ਅੰਕਿਤ ਹੱਤਿਆ ਕਾਂਡ ਦੀ ਤੁਲਨਾ ਅਖਲਾਕ ਦੇ ਕੇਸ ਨਾਲ ਨਹੀਂ ਕੀਤੀ ਜਾ ਸਕਦੀ


-ਵਿਜੇ ਵਿਦਰੋਹੀ
ਭਾਰਤ ਵਿੱਚ ਝੂਠੀ ਸ਼ਾਨ ਜਾਂ ਝੂਠੀ ਇੱਜ਼ਤ ਦੇ ਨਾਂਅ ‘ਤੇ ਹੋਣ ਵਾਲੀਆਂ ਹੱਤਿਆਵਾਂ (ਆਨਰ ਕਿਲਿੰਗ) ਕੋਈ ਨਵੀਂ ਗੱਲ ਨਹੀਂ। ਖਾਪ ਪੰਚਾਇਤਾਂ ਦੀ ਭੂਮਿਕਾ ਵੀ ਕੋਈ ਨਵੀਂ ਨਹੀਂ। ਹਿੰਦੂਆਂ ਵਿੱਚ ਜਾਤ ਤੋਂ ਬਾਹਰ ਵਿਆਹ ਕਰਵਾਉਣ ‘ਤੇ ਮੁੰਡੇ-ਕੁੜੀ ਨੂੰ ਮਾਰ ਦੇਣ ਦਾ ਰਿਵਾਜ ਰਿਹਾ ਹੈ। ਪਹਿਲਾਂ ਅਜਿਹੀਆਂ ਖਬਰਾਂ ਪਿੰਡਾਂ-ਕਸਬਿਆਂ ਤੋਂ ਆਉਂਦੀਆਂ ਸਨ, ਹੁਣ ਸ਼ਹਿਰਾਂ ਅਤੇ ਮਹਾਨਗਰਾਂ ਤੋਂ ਵੀ ਆਉਣ ਲੱਗੀਆਂ ਹਨ। ਕੁਝ ਸਮਾਂ ਪਹਿਲਾਂ ਮੁੰਬਈ ਤੋਂ ਵੀ ਅਜਿਹੀ ਇੱਕ ਖਬਰ ਆਈ ਸੀ, ਪਰ ਉਹ ਅਖਬਾਰ ਵਿੱਚ ਤੀਜੇ ਸਫੇ ਦੀ ਖਬਰ ਬਣ ਕੇ ਰਹਿ ਗਈ। ਪਿਛਲੇ ਦਿਨੀਂ ਦਿੱਲੀ ਵਿੱਚ ਝੂਠੀ ਸ਼ਾਨ ਖਾਤਿਰ ਅੰਕਿਤ ਨਾਮੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਉਸ ਦੀ ਹੱਤਿਆ ਕਰਨ ਵਾਲੇ ਮੁਸਲਮਾਨ ਸਨ, ਕਿਉਂਕਿ ਅੰਕਿਤ ਮੁਸਲਿਮ ਕੁੜੀ ਸਲੀਮਾ ਨਾਲ ਪਿਆਰ ਕਰਦਾ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।
ਅੰਕਿਤ ਦੇ ਦੋਸਤਾਂ ਮੁਤਾਬਕ ਉਸ ਨੇ ਵਿਆਹ ਲਈ 22 ਮਾਰਚ ਦਾ ਦਿਨ ਤੈਅ ਕਰ ਲਿਆ ਸੀ ਤੇ ਉਸ ਨੇ ਕੋਰਟ ਮੈਰਿਜ ਕਰਵਾਉਣੀ ਸੀ। ਇਸ ਤੋਂ ਪਹਿਲਾਂ ਕੁੜੀ ਦੇ ਮੋਬਾਈਲ ਉਤੇ ਕੁਝ ਸੰਦੇਸ਼ ਫੜੇ ਗਏ ਤੇ ਫਿਰ ਅੰਕਿਤ ਨੂੰ ਸ਼ਰੇਆਮ ਬਾਜ਼ਾਰ ਵਿੱਚ ਗਲਾ ਵੱਢ ਕੇ ਮਾਰ ਦਿੱਤਾ ਗਿਆ। ਕਤਾਲਾਂ ਨੂੰ ਭੀੜ ਨੇ ਰੋਕਿਆ-ਟੋਕਿਆ ਨਹੀਂ, ਸ਼ਾਇਦ ਕਿਸੇ ਨੇ ਪੁਲਸ ਨੂੰ ਵੀ ਸੂਚਨਾ ਨਹੀਂ ਦਿੱਤੀ। ਜੇ ਦਿੱਤੀ ਤਾਂ ਪੁਲਸ ਸਮੇਂ ਸਿਰ ਨਹੀਂ ਪਹੁੰਚ। ਇਸ ਤੋਂ ਵੱਡੀ ਸੰਵੇਦਨਹੀਣਤਾ ਵਾਲੀ ਗੱਲ ਕੋਈ ਹੋ ਹੀ ਨਹੀਂ ਸਕਦੀ।
ਭਾਰਤ ਵਿੱਚ ਪਿਛਲੇ ਇੱਕ ਸਾਲ ਅੰਦਰ ਝੂਠੀ ਸ਼ਾਨ ਲਈ 71 ਕਤਲ ਹੋ ਚੁੱਕੇ ਹਨ, ਪਰ ਸਭ ਤੋਂ ਵੱਧ ਸੁਰਖੀਆਂ ‘ਚ ਅੰਕਿਤ ਦਾ ਕੇਸ ਆਇਆ ਹੈ। ਹੋ ਸਕਦਾ ਹੈ ਕਿ ਇਸ ਦੀ ਵਜ੍ਹਾ ਮੁੰਡੇ ਦਾ ਹਿੰਦੂ ਤੇ ਕੁੜੀ ਦਾ ਮੁਸਲਮਾਨ ਹੋਣਾ ਹੋਵੇ। ਜੇ ਉਲਟਾ ਹੁੰਦਾ, ਤਾਂ ਵੀ ਮਾਮਲਾ ਗਰਮਾ ਜਾਣਾ ਸੀ, ਕਿਉਂਕਿ ਉਦੋਂ ਸੰਘ ਦੇ ਕੁਝ ਸੰਗਠਨਾਂ ਦਾ ਪਸੰਦੀਦਾ ਵਿਸ਼ਾ ‘ਲਵ ਜੇਹਾਦ’ ਸਾਹਮਣੇ ਆ ਜਾਣਾ ਸੀ। ਹੁਣ ਇਸ ਮੁੱਦੇ ‘ਤੇ ਖੂਬ ਸਿਆਸਤ ਹੋ ਰਹੀ ਹੈ। ਕੁਝ ਲੋਕ ਇਸ ਨੂੰ ਅਖਲਾਕ ਦੇ ਕਤਲ ਨਾਲ ਜੋੜ ਕੇ ਦੇਖਣ ਦੀ ਦਲੀਲ ਦੇ ਰਹੇ ਹਨ। ਦਿੱਲੀ ਵਿੱਚ ਜੋ ਹੋਇਆ, ਉਹ ਝੂਠੀ ਸ਼ਾਨ ਦਾ ਕੇਸ ਹੈ, ਅਖਲਾਕ ਦੇ ਕੇਸ ਵਿੱਚ ਇੱਕ ਪਾਸੇ ਗਊ ਰੱਖਿਅਕ ਸਨ, ਦੂਜੇ ਪਾਸੇ ਕਥਿਤ ਤੌਰ ‘ਤੇ ਆਪਣੇ ਘਰ ਗਊ ਮਾਸ ਰੱਖਣ ਵਾਲਾ ਅਖਲਾਕ।
ਇਹ ਸਹੀ ਹੈ ਕਿ ਅੰਕਿਤ ਦੀ ਤੁਲਨਾ ਅਖਲਾਕ ਨਾਲ ਨਹੀਂ ਕੀਤੀ ਜਾ ਸਕਦੀ, ਪਰ ਜਿਸ ਤਰ੍ਹਾਂ ਦਿਨ ਦਿਹਾੜੇ ਅੰਕਿਤ ਨੂੰ ਭੀੜ ਦੇ ਸਾਹਮਣੇ ਮਾਰਿਆ ਗਿਆ, ਉਹ ਕਈ ਸਵਾਲ ਖੜ੍ਹੇ ਕਰਦਾ ਹੈ। ਸਮਾਜ ਦੀ ਸੰਵੇਦਨਹੀਣਤਾ ਤੋਂ ਵੀ ਇਹ ਸਵਾਲ ਅੱਗੇ ਜਾਂਦੇ ਹਨ, ਪਰ ਜਿਸ ਤਰ੍ਹਾਂ ਦੇ ਸਵਾਲ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੇ ਸੰਗਠਨ ਉਠਾ ਰਹੇ ਹਨ, ਉਨ੍ਹਾਂ ਤੋਂ ਬਚਣ ਦੀ ਗੁੰਜਾਇਸ਼ ਲੱਭੀ ਜਾ ਸਕਦੀ ਹੈ।
ਅੰਕਿਤ ਇਸ ਦੇਸ਼ ਦੇ ਉਸ ਹੇਠਲੇ ਮੱਧ ਵਰਗ ਦਾ ਪ੍ਰਤੀਕ ਹੈ, ਜੋ ਸੁਫਨੇ ਦੇਖਦਾ ਰਿਹਾ ਤੇ ਉਨ੍ਹਾਂ ਨੂੰ ਪੂਰੇ ਕਰਨ ਦੀ ਹਿੰਮਤ ਨਹੀਂ ਜੁਟਾਉਂਦਾ ਰਿਹਾ। ਬਚਪਨ ਤੋਂ ਅੰਕਿਤ ਤੇ ਸਲੀਮਾ ਇੱਕ ਦੂਜੇ ਦੇ ਗੁਆਂਢੀ ਰਹੇ ਤੇ ਜਵਾਨ ਹੋਏ ਤਾਂ ਦੋਵਾਂ ਦਾ ਪਿਆਰ ਹੋ ਗਿਆ। ਗੁਆਂਢ ਦਾ ਸਾਥ ਛੁੱਟ ਗਿਆ, ਪਰ ਪਿਆਰ ਵਧਦਾ ਗਿਆ। ਅੰਕਿਤ ਯੂ-ਟਿਊਬ ਚੈਨਲ ਚਲਾਉਂਦਾ ਸੀ ਤੇ ਕੋਈ ਵੱਡਾ ਕੰਮ ਕਰਨਾ ਚਾਹੁੰਦਾ ਸੀ। ਆਪਣੇ ਚੈਨਲ ਨੂੰ ਹਿੱਟ ਬਣਾਉਣ ਲਈ ਉਹ ਦਿਨ-ਰਾਤ ਮਿਹਨਤ ਕਰਦਾ ਸੀ। ਮਾਂ-ਪਿਓ ਦਾ ਇਕਲੌਤਾ ਬੇਟਾ ਹੋਣ ਦਾ ਫਰਜ਼ ਨਿਭਾਉਣਾ ਚਾਹੁੰਦਾ ਸੀ। ਉਹ ਹੋਲੀ-ਦੀਵਾਲੀ ਮਨਾਉਂਦਾ ਤੇ ਈਦ ਮੌਕੇ ਮੁਸਲਿਮ ਟੋਪੀ ਪਹਿਨਦਾ ਸੀ। ਗੁਰਦੁਆਰੇ ਜਾਂਦਾ ਤੇ ਪੱਗ ਬੰਨ੍ਹ ਕੇ ਸ਼ਾਨ ਨਾਲ ਫੋਟੋ ਖਿਚਵਾਉਂਦਾ ਸੀ। ਉਹ ਸਲੀਮਾ ਨੂੰ ਪਿਆਰ ਕਰਦਾ ਸੀ ਤੇ ਸਲੀਮਾ ਉਸ ਨੂੰ। ਕਹਾਣੀ ਦਾ ਅੰਤ ਤਾਂ ਦੋਵਾਂ ਦੇ ਮੇਲ, ਭਾਵ ਵਿਆਹ ਨਾਲ ਹੋਣਾ ਚਾਹੀਦਾ ਸੀ।
ਕੁਲ ਮਿਲਾ ਕੇ ਅੰਕਿਤ ਦੀ ਮੌਤ ਇੱਕ ਸੰਭਾਵਨਾ ਦੀ ਮੌਤ ਹੈ। ਅਜਿਹੇ ਅੰਕਿਤ ਹਰ ਸ਼ਹਿਰ ਵਿੱਚ ਮਿਲ ਜਾਂਦੇ ਹਨ, ਜੋ ਜ਼ਿੰਦਗੀ ਨਾਲ ਜੂਝਦੇ ਹਨ, ਭਿ੍ਰਸ਼ਟਾਚਾਰ ਤੋਂ ਤੰਗ ਹਨ, ਸਿਸਟਮ ਨਾਲ ਉਲਝਦੇ ਹਨ, ਪਰ ਥੱਕ-ਹਾਰ ਕੇ ਨਹੀਂ ਬੈਠਦੇ। ਅਜਿਹੇ ਅੰਕਿਤਾਂ ਨੂੰ ਸਮਾਜ ਦਾ ਸਾਥ ਚਾਹੀਦਾ ਹੈ। ਅਜਿਹੇ ਅੰਕਿਤਾਂ ਦੇ ਸੁਫਨਿਆਂ ਦੀ ‘ਭਰੂਣ ਹੱਤਿਆ’ ਇੱਕ ਅਪਰਾਧ ਤੋਂ ਘੱਟ ਨਹੀਂ। ਟੀ ਵੀ ਚੈਨਲਾਂ ‘ਤੇ ਬੈਠ ਕੇ ਜਿਹੜੇ ਲੋਕ ਇਸ ਨੂੰ ਹਿੰਦੂ-ਮੁਸਲਿਮ ਮਾਮਲਾ ਬਣਾ ਰਹੇ ਹਨ, ਅਖਲਾਕ ਨਾਲ ਤੁਲਨਾ ਕਰ ਰਹੇ ਹਨ, ਰਿਵਰਸ ਲਵ-ਜੇਹਾਦ ਦੀ ਨਵੀਂ ਪਰਿਭਾਸ਼ਾ ਲੱਭ ਰਹੇ ਹਨ, ਕੇਜਰੀਵਾਲ ਦੇ ਜਾਣ ਜਾਂ ਦੇਰ ਨਾਲ ਜਾਣ, ਮੁਆਵਜ਼ਾ ਨਾ ਦੇਣ ‘ਤੇ ਉਨ੍ਹਾਂ ਨੂੰ ਪਾਣੀ ਪੀ-ਪੀ ਕੇ ਨਿੰਦਦੇ ਤੇ ਅੰਕਿਤ ਦੀ ਹੱਤਿਆ ਦੀ ਨਿੰਦਾ ਸ਼ਰਤਾਂ ਨਾਲ ਕਰਦੇ ਹਨ, ਉਨ੍ਹਾਂ ਸਭ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਵਜ੍ਹਾ ਹੈ ਕਿ ਅੰਕਿਤ ਦਾ ਸਲੀਮਾ ਨਾਲ ਵਿਆਹ ਨਹੀਂ ਹੋ ਸਕਿਆ? ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਆਖਿਰ ਕੋਈ ਅੰਕਿਤ ਕਿਸੇ ਸਲੀਮਾ ਨਾਲ ਵਿਆਹ ਕਿਉਂ ਨਹੀਂ ਕਰਵਾ ਸਕਦਾ? ਜੇ ਅੰਕਿਤ ਅਤੇ ਸਲੀਮਾ ਇੱਕ ਨਹੀਂ ਹੋ ਸਕੇ ਅਤੇ ਅੰਕਿਤ ਨੂੰ ਆਪਣੀ ਜਾਨ ਗੁਆਉਣੀ ਪਈ ਤਾਂ ਉਸ ਦੇ ਲਈ ਇਹੋ ਲੋਕ, ਇਨ੍ਹਾਂ ਦੀ ਸੋਚ ਜ਼ਿੰਮੇਵਾਰ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਖਾਪ ਪੰਚਾਇਤਾਂ ਪਹਿਲਾਂ ਜ਼ਿਆਦਾ ਬਦਨਾਮ ਹੁੰਦੀਆਂ ਸਨ, ਪਰ ਹੁਣ ਸਮੇਂ ਨਾਲ ਕੁਝ ਬਦਲ ਰਹੀਆਂ ਹਨ। ਕੁਝ ਹੀ ਗੋਤਰਾਂ ਨੂੰ ਛੱਡ ਕੇ ਬਾਕੀਆਂ ਵਿੱਚ ਵਿਆਹ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਬਰਾਤ ਆਉਣ ‘ਤੇ ਹਵਾ ਵਿੱਚ ਗੋਲੀਆਂ ਚਲਾਉਣ ‘ਤੇ ਰੋਕ ਲਾਈ ਗਈ ਹੈ, ਕੁਝ ਖਾਪ ਪੰਚਾਇਤਾਂ ਨੇ ਡੀ ਜੇ ਚਲਾਉਣ ਤੇ ਬਰਾਤੀਆਂ ਦੀ ਗਿਣਤੀ ਤੋਂ ਲੈ ਕੇ ਪਰੋਸੇ ਜਾਣ ਵਾਲੇ ਵਿਅੰਜਨਾਂ ਤੱਕ ਦੀ ਗਿਣਤੀ ਮਿੱਥਣੀ ਸ਼ੁਰੂ ਕਰ ਦਿੱਤੀ ਹੈ।
ਸਵਾਲ ਉਠਦਾ ਹੈ ਕਿ ਜੇ ਖਾਪ ਪੰਚਾਇਤਾਂ ਸਮੇਂ ਨਾਲ ਬਦਲ ਸਕਦੀਆਂ ਹਨ ਤਾਂ ਹਿੰਦੂ-ਮੁਸਲਿਮ ਵਾਲੀ ਸਿਆਸਤ ਕਰਨ ਵਾਲੇ ਕਿਉਂ ਨਹੀਂ ਬਦਲਦੇ? ਅੰਕਿਤ ਦਾ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਹੈ ਤੇ ਅਦਾਲਤ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਖਾਪ ਦੇ ਵਿਰੁੱਧ ਜਾ ਕੇ ਵਿਆਹ ਕਰਨ ਵਾਲਿਆਂ ਨੂੰ ਸੁਰੱਖਿਆ ਦਿੱਤੀ ਜਾਣ ਲੱਗੀ ਹੈ, ਉਸੇ ਤਰ੍ਹਾਂ ਹੀ ਅੰਕਿਤ-ਸਲੀਮਾ ਵਰਗੇ ਮਾਮਲਿਆਂ ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ। ਕੀ ਸੂਬਾ ਸਰਕਾਰਾਂ ਇਸ ਪਾਸੇ ਧਿਆਨ ਦੇਣਗੀਆਂ? ਕੀ ਹਿੰਦੂ ਵੋਟ ਬੈਂਕ ਤੇ ਮੁਸਲਿਮ ਵੋਟ ਬੈਂਕ ਦੀ ਸਿਆਸਤ ਤੋਂ ਉਪਰ ਉਠ ਕੇ ਸੂਬਾ ਸਰਕਾਰਾਂ ਤੇ ਸਿਆਸੀ ਪਾਰਟੀਆਂ ਇਸ ਬਾਰੇ ਸੋਚਣਗੀਆਂ? ਸਹੀ ਗੱਲ ਤਾਂ ਇਹੋ ਹੈ ਕਿ ਜੇ ਅੰਤਰਜਾਤੀ ਵਿਆਹ ਹੋਣਗੇ ਤਾਂ ਹੀ ਜਾਤ-ਪਾਤ ਦਾ ਰੌਲਾ ਖਤਮ ਹੋਵੇਗਾ, ਜਾਤਵਾਦ ਖਤਮ ਹੋਵੇਗਾ।