾਰ ‘ਚੋਂ ਲੈ ਕੇ ਗਿਆ, ਪਹਿਲਾਂ ਕਦੇ ਇੱਧਰੋਂ ਨਹੀਂ ਸੀ ਲੰਘੇ। ਰਿਕਸ਼ਿਆਂ ‘ਚ ਬੈਠਣ ਦੇ ਰੇਟ ਕਰੀਬ ਪਹਿਲਾਂ ਜਿੰਨੇ ਹਨ, 10 ਰੁਪਏ ਪ੍ਰਤੀ ਸਵਾਰੀ। ਭੀੜੇ ਬਾਜ਼ਾਰਾਂ ‘ਤੋਂ ਆਸਪਾਸ ਦੀਆਂ ਮੋਟਰ ਗੱਡੀਆਂ, ਕਾਰਾਂ, ਸਕੂਟਰਾਂ ਤੋਂ ਬੜੀ ਕਾਰੀਗਰੀ ਨਾਲ ਬਚਾ ਕੇ ਰਿਕਸ਼ੇ ਵਾਲੇ ਨੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਉਤਾਰ ਦਿੱਤਾ। ਮੈਂ ਤੇ ਮੇਰਾ ਪਰਵਾਰ ਹੈਰਾਨ ਸਾਂ ਕਿ ਇਹਨੇ ਸਾਨੂੰ ਕਿੱਥੇ ਉਤਾਰ ਦਿੱਤਾ? ਮੈਂ ਉਹਨੂੰ ਫਿਰ ਕਿਹਾ, ‘ਅਸੀਂ ਦਰਬਾਰ ਸਾਹਿਬ ਜਾਣਾ ਹੈ ਤੂੰ ਸਾਨੂੰ ਕਿੱਥੇ ਲੈ ਆਇਐ?’ ਉਹਨੇ ਮੁਸਕਰਾ ਕੇ ਜਵਾਬ ਦਿੱਤਾ, ‘ਭਾਪਾ ਜੀ, ਇਸ ਤੋਂ ਗਾਹਾਂ ਰਿਕਸ਼ਾ ਨਹੀਂ ਜਾਂਦਾ। ਤੁਸੀਂ ਇੰਜ ਕਰੋ, ਸਿੱਧੇ ਜਾ ਕੇ ਸੱਜੇ ਮੁਜ਼ ਜਾਇਓ..।’ ਅਸੀਂ ਮੇਲੇ ਵਿੱਚ ਗੁਆਚੇ ਬਾਲ ਵਾਂਗ ਡੌਰ-ਭੌਰ ਹੋਏ ਰਿਕਸ਼ੇ ‘ਚੋਂ ਉਤਰੇ, ਕਿਰਾਇਆ ਦਿੱਤਾ, ਸਾਮਾਨ ਚੁੱਕਿਆ ਤੇ ਰਿਕਸ਼ੇ ਵਾਲੇ ਦੇ ਦੱਸਣ ਮੁਤਾਬਕ ਤੁਰਨ ਲੱਗੇ। ਵਾਕਈ ਸਾਹਮਣੇ ਜਲ੍ਹਿਆਂਵਾਲਾ ਬਾਗ ਤੇ ਸੱਜੇ ਹੱਥ ਦਰਬਾਰ ਸਾਹਿਬ। ਆਲੇ ਦੁਆਲੇ ਦਾ ਬਦਲਿਆ ਮਾਹੌਲ ਸਾਨੂੰ ਮੁੜ-ਮੁੜ ਹੈਰਾਨ ਕਰ ਰਿਹਾ ਸੀ। ਸਾਰੀਆਂ ਦੁਕਾਨਾਂ ਦੀ ਇਕੋ ਜਿਹੀ ਦਿੱਖ ਅਤੇ ਇਕੋ ਜਿਹੀ ਬਣਤਰ। ਦੁਕਾਨਾਂ ਫੁੱਟਪਾਥ ਤੋਂ ਪਿੱਛੇ-ਪਿੱਛੇ ਸਨ, ਥਾਂ-ਥਾਂ ‘ਤੇ ਨਵੀਂ ਤਰ੍ਹਾਂ ਦੇ ਡਸਟਬਿਨ ਸਨ। ਮੇਰੀ ਬੇਟੀ ਸਭ ਕਾਸੇ ਨੂੰ ਇਕ ਸੁਪਨ ਸੰਸਾਰ ਵਾਂਗ ਵੇਖ ਰਹੀ ਸੀ ਤੇ ਅਸੀਂ ਪਤੀ-ਪਤਨੀ ਵੀ ਹੈਰਾਨ ਸਾਂ। ਅਜੇ ਦਰਬਾਰ ਸਾਹਿਬ ਤੱਕ ਨਹੀਂ ਸਾਂ ਪੁੱਜੇ ਕਿ ਸੱਜੇ ਪਾਸੇ ਮਟਕਾ ਕੁਲਫੀ, ਸੌਫਟੀ ਤੇ ਆਈਸਕ੍ਰੀਮ ਦੀਆਂ ਦੁਕਾਨਾਂ ‘ਤੇ ਲੋਕਾਂ ਦੀ ਭੀੜ ਤੱਕੀ। ਨਾ ਚਾਹੁੰਦੇ ਹੋਏ ਲੋਕਾਂ ਵਾਂਗ ਖੜ ਕੇ ਮਟਕਾ ਕੁਲਫੀ ਖਾਣ ਦਾ ਮਜ਼ਾ ਲਿਆ। ਅੱਗੇ ਚੱਲ ਕੇ ਗੋਲਡਨ ਟੈਂਪਲ ਕੰਪਲੈਕਸ ਵਿੱਚ ਸਾਮਾਨ ਜਮ੍ਹਾ ਕਰਾ ਕੇ ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਨ ਹੈ- ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ।
ਪਿਛਲੇ ਸਾਲਾਂ ਵਾਂਗ ਐਤਕੀਂ ਵੀ ਸਾਨੂੰ ਬਾਬਾ ਦੀਪ ਸਿੰਘ ਨਿਵਾਸ ‘ਚ ਕਮਰਾ ਮਿਲਿਆ, ਜੋ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਕਰੀਬ ਦੋ ਕਿਲੋਮੀਟਰ ਦੂਰੀ ‘ਤੇ ਹੈ। ਭਾਵੇਂ ਐਤਕੀਂ ਕੁਝ ਜਾਣਕਾਰਾਂ ਤੋਂ ਨੇੜਲੇ ਨਿਵਾਸਾਂ ਲਈ ਸਿਫਾਰਸ਼ ਵੀ ਕਰਵਾਈ ਸੀ, ਪਰ ਅਖੀਰ ਗੁਰੂ ਰਾਮਦਾਸ ਸਹਾਈ ਹੋਏ, ਕਿਸੇ ਦੁਨਿਆਵੀ ਬੰਦੀ ਦੀ ਜਾਣ ਪਛਾਣ ਕੰਮ ਨਾ ਆਈ। ਗੁਰੂ ਰਾਮਦਾਸ ਲੰਗਰ ‘ਚੋਂ ਪ੍ਰਸ਼ਾਦਾ ਛਕਦੇ ਸਮੇਂ ਸੇਵਾ ਤੇ ਸਨੇਹ ਦੀ ਅਲੌਕਿਕ ਮਿਸਾਲ ਨਜ਼ਰ ਆਈ। ਉਥੇ ਬਿਨਾਂ ਕਿਸੇ ਭੇਦ ਭਾਵ ਦੇ ਸਭ ਨੂੰ ਪੰਗਤ ‘ਚ ਬਿਠਾ ਕੇ ਲੰਗਰ ਛਕਾਇਆ ਜਾ ਰਿਹਾ ਸੀ। ਸੇਵਾਦਾਰ ਨਿਰਮਤਾ ਤੇ ਸਤਿਕਾਰ ਨਾਲ ਲੰਗਰ ਛਕਾਉਂਦੇ ਤੇ ਹਰ ਸ਼ਰਧਾਲੂ ਨੂੰ ਪੁੱਛਦੇ। ਅਸੀਂ ਲੋੜ ਮੁਤਾਬਕ ਲੰਗਰ ਛਕਿਆ, ਜਿਸ ਵਿੱਚ ਦਾਲ, ਚੌਲ, ਸਬਜ਼ੀ, ਆਚਾਰ ਤੇ ਖੀਰ ਸ਼ਾਮਲ ਸੀ। ਗੁਰੂ ਰਾਮਦਾਸ ਲੰਗਰ ਵਿੱਚ ਪਿਛਲੇ ਕਈ ਸਾਲਾਂ ਤੋਂ ਯਾਤਰੀਆਂ ਨੂੰ ਖੀਰ ਹਰ ਸਮੇਂ ਅਤੁੱਟ ਵਰਤਾਈ ਜਾ ਰਹੀ ਹੈ। ਇਸ ਵਾਰ ਅਸੀਂ ਬਹੁਤ ਸਾਰੀਆਂ ਨਵੀਆਂ ਥਾਵਾਂ ਵੇਖੀਆਂ। ਪਹਿਲੀ ਵਾਰ ਗੁਰਦੁਆਰਾ ਗੁਰੂ ਕੇ ਮਹਿਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰਦੁਆਰਾ ਬਾਬਾ ਅਟੱਲ ਤੋਂ ਪੰਜਾਹ ਰੁਪਏ ਦਾ ਸਾਲਮ ਰਿਕਸ਼ਾ ਲੈ ਕੇ ਭੀੜੇ ਬਾਜ਼ਾਰਾਂ ‘ਚੋਂ ਹੁੰਦੇ ਹੋਏ ਇਸ ਮੁਕੱਦਸ ਸਥਾਨ ‘ਤੇ ਪੁੱਜੇ। ਗੁਰਦੁਆਰਾ ਤੇ ਭੋਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਤਿ੍ਰਪਤ ਹੋਇਆ। ਬੈਠ ਕੇ ਕੁਝ ਸਮਾਂ ਪਾਠ ਕਤਾ ਅਤੇ ਇਥੇ ਬਣਿਆ ਪੁਰਾਤਨ ਇਤਿਹਾਸਕ ਖੂਹ ਨੂੰ ਵੀ ਦੇਖਿਆ। ਫਿਰ ਪੈਦਲ ਚੱਲ ਕੇ ਸਿਰਫ ਦਸ ਕੁ ਮਿੰਟਾਂ ‘ਚ ਹੋਰ ਰਸਤੇ ਰਾਹੀਂ ਘੰਟਾ ਘਰ ਡਿਓਢੀ ‘ਤੇ ਪੁੱਜ ਗਏ।
ਬਾਜ਼ਾਰ ‘ਚੋਂ ਕੁਝ ਸ਼ਾਪਿੰਗ ਕੀਤੀ, ਗੁਰਦੁਆਰਾ ਸਾਰਾਗੜ੍ਹੀ ਵਿਖੇ ਨਤਮਸਤਕ ਹੋਏ। ਇਸ ਦੇ ਸਾਹਮਣੇ ਭਾਰਤ ਦੀ ਸਭ ਤੋਂ ਵੱਡੀ ਸਕਰੀਨ ‘ਸੈਲਫੀਸਤਾਨ’ ਹੈ। ਵਾਕਈ ਇਹਦੇ ਸਾਹਮਣੇ ਖੜ ਕੇ ਯਾਤਰੀ ਸੈਲਫੀਆਂ ਲੈਂਦੇ ਤੇ ਤਸਵੀਰਾਂ ਖਿੱਚਦੇ ਹਨ। ਅਸੀਂ ਵੀ ਇੰਜ ਹੀ ਕੀਤਾ। ਇਹਦੇ ਨੇੜੇ ਬਹੁਤ ਉਚੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਖਲੋ ਕੇ ਤਸਵੀਰਾਂ ਲਈਆਂ। ਗੁਰਮਤਿ ਪ੍ਰਕਾਸ਼ ਦੇ ਦਫਤਰ ਵਿੱਚ ਸੇਵਾ ਨਿਭਾ ਰਹੇ ਬਿਕਰਮਜੀਤ ਸਿੰਘ ਤੋਂ ਜਾਣਕਾਰੀ ਮਿਲੀ ਕਿ ਇਸ ਥਾਂ ਪਹਿਲਾਂ ਮਲਿਕਾ ਵਿਕਟੋਰੀਆ ਦਾ ਬੁੱਤ ਹੁੰਦਾ ਸੀ, ਜਿਥੇ ਹੁਣ 120 ਫੁੱਟ ਦੀ ਉਚਾਈ ‘ਤੇ ਮਹਾਰਾਜੇ ਦਾ ਬੁੱਤ ਹੈ। ਮੈਨੂੰ ਯਾਦ ਆਇਆ ਕਿ ਜਦੋਂ ਸੱਤਰਵਿਆਂ ‘ਚ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਲੀਗ੍ਰਾਫਿਸਟ ਵਜੋਂ ਕਾਰਜਸ਼ੀਲ ਸਾਂ ਤਾਂ ਇਸ ਥਾਂ ਨੂੰ ‘ਟਾਊਨਹਾਲ’ ਵਜੋਂ ਜਾਣਿਆ ਜਾਂਦਾ ਸੀ। ਇਥੇ ਹੀ ਪੰਜਾਬ ਐਂਡ ਸਿੱਧ ਬੈਂਕ ਦੀ ਬਰਾਂਚ ਸੀ, ਜਿਸ ਦੇ ਨੇੜੇ ਫਾਇਰ ਬ੍ਰਿਗੇਡ ਦਾ ਦਫਤਰ ਸੀ। ਹੁਣ ਉਹ ਸਭਾ ਮੈਨੂੰ ਕਿਤੇ ਨਹੀਂ ਦਿਸੇ।
ਟਾਊਨਹਾਲ ਖੇਤਰ ਵਿੱਚ ਟੂਰਿਜ਼ਮ ਵਿਭਾਗ ਵੱਲੋਂ ਸਥਾਪਤ ਕੀਤੇ ਗਏ ਨੱਚਦੇ ਬੁੱਤਾਂ ਕੋਲ ਖਲੋ ਕੇ ਕੁਝ ਤਸਵੀਰਾਂ ਲਈਆਂ। ਫਿਰ ਕੁਲਫੀਆਂ ਖਾਧੀਆਂ, ਬੇਟੀ ਨੇ ਗੋਲ ਗੱਪੇ ਤੇ ਟਿੱਕੀ ਦਾ ਆਨੰਦ ਮਾਣਿਆ। ਜਲ੍ਹਿਆਂਵਾਲਾ ਬਾਗ ਵੀ ਗਏ। ਘੰਟਾ ਘਰ ਦੇ ਸਾਹਮਣੇ ਬੇਸਮੈਂਟ ‘ਚ ਚੱਲ ਰਹੇ ਮਲਟੀਮੀਡੀਆ ਸ਼ੋਅ, ਜੋ ਸਿੱਖ ਵਿਰਾਸਤ ਬਾਰੇ ਹੈ, ਦਾ ਆਨੰਦ ਮਾਣਿਆ। ਇਹ ਪ੍ਰੋਗਰਾਮ ਕਰੀਬ ਇਕ ਘੰਟੇ ਦਾ ਹੈ, ਜਿਸ ਦੌਰਾਨ ਦਰਸ਼ਕਾਂ ਨੂੰ ਕੁਰਸੀਆਂ ‘ਤੇ ਬਿਠਾ ਕੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਖਾਇਆ ਜਾਂਦਾ ਹੈ। ਇਸ ਦੀਆਂ ਚਾਰ ਗੈਲਰੀਆਂ ‘ਚ ਚਾਰੇ ਪਾਸੇ ਦਰਸ਼ਕ ਇਸ ਨੂੰ ਵੇਖ ਸਕਦੇ ਹਨ। ਇਸ ਦੀ ਐਂਟਰੀ ਮੁਫਤ ਹੈ। ਇਥੋਂ ਵਾਪਸੀ ‘ਤੇ ਅਸੀਂ ਮਸ਼ੀਨੀ ਪੌੜੀ ਰਾਹੀਂ ਜ਼ਮੀਨੀ ਮੰਜ਼ਿਲ ‘ਤੇ ਪਹੁੰਚੇ, ਜੋ ਸਾਡੇ ਲਈ ਇਕ ਮਜ਼ੇਦਾਰ ਅਨੁਭਵ ਸੀ। ਦੋ ਦਿਨਾ ਯਾਤਰਾ ‘ਚ ਅਸੀਂ ‘ਅੰਮ੍ਰਿਤਸਰ-ਸਿਫਤੀ ਦਾ ਘਰ’ ਵਿਚਲੇ ਨਵੇਂ ਤੇ ਬਦਲੇ ਹੋਏ ਰੰਗ ਰੂਪ ਨੂੰ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ ਪੀਰਪੇਖ ਤੋਂ ਸਮ੍ਰਿਤੀ ‘ਚ ਸਮੇਟ ਕੇ ਵਾਪਸ ਆਪਣੇ ਸ਼ਹਿਰ (ਤਲਵੰਡੀ ਸਾਬੋ) ਪਰਤ ਆਏ।