ਅੰਤਰ ਰਾਸ਼ਟਰੀ ਇਨਸਾਫ ਅਦਾਲਤ ਵਿੱਚ ਭਾਰਤ ਦੀ ਜਿੱਤ, ਜਾਧਵ ਦੀ ਫਾਂਸੀ ਉੱਤੇ ਰੋਕ ਲੱਗੀ

hague
* ਭਾਰਤੀ ਦੂਤ ਨੂੰ ਨਾ ਮਿਲਣ ਦੇਣ ਨੂੰ ਨਿਯਮਾਂ ਦਾ ਉਲੰਘਣ ਮੰਨਿਆ
* ਪਾਕਿ ਨੇ ਕਿਹਾ: ਸੁਰੱਖਿਆ ਮਾਮਲੇ ਵਿੱਚ ਦਖ਼ਲ ਮਨਜ਼ੂਰ ਨਹੀਂ
ਹੇਗ, 18 ਮਈ, (ਪੋਸਟ ਬਿਊਰੋ)- ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਵਕਤ ਵੱਡਾ ਹੁਲਾਰਾ ਮਿਲਿਆ, ਜਦੋਂ ਕੌਮਾਂਤਰੀ ਨਿਆਂਇਕ ਅਦਾਲਤ (ਆਈ ਸੀ ਜੇ) ਨੇ ਭਾਰਤੀ ਸਮੁੰਦਰੀ ਫੌਜ ਦੇ ਸਾਬਕਾ ਅਫ਼ਸਰ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ਉਤੇ ਰੋਕ ਲਾ ਦਿੱਤੀ। ਉਸ ਨੂੰ ਜਾਸੂਸੀ ਤੇ ਭੰਨ-ਤੋੜ ਦੀਆਂ ਗਤੀਵਿਧੀਆਂ ਦੇ ਦੋਸ਼ਾਂ ਹੇਠ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।
ਕੌਮਾਂਤਰੀ ਨਿਆਂਇਕ ਅਦਾਲਤ ਦੇ ਪ੍ਰਧਾਨ ਰੌਨੀ ਅਬਰਾਹਮ ਨੇ ਅੱਜ ਕੋਰਟ ਵਿੱਚ ਇਹ ਹੁਕਮ ਪੜ੍ਹਦੇ ਹੋਏ ਕਿਹਾ, ‘ਪਾਕਿਸਤਾਨ ਨੂੰ ਇਸ ਕੇਸ ਦੇ ਅੰਤਮ ਫੈਸਲੇ ਤੱਕ ਜਾਧਵ ਦੀ ਫਾਂਸੀ ਰੋਕਣ ਦੇ ਸਾਰੇ ਲੋੜੀਂਦੇ ਕਦਮ ਚੁੱਕਣੇ ਪੈਣਗੇ।’ ਵਰਨਣ ਯੋਗ ਹੈ ਕਿ ਬੀਤੀ 9 ਮਈ ਨੂੰ ਕੁਲਭੂਸ਼ਣ ਜਾਧਵ ਦੀ ਫਾਂਸੀ ਉਤੇ ਆਰਜ਼ੀ ਰੋਕ ਲਾਉਣ ਵਾਲੀ ਯੂ ਐੱਨ ਓ ਦੀ ਇਸ ਉੱਚ ਜੁਡੀਸ਼ਲ ਸੰਸਥਾ ਨੇ ਹੁਣ ਪਾਕਿਸਤਾਨ ਨੂੰ ਮੌਜੂਦਾ ਹੁਕਮ ਲਾਗੂ ਕਰਨ ਲਈ ਕਿਹਾ ਹੈ। ਇਸ ਕੇਸ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਹੋਣ ਦਾ ਦਾਅਵਾ ਕਰਦੇ ਹੋਏ ਅਦਾਲਤ ਨੇ ਅੱਜ ਭਾਰਤ ਦੀ ਉਹ ਦਲੀਲ ਵੀ ਮੰਨ ਲਈ ਕਿ ਕੁਲਭੂਸ਼ਣ ਜਾਧਵ ਤੱਕ ਭਾਰਤ ਦੇ ਕੌਂਸਲਰ ਦੀ ਪਹੁੰਚ ਦੀ ਖੁੱਲ੍ਹ ਨਾ ਦੇਣਾ ਵੀਏਨਾ ਕਨਵੈਨਸ਼ਨ ਦਾ ਉਲੰਘਣ ਹੈ। ਭਾਰਤ ਵੱਲੋਂ ਆਪਣੇ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਕੌਂਸਲਰ ਦੇ ਮਿਲਣ ਲਈ ਕੀਤੀਆਂ 16 ਅਪੀਲਾਂ ਰੱਦ ਹੋਈਆਂ ਸਨ। ਭਾਰਤ ਤੇ ਪਾਕਿਸਤਾਨ ਨੇ 1977 ਵਿੱਚ ਵੀਏਨਾ ਕਨਵੈਨਸ਼ਨ ਉਤੇ ਦਸਤਖ਼ਤ ਕੀਤੇ ਸਨ।
ਇਸ ਤੋਂ ਪਹਿਲਾਂ ਭਾਰਤ-ਪਾਕਿ ਦੋਵਾਂ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕਰ ਚੁੱਕਣ ਤੋਂ ਤਿੰਨ ਦਿਨ ਪਿੱਛੋਂ ਅੱਜ 11 ਮੈਂਬਰੀ ਬੈਂਚ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਦਿੱਤਾ। ਅਦਾਲਤ ਨੇ ਕਿਹਾ ਕਿ ਪਾਕਿਸਤਾਨ ਨੇ ਸੰਕੇਤ ਦਿੱਤਾ ਹੈ ਕਿ ਕੁਲਭੂਸ਼ਣ ਜਾਧਵ ਨੂੰ ਅਗਸਤ 2017 ਤੱਕ ਫਾਂਸੀ ਨਾ ਦੇਣ ਦੀ ਸੰਭਾਵਨਾ ਹੈ, ਜਿਸ ਵਿੱਚ ਇਹ ਖਤਰਾ ਹੈ ਕਿ ਇਸ ਤੋਂ ਬਾਅਦ ਕਿਸੇ ਵੀ ਸਮੇਂ ਇਸ ਅਦਾਲਤ ਦਾ ਅੰਤਮ ਫੈਸਲਾ ਉਡੀਕੇ ਬਗੈਰ ਉਸ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਅਦਾਲਤ ਨੇ ਕਿਹਾ ਕਿ ਇਸ ਕੇਸ ਦੇ ਛੇਤੀ ਫੈਸਲੇ ਦੀ ਇਸ ਲਈ ਲੋੜ ਸੀ ਲਿ ਪਾਕਿਸਤਾਨ ਇਹ ਭਰੋਸਾ ਨਹੀਂ ਦੇ ਰਿਹਾ ਸੀ ਕਿ ਅੰਤਮ ਫੈਸਲੇ ਤੋਂ ਪਹਿਲਾਂ ਕੁਲਭੂਸ਼ਣ ਜਾਧਵ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ।
ਜਦੋਂ ਇਹ ਹੁਕਮ ਭਾਰਤ ਨੂੰ ਪਤਾ ਲੱਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਉਤੇ ਤਸੱਲੀ ਪ੍ਰਗਟ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ ਅਤੇ ਦੋਵਾਂ ਨੇ ਵਕੀਲ ਹਰੀਸ਼ ਸਾਲਵੇ ਦਾ ਧੰਨਵਾਦ ਕੀਤਾ, ਜਿਹੜੇ ਭਾਰਤ ਦਾ ਪੱਖ ਪੇਸ਼ ਕਰਨ ਵਾਲੇ ਵਕੀਲਾਂ ਦੀ ਅਗਵਾਈ ਕਰ ਰਹੇ ਹਨ। ਸੀਨੀਅਰ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕੁਲਭੂਸ਼ਣ ਜਾਧਵ ਲਈ ਨਿਆਂ ਅਤੇ ਭਾਰਤ ਵਾਪਸੀ ਯਕੀਨੀ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ। ਇੱਥੇ ਜਾਰੀ ਇਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੁਲਭੂਸ਼ਣ ਜਾਧਵ ਨੂੰ ਦਿੱਤੀ ਸਜ਼ਾ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ ਕਿਉਂਕਿ ਉਸ ਨੂੰ ਗ਼ੈਰ ਕਾਨੂੰਨੀ ਅਦਾਲਤ ਨੇ ਭਾਰਤੀ ਕੌਂਸਲਰ ਦੀ ਪਹੁੰਚ ਤੋਂ ਬਿਨਾਂ ਸਜ਼ਾ ਸੁਣਾਈ। ਉਨ੍ਹਾਂ ਭਾਰਤ ਸਰਕਾਰ ਵੱਲੋਂ ਕੌਮਾਂਤਰੀ ਅਦਾਲਤ ਵਿੱਚ ਅਪੀਲ ਕਰਨ ਦੇ ਕਦਮ ਦਾ ਸਵਾਗਤ ਕੀਤਾ।
ਅੱਜ ਆਏ ਇਸ ਫੈਸਲੇ ਤੋਂ ਬਾਅਦ ਮੁੰਬਈ ਵਿੱਚ ਕੁਲਭੂਸ਼ਣ ਜਾਧਵ ਦੇ ਦੋਸਤਾਂ ਤੇ ਸ਼ੁਭ ਚਿੰਤਕਾਂ ਨੇ ਪਟਾਕੇ ਚਲਾ ਕੇ ਜਸ਼ਨ ਮਨਾਏ। ਲੋਅਰ ਪਰੇਲ ਵਿੱਚ ਕੁਲਭੂਸ਼ਣ ਜਾਧਵ ਦੇ ਦੋਸਤਾਂ ਅਤੇ ਪੋਵਈ ਦੇ ਇਲਾਕੇ ਵਿੱਚ ਸਿਲਵਰ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਉਸ ਦੇ ਗੁਆਂਢੀਆਂ ਨੇ ਪਟਾਕੇ ਚਲਾਏ। ਇਸ ਮੌਕੇ ਇਕੱਠੀ ਹੋਈ ਭੀੜ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾ ਰਹੀ ਸੀ। ਜਾਧਵ ਦਾ ਪਰਿਵਾਰ ਇਸ ਇਮਾਰਤ ਵਿੱਚ ਰਹਿੰਦਾ ਸੀ, ਪਰ ਉਹ ਹੁਣ ਇੱਥੋਂ ਤਬਦੀਲ ਹੋ ਗਿਆ ਹੈ ਅਤੇ ਮਕਾਨ ਨੂੰ ਤਾਲਾ ਲੱਗਿਆ ਹੋਇਆ ਹੈ।
ਦੂਸਰੇ ਪਾਸੇ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਕੌਮੀ ਸੁਰੱਖਿਆ ਨਾਲ ਜੁੜੇ ਕੇਸਾਂ ਵਿੱਚ ਕੌਮਾਂਤਰੀ ਨਿਆਂਇਕ ਅਦਾਲਤ ਦਾ ਦਖ਼ਲ ਸਵੀਕਾਰ ਨਹੀਂ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫ਼ੀਸ ਜ਼ਕਾਰੀਆ ਨੇ ਅੱਜ ਭਾਰਤ ਉਤੇ ਹਮਲਾ ਕਰਦਿਆਂ ਕਿਹਾ ਕਿ ਉਹ ਕੁਲਭੂਸ਼ਣ ਜਾਧਵ ਦਾ ਕੇਸ ਆਈ ਸੀ ਜੇ ਵਿੱਚ ਲਿਜਾ ਕੇ ਆਪਣਾ ਅਸਲ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦੇ ਸਾਹਮਣੇ ਭਾਰਤ ਦਾ ਅਸਲ ਚਿਹਰਾ ਨੰਗਾ ਹੋਏਗਾ ਕਿਉਂਕਿ ਕੁਲਭੂਸ਼ਣ ਜਾਧਵ ਨੇ ਪਾਕਿਸਤਾਨ ਵਿੱਚ ਅਤਿਵਾਦ ਅਤੇ ਭੰਨ-ਤੋੜ ਦੇ ਜੁਰਮਾਂ ਦਾ ਦੋ ਵਾਰ ਇਕਬਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਭਾਰਤੀ ਜਾਸੂਸ ਬਾਰੇ ਕੌਮਾਂਤਰੀ ਅਦਾਲਤ ਨੂੰ ਪੱਕੇ ਸਬੂਤ ਸੌਂਪੇ ਜਾਣਗੇ।