ਅੰਨ੍ਹੀ ਸ਼ਰਧਾ ਵਿੱਚ ਫਸੀ ਮਾਨਸਿਕਤਾ

andh vishwas
-ਗੁਰਚਰਨ ਸਿੰਘ ਨੂਰਪੁਰ
ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਸਾਡੇ ਮਨਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲੇ ਆਏ ਅੰਧ ਵਿਸ਼ਵਾਸ ਹਨ। ਬਹੁ-ਗਿਣਤੀ ਸਰੀਰਿਕ ਅਤੇ ਦਿਮਾਗੀ ਮਿਹਨਤ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੀ, ਬਲਕਿ ਅਰਦਾਸਾਂ ਤੇ ਧਰਮ ਅਸਥਾਨਾਂ ਦੀਆਂ ਯਾਤਰਾਵਾਂ ਵਿੱਚ ਵਿਸ਼ਵਾਸ ਰੱਖਦੀ ਹੈ। ਪਿਛਲੇ ਦਿਨੀਂ ਡੇਰਾ ਸਿਰਸਾ ਨਾਲ ਸਬੰਧਤ ਵਾਪਰੇ ਘਟਨਾਕ੍ਰਮ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਸਮਾਜ ਦੇ ਆਮ ਲੋਕ ਅੱਜ ਵੀ ਅੰਧ ਵਿਸ਼ਵਾਸਾਂ ਦੀ ਦਲਦਲ ਵਿੱਚ ਫਸੇ ਹੋਏ ਹਨ। ਲੰਬੇ ਸਮੇਂ ਤੋਂ ਨਿਰੰਤਰ ਕੋਸ਼ਿਸ਼ਾਂ ਨਾਲ ਸਾਨੂੰ ਪਰੰਪਰਾਵਾਂ ਦੇ ਸੰਗਲਾਂ ਨਾਲ ਜਕੜਿਆ ਗਿਆ ਹੈ। ਪਰੰਪਰਾਵਾਂ ਦੇ ਸੰਗਲ ਸਾਡੇ ਦੁਆਲੇ ਇੰਨੇ ਮਜ਼ਬੂਤ ਕਰ ਦਿੱਤੇ ਗਏ ਕਿ ਸਾਨੂੰ ਹੁਣ ਸੰਗਲਾਂ ਨਾਲ ਮੁਹੱਬਤ ਹੋ ਗਈ ਹੈ। ਸਾਨੂੰ ਪੀੜ੍ਹੀ ਦਰ ਪੀੜ੍ਹੀ ਵਿਸ਼ਵਾਸ ਕਰਨ ਦਾ ਪਾਠ ਪੜ੍ਹਾਇਆ ਤੇ ਦੱਸਿਆ ਗਿਆ ਹੈ ਕਿ ਜਿਨ੍ਹਾਂ ਦਾ ਵਿਸ਼ਵਾਸ ਪੱਕਾ ਹੋਵੇਗਾ, ਉਹ ਭਵਜਲੋਂ ਪਾਰ ਲੰਘ ਜਾਣਗੇ। ਵਿਸ਼ਵਾਸ ਦੀ ਇਸ ਸਿੱਖਿਆ ਨੇ ਸਾਡੇ ਅੰਦਰੋਂ ਸਵਾਲ ਕਰਨ ਦੀ ਮਨੋ-ਬਿਰਤੀ ਨੂੰ ਮਾਰ ਦਿੱਤਾ।
ਇਹ ਸਭ ਧਰਮ ਦੇ ਨਾਮ ‘ਤੇ ਕਾਰੋਬਾਰ ਕਰਨ ਵਾਲੇ ਧਰਮ ਸ਼ਾਸਤਰੀਆਂ, ਪਾਦਰੀਆਂ, ਪਰੋਹਿਤਾਂ, ਪੁਜਾਰੀਆਂ ਦੀ ਲੋੜ ਸੀ। ਉਨ੍ਹਾਂ ਦੀ ਇਹ ਲੋੜ ਹਰ ਯੁੱਗ ਵਿੱਚ ਰਹੀ। ਜੋ ਮੌਜੂਦਾ ਵਿਵਸਥਾ ਨੂੰ ਜਿਉਂ ਦਾ ਤਿਉਂ ਬਣਾ ਕੇ ਰੱਖਣਾ ਚਾਹੁੰਦੇ ਹਨ, ਉਨ੍ਹਾਂ ਲਈ ਸੋਚ ਦਾ ਪੈਦਾ ਹੋਣਾ ਬੜਾ ਖਤਰਨਾਕ ਹੈ। ਉਨ੍ਹਾਂ ਨੇ ਪਰੰਪਰਾਵਾਂ ਦੇ ਸੰਗਲਾਂ ਪ੍ਰਤੀ ਸਾਨੂੰ ਸਿਖਾਇਆ ਕਿ ਜੇ ਇਨ੍ਹਾਂ ਪ੍ਰਤੀ ਤੁਹਾਡੇ ਮਨ ਵਿੱਚ ਸ਼ੱਕ ਉਤਪੰਨ ਹੋ ਗਿਆ ਤਾਂ ਜੂਨਾਂ ਦੇ ਲੰਮੇ ਗੇੜ ਵਿੱਚ ਪਏ ਰਹੋਗੇ। ਸਿਰਫ ਉਨ੍ਹਾਂ ਦਾ ਪਾਰ ਉਤਾਰਾ ਹੋ ਸਕੇਗਾ, ਜਿਨ੍ਹਾਂ ਦਾ ਵਿਸ਼ਵਾਸ ਦਿ੍ਰੜ੍ਹ ਹੈ। ਜੇ ਵਿਸ਼ਵਾਸ ਨਹੀਂ ਤਾਂ ਕੁਝ ਵੀ ਨਹੀਂ। ਇਸ ਵਿਸ਼ਵਾਸ ਨਾਮ ਦੇ ਸ਼ਬਦ ਵਿੱਚ ਧਰਮ ਦੇ ਨਾਮ ‘ਤੇ ਹੋਣ ਵਾਲੇ ਸਭ ਤਰ੍ਹਾਂ ਦੇ ਵੱਡੇ ਕਾਰੋਬਾਰਾਂ ਨੂੰ ਚੱਲਦਾ ਰੱਖਣ ਦਾ ਰਹੱਸ ਛੁਪਿਆ ਹੋਇਆ ਹੈ। ਇਹ ‘ਵਿਸ਼ਵਾਸ’ ਨਾਮ ਦਾ ਸ਼ਬਦ ਹੀ ਹੈ, ਜਿਸ ਕਰਕੇ ਅਸੀਂ ਉਹ ਨਹੀਂ ਹੋ ਸਕੇ, ਜੋ ਸਾਨੂੰ ਹੋਣਾ ਚਾਹੀਦਾ ਸੀ।
ਸਾਡੇ ਦੇਸ਼ ਦੇ ਜਿਹੜੇ ਲੋਕਾਂ ਦਾ ਸਾਰਾ ਕਾਰੋਬਾਰ ਅੰਧ ਵਿਸ਼ਵਾਸ ਦੇ ਆਸਰੇ ਅਤੇ ਪੁਰਾਤਨ ਰੂੜੀਵਾਦੀ ਧਾਰਨਾਵਾਂ ਉੱਤੇ ਹੈ, ਉਹ ਨਹੀਂ ਚਾਹੁੰਦੇ ਕਿ ਆਮ ਮਨੁੱਖ ਦੀ ਸਮਝ ਵਧੇ। ਜਦੋਂ ਬਾਕੀ ਦੁਨੀਆ ਦੇ ਲੋਕ ਗੁਫਾਵਾਂ ਵਿੱਚ ਰਹਿੰਦੇ ਹੁੰਦੇ ਸਨ, ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦੇ ਸਨ, ਉਦੋਂ ਸਾਡੇ ਭਾਰਤੀ ਲੋਕ ਅਮੀਰ ਸੱਭਿਅਤਾ ਦੇ ਮਾਲਕ ਸਨ। ਹੁਣ ਅਸੀਂ ਕਿੱਥੇ ਹਾਂ? ਤੇਤੀ ਕਰੋੜ ਦੇਵੀ ਦੇਵਤਿਆਂ ਦੇ ਦੇਸ਼ ਵਿਚਲੇ ਲੋਕ, ਹਜ਼ਾਰਾਂ ਸਾਧੂਆਂ, ਗੁਰੂਆਂ, ਸਵਾਮੀਆਂ, ਧਰਮ ਪ੍ਰਚਾਰਕਾਂ, ਧਰਮ ਅਸਥਾਨਾਂ ਦੇ ਹੁੰਦਿਆਂ ਸਾਡੇ ਹਾਲਾਤ ਕੀ ਹਨ? ਇਹ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ। ਦੂਜੇ ਪਾਸੇ ਉਹ ਲੋਕ, ਉਹ ਕੌਮਾਂ, ਜੋ ਕਦੇ ਜੰਗਲੀ ਜੀਵਨ ਭੋਗਦੇ ਸਨ, ਅੱਜ ਦੁਨੀਆ ਦੇ ਮਾਲਕ ਹਨ। ਅਸੀਂ ਜਿਨ੍ਹਾਂ ਦੀ ਲੰਮੀ ਗੁਲਾਮੀ ਪਿੱਛੋਂ ਆਜ਼ਾਦ ਹੋਏ ਹਾਂ, ਅਸੀਂ ਚਾਹੁੰਦੇ ਹਾਂ ਕਿ ਕਿਵੇਂ ਨਾ ਕਿਵੇਂ ਉਨ੍ਹਾਂ ਦੇ ਦੇਸ਼ ਵਿੱਚ ਸਾਨੂੰ ਕੋਈ ਬੁਲਾ ਲਵੇ। ਲੱਖਾਂ ਰੁਪਏ ਖਰਚ ਕਰ ਕੇ ਜਾਣ ਲਈ ਤਿਆਰ ਹਾਂ। ਇਸ ਲਈ ਭਾਵੇਂ ਸਭ ਕੁਝ ਦਾਅ ਉਤੇ ਲੱਗ ਜਾਵੇ।
ਅਸੀਂ ਕਈ ਤਰ੍ਹਾਂ ਦੀਆਂ ਰੂੜੀਆਂ ਉੱਤੇ ਬੈਠੇ ਹਾਂ। ਤੁਰਦੇ ਹਾਂ ਤਾਂ ਸਾਡੇ ਪੈਰਾਂ ਵਿੱਚ ਪ੍ਰੰਪਰਾਵਾਂ ਦੇ ਮੋਟੇ ਸੰਗਲ ਹਨ। ਸਾਨੂੰ ਸਦੀਆਂ ਤੋਂ ਵਿਸ਼ਵਾਸ ਕਰਨਾ ਸਿਖਾਇਆ ਗਿਆ ਕਿ ਪੱਥਰ ਵੀ ਰੱਬ ਬਣ ਜਾਂਦਾ ਹੈ। ਦੁਨੀਆ ਵਿੱਚ ਜਿਥੇ ਵੀ ਸੋਚ ਵਿਚਾਰ ਕਰਨ ਨੂੰ ਤਿਲਾਂਜਲੀ ਦਿੱਤੀ ਜਾਂਦੀ ਹੈ, ਉਥੇ ਜੀਵਨ ਪੱਛੜ ਹੀ ਨਹੀਂ ਜਾਂਦਾ, ਨਰਕ ਬਣ ਜਾਂਦਾ ਹੈ।
ਸਾਡੇ ਦੇਸ਼ ਵਿੱਚ ਆਮ ਲੋਕਾਂ ਨੂੰ ਉਨ੍ਹਾਂ ਦੇ ਰਿਵਾਇਤੀ ਵਿਸ਼ਵਾਸਾਂ ਕਰਕੇ ਧਰਮਾਂ, ਜਾਤਾਂ ਅਤੇ ਡੇਰਿਆਂ ਦੇ ਨਾਮ ‘ਤੇ ਲੜਾਇਆ ਮਰਵਾਇਆ ਜਾਂਦਾ ਹੈ। ਸਾਡੇ ਆਮ ਲੋਕ ਸਭ ਕੁਝ ਦਾਅ ‘ਤੇ ਲਾ ਕੇ ਅਜਿਹਾ ਕਰਨ ਲਈ ਤਿਆਰ ਵੀ ਹੋ ਜਾਂਦੇ ਹਨ। ਕੋਝੀ ਸਿਆਸਤ ਨੂੰ ਜਦੋਂ ਲੋੜ ਹੁੰਦੀ ਹੈ ਤਾਂ ਉਹ ਧਰਮ ਕਰਮ ਦੇ ਮਸਲਿਆਂ ਨੂੰ ਜਾਣਬੁੱਝ ਕੇ ਲੋਕਾਂ ਅੱਗੇ ਪਰੋਸਦੀ ਹੈ। ਅੱਜ ਵੀ ਗਾਵਾਂ ਸੂਰਾਂ ਦੇ ਮਾਸ ਦੇ ਮਸਲੇ ਉਭਾਰੇ ਜਾਂਦੇ ਹਨ। ਅਜਿਹੇ ਮਸਲਿਆਂ ਨੂੰ ਲੈ ਕੇ ਭੀੜਾਂ ਸੜਕਾਂ ‘ਤੇ ਨਿਕਲ ਕੇ ਭੰਨ ਤੋੜ ਕਰਦੀਆਂ ਹਨ। ਕਤਲ ਹੁੰਦੇ ਅਤੇ ਰਾਜਸੀ ਰੋਟੀਆਂ ਸੇਕੀਆਂ ਜਾਂਦੀਆਂ ਹਨ। ਚਾਹੀਦਾ ਤਾਂ ਇਹ ਸੀ ਕਿ ਅਸੀਂ ਆਪਣੇ ਵਰਤਮਾਨ ਤੇ ਭਵਿੱਖ ਦੀਆਂ ਸਮੱਸਿਆਵਾਂ, ਮੁਸ਼ਕਲਾਂ ਪ੍ਰਤੀ ਸੁਚੇਤ ਹੁੰਦੇ, ਪਰ ਸਾਨੂੰ ਜਾਣਬੁੱਝ ਕੇ ਉਨ੍ਹਾਂ ਪ੍ਰੰਪਰਾਵਾਂ ਨਾਲ ਨੂੜਿਆ ਜਾਂਦਾ ਹੈ ਜਿਨ੍ਹਾਂ ਦੀ ਨਾ ਪਹਿਲਾਂ ਸਾਰਥਿਕਤਾ ਸੀ, ਨਾ ਅੱਜ ਹੈ। ਸੋਚੇ ਸਮਝੇ ਢੰਗ ਨਾਲ ਅਖੌਤੀ ਕਰਾਮਾਤੀ ਸ਼ਕਤੀਆਂ ਦਾ ਵੱਡਾ ਬਾਜ਼ਾਰ ਟੀ ਵੀ ਚੈਨਲਾਂ ‘ਤੇ ਰੋਜ਼ ਕਰੋੜਾਂ ਦਾ ਅੰਧਵਿਸ਼ਵਾਸ ਦਾ ਸੌਦਾ ਸਾਡੇ ਲੋਕਾਂ ਨੂੰ ਵੇਚ ਰਿਹਾ ਹੈ।
ਸਾਨੂੰ ਲੋੜ ਹੈ ਕਿ ਅਸੀਂ ਹਰ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਪ੍ਰਤੀ ਸੁਚੇਤ ਹੋਈਏ। ਬਹੁਤ ਸਾਰੇ ਸਕੂਲ ਕਾਲਜ ਆਪਣੇ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮਹੂਰਤ ਕੱਢਦੇ ਹਨ, ਪਾਠ ਰਖਵਾਉਂਦੇ ਹਨ, ਹਵਨ ਕਰਦੇ ਹਨ। ਇਹ ਗੱਲਾਂ ਬੱਚਿਆਂ ਨੂੰ ਕਿਸਮਤਵਾਦੀ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਦੀਆਂ ਹਨ। ਜੇ ਅਸੀਂ ਕੁਝ ਨਵਾਂ ਕਰਨ, ਸਿਰਜਣਾ ਜਾਂ ਖੋਜਣਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਬਣੀਆਂ ਬਣਾਈਆਂ ਧਾਰਨਾਵਾਂ ਤੋਂ ਹਟ ਕੇ ਸੋਚਿਆ ਅਤੇ ਚੱਲਿਆ ਜਾਵੇ। ਸਮਾਜ ਵਿੱਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹਨ, ਇਨ੍ਹਾਂ ਦੇ ਹੱਲ ਅੱਖਾਂ ਮੀਟ ਕੇ ਪਾਠ ਪੂਜਾ ਕਰਕੇ ਨਹੀਂ, ਖੁੱਲ੍ਹੀਆਂ ਅੱਖਾਂ ਨਾਲ ਲੱਭੇ ਜਾਣਗੇ। ਅੰਧ ਵਿਸ਼ਵਾਸ ਕਿਸੇ ਵਿਵਸਥਾ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਵਿੱਚ ਸਹਾਈ ਹੁੰਦਾ ਹੈ। ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਇਸ ਕਰਕੇ ਹਨ ਕਿ ਦੇਸ਼ ਦੀ ਬਹੁਗਿਣਤੀ ਅੰਧ ਵਿਸ਼ਵਾਸੀ ਮਨੋਬਿਰਤੀ ਦੀ ਸ਼ਿਕਾਰ ਹੈ। ਜਦੋਂ ਲੋਕ ਆਪਣੇ ਵਿਵੇਕ ਨਾਲ ਸੋਚ ਵਿਚਾਰ ਕਰਨਗੇ ਤਾਂ ਉਨ੍ਹਾਂ ਨੂੰ ਆਪਣੇ ਦੁਆਲੇ ਵਲੇਟੇ ਸੰਗਲਾਂ ਦੀ ਜ਼ਰੂਰ ਸਮਝ ਆਵੇਗੀ। ਉਹ ਅਖੌਤੀ ਕਰਮ ਕਾਂਡ, ਸਮਾਜਿਕ ਅਤੇ ਰਾਜਨੀਤਕ ਵਿਵਸਥਾ ‘ਤੇ ਸਵਾਲ ਖੜੇ ਕਰਨ ਦੇ ਸਮਰੱਥ ਹੋ ਜਾਣਗੇ।
ਅੰਧ ਵਿਸ਼ਵਾਸਾਂ ਖਿਲਾਫ ਜੰਗ ਛੇੜਨ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਸਾਹਿਤਕਾਰਾਂ, ਪੱਤਰਕਾਰਾਂ ਅਤੇ ਲੇਖਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਸਮਾਜ ਨੂੰ ਧੁੰਦਲਕੇ ਤੋਂ ਬਾਹਰ ਕੱਢਣ ਦੀ ਭੂਮਿਕਾ ਨਿਭਾਉਣ। ਚੰਗੀਆਂ ਕਿਤਾਬਾਂ ਇਸ ਵਿੱਚ ਵਧੀਆ ਰੋਲ ਅਦਾ ਕਰ ਸਕਦੀਆਂ ਹਨ। ਗਿਆਨ ਵਿਗਿਆਨ, ਤਰਕਸ਼ੀਲਤਾ ਤੇ ਸਮਾਜਿਕ ਚੇਤਨਾ ਦੀ ਅੱਜ ਦੇ ਮਨੁੱਖ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਲੋੜ ਹੈ।