ਅਹਿਮਦੀਆ ਮੁਸਲਿਮ ਜਮਾਤ ਕੈਨੇਡਾ ਵੱਲੋਂ ਜਲਸਾ ਸਾਲਾਨਾ ਸਫਲਤਾਪੂਰਬਕ ਸੰਪੰਨ

ਮਿਸੀਸਾਗਾ, 10 ਜੁਲਾਈ (ਪੋਸਟ ਬਿਊਰੋ) : ਅਹਿਮਦੀਆ ਮੁਸਲਿਮ ਜਮਾਤ ਕੈਨੇਡਾ ਵੱਲੋਂ ਆਪਣਾ ਸਾਲਾਨਾ ਇਜਲਾਸ, ਜਿਸ ਨੂੰ ਜਲਸਾ ਸਾਲਾਨਾ ਆਖਿਆ ਜਾਂਦਾ ਹੈ, ਸਫਲਤਾਪੂਰਬਕ ਸੰਪੰਨ ਕੀਤਾ ਗਿਆ। ਇਸ ਜਲਸੇ ਵਿੱਚ ਦੁਨੀਆਂ ਭਰ ਤੋਂ 20,000 ਤੋਂ ਵੀ ਵੱਧ ਲੋਕਾਂ ਨੇ ਹਿੱਸਾ ਲਿਆ। ਇਹ ਜਲਸਾ ਬੀਤੇ ਦਿਨੀਂ ਮਿਸੀਸਾਗਾ ਵਿੱਚ ਇੰਟਰਨੈਸ਼ਨਲ ਸੈਂਟਰ ਵਿਖੇ ਕਰਵਾਇਆ ਗਿਆ।
ਇਸ ਸਬੰਧ ਵਿੱਚ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਰਜਨਾਂ ਭਰ ਲੋਕਲ ਤੇ ਇੰਟਰਨੈਸ਼ਨਲ ਮੀਡੀਆ ਆਊਟਲੈੱਟਸ ਨੇ ਹਿੱਸਾ ਲਿਆ। ਮੁਸਲਿਮ ਟੈਲੀਵਿਜ਼ਨ ਅਹਿਮਦੀਆ ਕੈਨੇਡਾ ਵੱਲੋਂ ਇਸ ਜਲਸੇ ਦੀ ਪੂਰੀ ਕਾਰਵਾਈ ਲਾਈਵ ਟੈਲੀਕਾਸਟ ਕੀਤੀ ਗਈ। ਇਸ ਮੌਕੇ ਪਾਥਵੇਅ ਟੂ ਪੀਸ ਨਾਂ ਦੀ ਨਵੀਂ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਇਸ ਕੈਂਪੇਨ ਤਹਿਤ ਅਹਿਮਦੀਆ ਮੁਸਲਿਮ ਜਮਾਤ ਦੇ ਵਿਸ਼ਵ ਮੁਖੀ ਤੇ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਵੱਲੋਂ ਸਿਖਾਈਆਂ ਇਸਲਾਮ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਸ਼ਾਂਤੀ ਦਾ ਸੁਨੇਹਾ ਪੂਰੀ ਦੁਨੀਆ ਨੂੰ ਦਿੱਤਾ ਜਾਵੇਗਾ। ਪਾਥਵੇਅ ਟੂ ਪੀਸ ਦੇ ਨੌਂ ਸਿਧਾਂਤ ਹਨ ਜਿਨ੍ਹਾਂ ਨੂੰ ਪਾਰਟੀਸਿਪੈਂਟਸ ਅਪਣਾ ਸਕਦੇ ਹਨ ਤੇ ਵਿਸ਼ਵ ਸ਼ਾਂਤੀ ਲਈ ਇਨ੍ਹਾਂ ਰਾਹੀਂ ਯੋਗਦਾਨ ਪਾ ਸਕਦੇ ਹਨ।
ਦਰਜਨਾਂ ਭਰ ਚੁਣਿੰਦਾ ਅਧਿਕਾਰੀਆਂ ਤੇ ਉੱਘੇ ਕਮਿਊਨਿਟੀ ਲੀਡਰਜ਼ ਵੱਲੋਂ ਇਸ ਜਲਸਾ ਸਾਲਾਨਾ ਵਿੱਚ ਹਿੱਸਾ ਲਿਆ ਗਿਆ ਤੇ ਪਾਥਵੇਅ ਟੂ ਪੀਸ ਕੈਂਪੇਨ ਲਈ ਸਹਿਮਤੀ ਦਿੱਤੀ ਗਈ। ਇਸ ਮੌਕੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਤੇ ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਹਾਜ਼ਰੀ ਲਵਾਈ। ਇਸ ਦੌਰਾਨ ਵਿਲੱਖਣ ਪਬਲਿਕ ਸਰਵਿਸ ਲਈ ਦਿੱਤਾ ਜਾਣ ਵਾਲਾ ਸਰ ਮੁਹੰਮਦ ਜ਼ਫਰਉੱਲਾ ਖਾਨ ਐਵਾਰਡ ਸਸਕੈਚਵਨ ਦੇ ਸਾਬਕਾ ਪ੍ਰੀਮੀਅਰ ਬਰੈਡ ਵਾਲ ਨੂੰ ਦਿੱਤਾ ਗਿਆ।
ਇਸ ਮੌਕੇ ਲਾਲ ਖਾਨ ਮਲਿਕ ਨੇ ਇਸ ਇਜਲਾਸ ਦਾ ਆਯੋਜਨ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਵਾਲੰਟੀਅਰਜ਼ ਦਾ ਸ਼ੁਕਰੀਆ ਅਦਾ ਕੀਤਾ ਤੇ ਆਖਿਆ ਕਿ ਅਹਿਮਦੀਆ ਮੁਸਲਿਮ ਜਮਾਤ ਸ਼ਾਂਤੀ, ਪਿਆਰ ਤੇ ਸੰਤੁਲਨ ਵਰਗੀਆਂ ਕੈਨੇਡੀਅਨ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਆਪਣਾ ਪੂਰਾ ਜ਼ੋਰ ਲਾਵੇਗੀ।