ਅਸੀਸਾਂ ਦੀ ਨਦੀ

-ਲਾਲ ਚੰਦ ਸਿਰਸੀਵਾਲਾ
ਦਸਾਂ ਕੁ ਸਾਲ ਦਾ ਬੱਚਾ ਕਦੇ ਆਪਣੀ ਮੰਮੀ ਨਾਲ, ਕਦੇ ਆਪਣੇ ਦਾਦੇ ਨਾਲ ਸਵੇਰੇ-ਸਵੇਰੇ ਸੈਰ ਕਰਨ ਆਉਂਦਾ। ਜਿਸ ਦਿਨ ਉਹ ਦਾਦੇ ਨਾਲ ਹੁੰਦਾ ਤਾਂ ਉਹ ਉਸ ਤੋਂ ਅੱਗੇ ਭੱਜ-ਭੱਜ ਕੇ ਸੜਕ ਤੋਂ ਡੱਕੇ, ਰੋੜੇ, ਕਿੱਲ, ਪੱਤੀ ਆਦਿ ਚੁੱਕ ਕੇ ਪਰੇ ਕਰ ਦਿੰਦਾ। ਮੰਮੀ ਨਾਲ ਹੁੰਦਾ ਤਾਂ ਆਨੇ ਬਹਾਨੇ ਪਿੱਛੇ ਰਹਿ ਕੇ ਇਹੋ ਕੰਮ ਕਰਦਾ। ਜਦੋਂ ਉਸ ਦੀ ਮੰਮੀ ਪਿੱਛੇ ਉਸ ਨੂੰ ਦੇਖਦੀ ਤਾਂ ‘ਕੁਛ ਨ੍ਹੀਂ ਕੀਤਾ’ ਵਰਗੀ ਐਕਟਿੰਗ ਕਰਦਾ। ਇਕ ਦਿਨ ਦਾਦੇ ਨਾਲ ਜਾਂਦੇ ਨੂੰ ਮੈਂ ਪੁੱਛ ਲਿਆ, ‘ਪੁੱਤਰ, ਇਹ ਕੰਮ ਤਾਂ ਬਹੁਤ ਚੰਗੈ, ਕਿੱਥੋਂ ਸਿੱਖਿਆ? ਨਾਲੇ ਮੰਮੀ ਤੋਂ ਚੋਰੀ ਕਿਉਂ ਕਰਦੈਂ?’ ਬੱਚੇ ਦਾ ਉਤਰ ਸੀ, ‘ਅੰਕਲ ਜੀ, ਇਕ ਫਿਲਮ ਵਿੱਚ ਭਗਤ ਪੂਰਨ ਸਿੰਘ ਇਉਂ ਰੋੜੇ ਚੁੱਕਦੇ ਸਨ ਤਾਂ ਕਿ ਲੋਕਾਂ ਦੇ ਪੈਰਾਂ ‘ਚ ਨਾ ਲੱਗਣ। ਮੈਨੂੰ ਇੰਜ ਕਰਕੇ ਖੁਸ਼ੀ ਮਿਲਦੀ ਐ, ਪਰ ਮੰਮੀ ਮੈਨੂੰ ਇੰਜ ਕਰਨ ਨਹੀਂ ਦਿੰਦੇ, ਘੂਰਦੇ ਨੇ, ਬੱਸ ਤਾਂ ਕਰਕੇ।’
ਬੱਚੇ ਦਾ ਜੁਆਬ ਸੁਣਦਿਆਂ ਸਾਰ ਮੈਂ ਆਪਣੇ ਖੂਬਸੂਰਤ ਅਤੀਤ ਵਿੱਚ ਗੁਆਚ ਗਿਆ। ਕੋਰਸ ਕਰਨ ਲਈ ਵੱਡੇ ਸ਼ਹਿਰ ਜਾਣਾ ਸੀ ਤਾਂ ਬੇਬੇ ਨੇ ਕਿਹਾ ਸੀ, ‘ਪੁੱਤ, ਮਿਹਨਤ ਕਰੀਂ। ਘਰੋਂ ਬਾਹਰ ਰਹਿ ਕੇ ਬੱਚੇ ਨਸ਼ਾ ਕਰਨ ਲੱਗ ਪੈਂਦੇ ਨੇ, ਬਚ ਕੇ ਰਹੀਂ। ਸਿਨਮੇ ਦੇ ਬਾਰ ਮੂਹਰੇ ਦੀ ਵੀ ਨਹੀਂ ਲੰਘਣਾ ਕਦੇ। ਸ਼ਹਿਰ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਜੁਆਕ ਫਿਲਮਾਂ ਦੇਖ ਕੇ ਵਿਗੜੇ ਨੇ।’ ਮੈਂ ਸੱਤ ਬਚਨ ਕਹਿ ਕੇ ਚਲਾ ਗਿਆ। ਕੋਰਸ ਦੌਰਾਨ ਬੇਬੇ ਦੀ ਕਹੀ ਗੱਲ ਯਾਦ ਰੱਖੀ। ਕੋਰਸ ਤੋਂ ਬਾਅਦ ਇੰਟਰਵਿਊ ਹੋਈ ਅਤੇ ਨੌਕਰੀ ਦੀ ਚਿੱਠੀ ਦੀ ਉਡੀਕ ਹੋਣ ਲੱਗ ਪਈ। ਮੇਰੇ ਨਾਲ ਪੜ੍ਹਦੇ ਦੋਸਤ ਦਾ ਪਿਤਾ ਪੋਸਟ ਮਾਸਟਰ ਸੀ। ਮੈਂ ਉਨ੍ਹਾਂ ਨੂੰ ਚਿੱਠੀ ਦਾ ਖਿਆਲ ਰੱਖਣ ਲਈ ਬੇਨਤੀ ਕੀਤੀ, ਤੇ ਫਿਰ ਇਕ ਸ਼ਨਿੱਚਰਵਾਰ ਨੌਕਰੀ ਦੇ ਹੁਕਮਾਂ ਵਾਲੀ ਚਿੱਠੀ ਡਾਕਖਾਨੇ ਪਹੁੰਚ ਗਈ। ਐਤਵਾਰ ਸਵੇਰੇ-ਸਵੇਰੇ ਮੇਰਾ ਦੋਸਤ ਖੁਦ ਚਿੱਠੀ ਲੈ ਕੇ ਆਣ ਪੁੱਜਾ।
ਗਰੀਬ ਘਰ ‘ਚ ਸਰਕਾਰੀ ਨੌਕਰੀ ਦੀ ਚਿੱਠੀ ਦਾ ਚਾਅ ਘਰ ਦੇ ਕਿਸੇ ਵੀ ਜੀਅ ਤੋਂ ਚੁੱਕਿਆ ਨਹੀਂ ਸੀ ਜਾ ਰਿਹਾ। ਬਾਪੂ ਨੇ 50 ਦਾ ਨੋਟ ਦਿੰਦਿਆਂ ਕਿਹਾ, ‘ਪੁੱਤਰਾ, ਆਪਣੇ ਦੋਸਤ ਨੂੰ ਮਾਨਸਾ ਲੈ ਜਾ, ਬਹੁਤ ਚੰਗਾ ਸੁਨੇਹਾ ਲੈ ਕੇ ਆਇਐ, ਮੂੰਹ ਮਿੱਠਾ ਕਰਵਾ ਲਿਆ।’ ਪੰਜਾਹਾਂ ਦਾ ਨੋਟ ਜੇਬ ‘ਚ ਪਿਆ ਸਾਨੂੰ ਬਹੁਤ ਅਮੀਰ ਹੋਣ ਦਾ ਅਹਿਸਾਸ ਕਰਨਾ ਰਿਹਾ ਸੀ। ਅਸੀਂ ਦੋਵਾਂ ਨੇ ਪ੍ਰੋਗਰਾਮ ਬਣਾਇਆ ਕਿ ਦੋ ਦੋ ਪੈਗ ਲਾ ਕੇ ਫਿਲਮ ਦੇਖਾਂਗੇ, ਪਰ ਅਸੀਂ ਪਹਿਲਾਂ ਕਦੇ ਸ਼ਰਾਬ ਦਾ ਸਵਾਦ ਨਹੀਂ ਸੀ ਚਖਿਆ, ਡਰ ਸੀ ਕਿ ਪਹਿਲੀ ਵਾਰ ਕਿਤੇ ਕੁਝ ਹੋ ਨਾ ਜਾਵੇ। ਅਸੀਂ ਪ੍ਰੋਗਰਾਮ ਬਦਲ ਦਿੱਤਾ, ਪਹਿਲਾਂ ਫਿਲਮ ਤੇ ਫਿਰ ਸ਼ਰਾਬ ਦੀ ਸਲਾਹ ਬਣਾ ਕੇ ਟਿਕਟਾਂ ਲੈ ਕੇ ਸਿਨਮੇ ਜਾ ਵੜੇ। ਉਹ ਸ਼ਹਿਰੀ ਹੋਣ ਕਾਰਨ ਪਹਿਲਾਂ ਸਿਨਮਾ ਵੇਖ ਚੁੱਕਾ ਸੀ, ਪਰ ਮੇਰੇ ਵਾਸਤੇ ਇਹ ਨਵੇਂ ਯੁੱਗ ਦੀ ਸ਼ੁਰਆਤ ਸੀ। ਫਿਲਮ ਸ਼ੁਰੂ ਹੋਈ, ਪੂਰੀ ਫਿਲਮ ਦੇਖਦਿਆਂ ਅਸੀਂ ਇਕ ਦੂਜੇ ਨਾਲ ਅੱਖਾਂ ਨਾ ਮਿਲਾ ਸਕੇ, ਕਿਉਂਕਿ ਉਸ ਫਿਲਮ ਦੇ ਸ਼ਰਾਬ ਪੀਣ ਵਾਲੇ ਪਾਤਰਾਂ ਦੇ ਘਰ ਲੜਾਈ, ਝਗੜੇ, ਬਰਬਾਦੀ ਤੇ ਅਖੀਰ ਵਿੱਚ ਮੌਤ! ਇਹ ਫਿਲਮ ਸੀ ‘ਸਰਪੰਚ’।
ਪੂਰੀ ਫਿਲਮ ਦੇਖ ਕੇ ਬਾਹਰ ਨਿਕਲੇ, ਇਕ ਦੂਜੇ ਨਾਲ ਅੱਖਾਂ ਮਿਲੀਆਂ। ਨਜ਼ਰਾਂ ਇਹ ਕਹਿੰਦੀਆਂ ਜਾਪਦੀਆਂ ਸਨ, ‘ਤੂੰ ਪੀਣੀ ਐ ਤਾਂ ਪੀ ਲੈ, ਮੈਂ ਨਹੀਂ ਪੀਣੀ।’ ਫਿਰ ਅਸੀਂ ਮਠਿਆਈ ਦੀ ਦੁਕਾਨ ‘ਤੇ ਗਏ। ਦੁੱਧ ਨਾਲ ਬਰਫੀ ਖਾਧੀ। ਇਕ ਦੂਜੇ ਨਾਲ ਜ਼ਿੰਦਗੀ ਭਰ ਸ਼ਰਾਬ ਨਾ ਪੀਣ ਦਾ ਵਾਅਦਾ ਕਰਕੇ ਬੱਸ ‘ਚ ਬੈਠ ਗਏ।
ਆਪਣੇ ਇਸ ਅਤੀਤ ਵਿੱਚੋਂ ਬਾਹਰ ਨਿਕਲਿਆ ਤਾਂ ਬੱਚਾ ਅਤੇ ਉਸ ਦਾ ਦਾਦਾ ਦੂਰ ਨਿਕਲ ਚੁੱਕੇ ਸਨ। ਪ੍ਰੇਰਨਾ ਮਈ ਪਲਾਂ ਵਿੱਚੋਂ ਲੰਘਦਿਆਂ ਦਿਲ ‘ਚੋਂ ਬੱਚੇ ਲਈ ਅਸੀਸਾਂ ਦੀਆਂ ਨਦੀਆਂ ਵਗਣ ਲੱਗ ਪਈਆਂ।