ਅੰਕੜਾ ਵਿਭਾਗ ਦੇ ਅੰਕੜਿਆਂ ਵਿੱਚੋਂ ਉਪਜਦਾ ਨਵਾਂ ਕੈਨੇਡਾ

2 Statistics Canadaਕੈਨੇਡਾ ਦੇ ਅੰਕੜਾ ਵਿਭਾਗ (Statistics Canada) ਵੱਲੋਂ ਜਾਰੀ 2016 ਦੇ ਅੰਕੜੇ ਬਹੁਤ ਦਿਲਚਸਪ ਹਨ ਜਿਸ ਤੋਂ ਸਾਫ਼ ਪ੍ਰਭਾਵ ਮਿਲਦਾ ਹੈ ਕਿ ਅਗਲੇ ਕੁੱਝ ਸਾਲਾਂ ਵਿੱਚ ਕੈਨੇਡਾ ਦਾ ਚਿਹਰਾ ਮੁਹਰਾ ਬਹੁਤ ਬਦਲ ਚੁੱਕਾ ਹੋਵੇਗਾ। ਦਰਅਸਲ ਵਿੱਚ ਲਗਾਤਾਰ ਵਾਪਰ ਰਹੇ ਪਰਵਾਸ ਦੇ ਨਤੀਜੇ ਵਜੋਂ ਅਤੇ ਜੀਵਨ ਜਾਚ ਵਿੱਚ ਤੇਜੀ ਨਾਲ ਆ ਰਹੀਆਂ ਤਬਦੀਲੀਆਂ ਕਾਰਣ ਬਹੁਤ ਵੱਡਾ ਬਦਲਾਅ ਤਾਂ ਪਹਿਲਾਂ ਹੀ ਆ ਚੁੱਕਾ ਹੈ। ਭੱਵਿਖ ਵਾਸਤੇ ਕਿਹੋ ਜਿਹੀ ਤਸਵੀਰ ਕੈਨੇਡਾ ਆਪਣੇ ਹੱਥਾਂ ਵਿੱਚ ਲਈ ਖਲੋਤਾ ਹੈ, ਉਸ ਉੱਤੇ ਝਾਂਤ ਮਾਰਨ ਤੋਂ ਪਹਿਲਾਂ ਕੁੱਝ ਮੋਟੇ ਅੰਕੜਿਆਂ ਉੱਤੇ ਨਜ਼ਰ ਮਾਰਦੇ ਹਾਂ। ਅੰਕੜਾ ਵਿਭਾਗ ਦੇ ਇਹ ਅੰਕੜੇ ਕੈਨੇਡਾ ਵਿੱਚ ਵੱਸਦੇ 35 ਮਿਲੀਅਨ ਲੋਕਾਂ ਨੂੰ ਭੇਜੇ ਗਏ ਸਰਵੇਖਣ ਉੱਤੇ ਆਧਾਰਿਤ ਹਨ। ਇਸ ਸਰਵੇਖਣ ਵਿੱਚ ਰਿਕਾਰਡ ਤੋੜ 98% ਲੋਕਾਂ ਨੇ ਹਿੱਸਾ ਲਿਆ ਸੀ ਜਿਸਦਾ ਅਰਥ ਹੈ ਕਿ ਇੱਕਤਰ ਹੋਈ ਜਾਣਕਾਰੀ ਬਹੁਤ ਭਰੋਸੇਯੋਗ ਹੈ ਕਿਉਂਕਿ ਇਹ ਸਹੀ ਸ੍ਰੋਤਾਂ ਦੀ ਵਰਤੋਂ ਰਾਹੀਂ ਹਾਸਲ ਕੀਤੀ ਹੋਈ ਹੈ।

ਕੈਨੇਡਾ ਦੇ ਕੁੱਲ ਮਕਾਨਾਂ ਵਿੱਚੋਂ 28.2% ਤਾਂ ਅਜਿਹੇ ਮਕਾਨ ਹਨ ਜਿਹਨਾਂ ਨੂੰ ਇੱਕਲੇ ਰਹਿਣ ਵਾਲੇ ਲੋਕਾਂ ਨੇ ਮੱਲਿਆ ਹੋਇਆ ਹੈ। ਇਹ ਦਰ ਪਿਛਲੇ 150 ਸਾਲ ਦੇ ਕੈਨੇਡੀਅਨ ਇਤਿਹਾਸ ਵਿੱਚ ਸੱਭ ਤੋਂ ਵੱਧ ਹੈ। ਇਸਦੇ ਉਲਟ ਬੱਚਿਆਂ ਨਾਲ ਘਰਾਂ ਵਿੱਚ ਰਹਿਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਸਿਰਫ਼ 26.5% ਹੈ। ਵੱਧ ਰਹੀ ਕੈਨੇਡੀਅਨਾਂ ਦੀ ਉਮਰ, ਚੰਗੀਆਂ ਪੈਨਸ਼ਨਾਂ ਦਾ ਸਹਾਰਾ, ਜਿ਼ਆਦਾ ਗਿਣਤੀ ਵਿੱਚ ਔਰਤਾਂ ਵੱਲੋਂ ਨੌਕਰੀਆਂ ਕਰਨਾ ਅਤੇ ਤਲਾਕ ਦੀ ਵੱਧਦੀ ਦਰ ਅਜਿਹੇ ਕਾਰਣ ਹਨ ਜਿਹਨਾਂ ਬਦੌਲਤ ਲੋਕੀ ਇੱਕਲੇ ਰਹਿੰਦੇ ਹਨ। ਜੇਕਰ 2016 ਵਿੱਚ ਕੈਨੇਡਾ ਦੇ 14% ਲੋਕ ਇੱਕਲੇ ਰਹਿ ਰਹੇ ਹਨ ਤਾਂ 1951 ਵਿੱਚ ਇਹ ਦਰ ਮਹਿਜ਼ 1.8% ਸੀ।

ਇੱਕਲੇ ਮੌਜਾਂ ਮਾਰਨ ਵਾਲੇ ਜਾਂ ਇੱਕਲਤਾ ਦਾ ਸੰਤਾਪ ਭੋਗਣ ਵਾਲਿਆਂ ਦੇ ਉਲਟ ਨੌਜਵਾਨਾਂ ਵੱਲੋਂ (20 ਤੋਂ 34 ਸਾਲ ਦੀ ਉਮਰ) ਮਾਪਿਆਂ ਦਾ ਘਰ ਛੱਡ ਕੇ ਖੁਦ ਦਾ ਘਰ ਬਾਰ ਵਸਾਉਣ ਦੀ ਦਰ ਵਿੱਚ ਪਿਛਲੇ 15 ਸਾਲਾਂ ਵਿੱਚ 7% ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਦੱਸਦੀ ਹੈ ਕਿ ਕੈਨੇਡਾ ਵਿੱਚ ਨੌਜਵਾਨਾਂ ਨੂੰ ਆਪਣਾ ਸੁਤੰਤਰ ਜੀਵਨ ਆਰੰਭ ਕਰਨ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇਕਰ 1981 ਵਿੱਚ ਕੁੱਲ ਵਿਆਹੇ ਲੋਕਾਂ ਦੇ ਮੁਕਾਬਲੇ ਕਾਮਨ ਲਾਅ ਪਾਰਟਨਰਾਂ ਦੀ ਗਿਣਤੀ 6% ਸੀ ਤਾਂ ਨਵੇਂ ਉੱਸਰ ਰਹੇ ਨਵੇਂ ਕੈਨੇਡਾ ਵਿੱਚ 2016 ਵਿੱਚ ਕਾਮਨ ਲਾਅ ਪਾਰਟਨਰਾਂ ਦੀ ਗਿਣਤੀ ਵੱਧ ਕੇ 21% ਹੋ ਚੁੱਕੀ ਹੈ। ਭਾਵ ਵਿਆਹ ਕਰਵਾਉਣ ਦੇ ਤਰੱਦਦ ਵਿੱਚ ਪੈਣ ਦੀ ਥਾਂ ਵੱਡੀ ਗਿਣਤੀ ਵਿੱਚ ਕੈਨੇਡੀਅਨ ਸੌਖਾ ਰਾਹ ਅਪਨਾਉਣ ਨੂੰ ਤਰਜੀਹ ਦੇ ਰਹੇ ਹਨ। ਇਵੇਂ ਹੀ 2010 ਵਿੱਚ ਸਮਲਿੰਗੀ ਜੋੜਿਆਂ ਵੱਲੋਂ ਵਿਆਹ ਕਰਵਾਉਣ ਦੀ ਦਰ ਵਿੱਚ 2006 ਦੇ ਮੁਕਾਬਲੇ 2016 ਵਿੱਚ 61% ਦਾ ਵਾਧਾ ਰਿਕਾਰਡ ਕੀਤਾ ਗਿਆ। ਕੈਨੇਡਾ ਦੇ 50% ਦੇ ਕਰੀਬ ਸਮਲਿੰਗੀ ਜੋੜੇ ਟੋਰਾਂਟੋ, ਮਾਂਟਰੀਅਲ, ਵੈਨਕੂਵਰ ਅਤੇ ਓਟਵਾ ਵਿੱਚ ਵੱਸਦੇ ਹਨ।

ਅੰਕੜਾ ਵਿਭਾਗ ਵੱਲੋਂ ਇੱਕ ਨਵੀਂ ਸ਼ਬਦਾਵਲੀ ‘ਪਰਵਾਸੀਆਂ ਦੀ ਮਾਂ ਬੋਲੀ’ (immigrant mother tongue) ਸਾਹਮਣੇ ਲਿਆਂਦੀ ਗਈ ਹੈ ਜੋ ਪਰਵਾਸੀਆਂ ਦੇ ਪੱਖ ਤੋਂ ਦਿਲਚਸਪ ਹੈ। ਪਰਵਾਸੀਆਂ ਦੀ ਮਾਂ ਬੋਲੀ ਤੋਂ ਭਾਵ ਅੰਗਰੇਜ਼ੀ, ਫਰੈਂਚ ਜਾਂ ਮੂਲਵਾਸੀ ਭਾਸ਼ਾਵਾਂ ਤੋਂ ਇਲਾਵਾ ਕੈਨੇਡਾ ਵਿੱਚ ਬੋਲੀ ਜਾਣ ਵਾਲੀ ਕਿਸੇ ਵੀ ਹੋਰ ਭਾਸ਼ਾ ਤੋਂ ਹੈ। ਇਹਨਾਂ ਵਿੱਚ ਪਹਿਲਾ ਅਤੇ ਦੂਜਾ ਨੰਬਰ ਚੀਨੀ ਭਾਸ਼ਾਵਾਂ (ਤਕਰੀਬਨ 1 ਮਿਲੀਅਨ) ਮੈਂਡਰਿਨ, ਕੈਂਟੋਨੀਜ਼ ਦਾ ਹੈ, ਜਦੋਂ ਕਿ ਪੰਜਾਬੀ (5 ਲੱਖ 68 ਹਜ਼ਾਰ) ਨਾਲ ਤੀਜੇ ਨੰਬਰ ਉੱਤੇ ਹੈ। ਪੰਜਾਬੀ ਬੋਲਣ ਵਾਲੇ ਕੈਨੇਡਾ ਦੀ ਵੱਸੋਂ ਦਾ 1.6% ਲੋਕ ਬਣਦੇ ਹਨ। ਇਸਤੋਂ ਬਾਅਦ ਸਪੈਨਿਸ਼, ਟੈਗਾਲੋਗ, ਅਰਬੀ, ਇਟਾਲੀਅਨ, ਊਰਦੂ ਅਤੇ ਫਾਰਸੀ ਭਾਸ਼ਾਵਾਂ ਦਾ ਨੰਬਰ ਆਉਂਦਾ ਹੈ।

ਜਦੋਂ ਭਾਸ਼ਾ ਦੀ ਗੱਲ ਆਉਂਦੀ ਹੈ ਤਾਂ ਇਹ ਵੇਖਣਾ ਦਿਲਚਸਪ ਹੋ ਜਾਂਦਾ ਹੈ ਕਿ ਕਿਹੜੀ ਬੋਲੀ ਕਿਸ ਦਰ ਨਾਲ ਵੱਧ ਰਹੀ ਹੈ। ਜੇਕਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ ਚਾਰ ਸਾਲ ਵਿੱਚ 18.4% ਵਾਧਾ ਹੋਇਆ ਹੈ ਤਾਂ ਇਸਦੇ ਮੁਕਾਬਲੇ ਟੈਗਾਲੋਗ (ਫਿਲੀਪੀਨੀ) ਨੇ 35%, ਅਰਬੀ 30%, ਫਾਰਸੀ 26.7%, ਹਿੰਦੀ 26% ਅਤੇ ਉਰਦੂ ਨੇ 25% ਵਾਧਾ ਦਰਜ਼ ਕੀਤਾ ਹੈ। ਇਸਦੇ ਉਲਟ ਜਰਮਨ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਿੱਚ 3.3%, ਪੌਲਿਸ਼ 5.5% ਅਤੇ ਇਟਾਲੀਅਨ 10.9% ਦੀ ਕਮੀ ਆਈ ਹੈ।

ਉਂਟੇਰੀਓ ਦੇ ਸ਼ਹਿਰ ਸੂ-ਸੇ-ਮਰੀਅ (Sault Ste. Marie) ਦੀ ਕਹਾਣੀ ਉਸ ਖਦਸ਼ੇ ਦੀ ਪ੍ਰਤੀਕ ਬਣਦੀ ਹੈ ਕਿ ਪਰਵਾਸੀ ਕੁੱਝ ਖਾਸ ਸ਼ਹਿਰਾਂ ਵਿੱਚ ਖਾਸ ਇਲਾਕਿਆਂ ਵਿੱਚ ਵੱਸਣ ਨੂੰ ਵੱਸੋਂ ਤਰਜੀਹ ਦੇਂਦੇ ਹਨ। ਇਸ ਬਦੌਲਤ ਕੈਨੇਡਾ ਨੂੰ ਪਰਵਾਸ ਤੋਂ ਜੋ ਅਸਲ ਲਾਭ ਪ੍ਰਾਪਤ ਹੋਣਾ ਸੀ, ਉਹ ਨਹੀਂ ਹੋ ਰਿਹਾ। ਸੂ-ਸੇ-ਮਰੀਅ ਦੀ ਜਨਸੰਖਿਆ 2011 ਵਿੱਚ 75, 141 ਤੋਂ ਘੱਟ ਕੇ 2016 ਵਿੱਚ 73, 368 ਰਹਿ ਗਈ ਹੈ ਕਿਉਂਕਿ ਬਣਦੀ ਗਿਣਤੀ ਪਰਵਾਸੀ ਉੱਥੇ ਵਿੱਚ ਜਾ ਨਹੀਂ ਰਹੇ ਹਨ। ਇਸਦੇ ਉਲਟ ਹੈਮਿਲਟਨ ਵਿੱਚ ਅਰਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਿੱਚ 60% ਵਾਧਾ ਹੋਇਆ ਹੈ ਜਦੋਂ ਕਿ ਹੈਮਿਲਟਨ ਵਿੱਚ ਇਟਾਲੀਅਨ ਬੋਲਣ ਵਾਲਿਆਂ ਦੀ ਗਿਣਤੀ 34% ਘੱਟ ਹੋਈ ਹੈ। ਇੰਝ ਵੇਖਿਆ ਜਾ ਸਕਦਾ ਹੈ ਕਿ ਪਰਵਾਸੀਆਂ ਦੀ ਮਾਂ ਬੋਲੀ ਦੇ ਕੈਨੇਡਾ ਵਿੱਚ ਵਿਕਾਸ ਦੀ ਦਰ ਦਾ ਸਿੱਧਾ ਇਸ ਗੱਲ ਨਾਲ ਜੁੜਿਆ ਹੈ ਕਿ ਕਿਸ ਭਾਈਚਾਰੇ ਅਤੇ ਕਿਸ ਮੁਲਕ ਦੇ ਲੋਕ ਪਰਵਾਸ ਕਰਕੇ ਕੈਨੇਡਾ ਦੇ ਕਿਸ ਹਿੱਸੇ ਵਿੱਚ ਵੱਸਦੇ ਹਨ।