ਅਸੀਂ ਇਹੋ ਜਿਹਾ ਭਾਰਤ ਤਾਂ ਨਹੀਂ ਸੀ ਬਣਾਉਣਾ ਚਾਹਿਆ


-ਪੂਰਨ ਚੰਦ ਸਰੀਨ
ਭਾਰਤ ਦੇ ਆਜ਼ਾਦੀ ਸੰਗਰਾਮ ਦੇ ਘੁਲਾਟੀਆਂ, ਆਜ਼ਾਦੀ ਦੇ ਦਹਾਕੇ ਤੇ ਉਸ ਦੇ ਆਸ ਪਾਸ ਜੰਮੀ ਪੀੜ੍ਹੀ ਨੇ ਭਾਰਤ ਦੀ ਅਜਿਹੀ ਕਲਪਨਾ ਬਿਲਕੁਲ ਨਹੀਂ ਕੀਤੀ ਹੋਵੇਗੀ, ਜਿਹੋ ਜਿਹੀ ਦੇਸ਼ ਦੀ ਮੌਜੂਦਾ ਦਸ਼ਾ ਤੇ ਹੈ। ਇਕ ਖੁਸ਼ਹਾਲ ਤੇ ਕਈ ਫਿਰਕਿਆਂ, ਜਾਤਾਂ, ਧਰਮਾਂ ਤੇ ਵੰਨ ਸੁਵੰਨਤਾਵਾਂ ਦੀ ਸੁਹਿਰਦਤਾ ਭਰੇ ਦੇਸ਼ ਦੀ ਕਲਪਨਾ ਕੀਤੀ ਸੀ। ਸਥਿਤੀ ਅੱਜ ਕੀ ਹੈ? ਇਕ ਪਾਸੇ ਅਸੀਂ ਮਾਣ ਨਾਲ ਝੂਮ ਉਠਦੇ ਹਾਂ, ਜਦੋਂ ਗਣਤੰਤਰ ਦਿਵਸ ਮੌਕੇ ਆਪਣੀ ਫੌਜ ਦੇ ਹੌਸਲੇ ਅਤੇ ਆਧੁਨਿਕ ਤਕਨੀਕਾਂ ਨਾਲ ਲੈਸ ਦੇਸ਼ ਦੀ ਤਰੱਕੀ ਦੀ ਝਲਕ ਦੇਖਦੇ ਹਾਂ ਤੇ ਉਦੋਂ ਸ਼ਰਮਸਾਰ ਹੋ ਜਾਂਦੇ ਹਾਂ, ਜਦੋਂ ਇਸ ਕੌਮੀ ਉਤਸਵ ਮੌਕੇ ਫਿਰਕੂ ਹਿੰਸਾ ਹੁੰਦੀ ਦੇਖਦੇ ਹਾਂ। ਜਦੋਂ ਅਸੀਂ ਵਿਦੇਸ਼ਾਂ ਵਿੱਚ ਭਾਰਤੀ ਸਾਖ ਦਾ ਡੰਕਾ ਵੱਜਦੇ ਦੇਖਦੇ ਹਾਂ ਤਾਂ ਖੁਸ਼ ਹੁੰਦੇ ਹਾਂ, ਪਰ ਦੂਜੇ ਪਾਸੇ ਦੇਸ਼ ਵਿੱਚ ਰਾਮ ਰਹੀਮ ਵਰਗੇ ਧਰਮ ਦੇ ਨਾਂ ‘ਤੇ ਕੁਕਰਮ ਕਰਨ ਵਾਲੇ ਬਾਬੇ ਨੂੰ ਬਚਾਉਣ ਲਈ ਆਪਣੀ ਜਾਨ ਤੱਕ ਦੀ ਬਾਜ਼ੀ ਲਾਉਣ ਲਈ ਤਿਆਰ ਹਿੰਸਕ ਭੀੜ ਦੀਆਂ ਕਰਤੂਤਾਂ ਦੇ ਦਿ੍ਰਸ਼ ਸਾਨੂੰ ਬੇਚੈਨ ਕਰ ਦਿੰਦੇ ਹਨ। ਇਕ ਸਾਧਾਰਨ ਜਿਹੀ ਫਿਲਮ ਤੋਂ ਕੁਝ ਲੋਕ ਦੇਸ਼ ਦੇ ਸਮਾਜਿਕ ਤਾਣੇ ਬਾਣੇ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰਦੇ ਹਨ।
ਆਜ਼ਾਦੀ ਤੋਂ ਬਾਅਦ ਤੈਅ ਹੋਇਆ ਸੀ ਕਿ ਹਰ ਇਕ ਹੱਥ ਨੂੰ ਰੋਜ਼ਗਾਰ ਮਿਲੇਗਾ, ਕੋਈ ਅਨਪੜ੍ਹ ਨਹੀਂ ਰਹੇਗਾ, ਸਾਰੇ ਤੰਦਰੁਸਤ ਹੋਣਗੇ ਅਤੇ ਭਾਰਤ ਉਨ੍ਹਾਂ ਦੇਸ਼ਾਂ ਵਾਂਗ ਵਿਕਸਿਤ ਦੇਸ਼ ਅਖਵਾਏਗਾ, ਜੋ ਭਾਰਤ ਦੇ ਨਾਲ ਜਾਂ ਉਸ ਦੇ ਆਸ ਪਾਸ ਆਜ਼ਾਦ ਹੋਏ ਸਨ। ਸੱਚਾਈ ਇਹ ਹੈ ਕਿ ਜੋ ਦੇਸ਼ ਦੂਜੀ ਸੰਸਾਰ ਜੰਗ ‘ਚ ਪੂਰੀ ਤਰ੍ਹਾਂ ਬਰਬਾਦ ਹੋ ਗਏ ਸਨ, ਜਿਵੇਂ ਜਾਪਾਨ ਤੇ ਜਰਮਨੀ, ਅੱਜ ਅਸੀਂ ਉਨ੍ਹਾਂ ਦੇ ਸਾਹਮਣੇ ਕਿਤੇ ਨਹੀਂ ਠਹਿਰਦੇ। ਇਸੇ ਲੜੀ ‘ਚ ਯੂਰਪ ਅਤੇ ਏਸ਼ੀਆ ਦੇ ਉਹ ਦੇਸ਼ ਵੀ ਹਨ, ਜਿਹੜੇ ਅੱਜ ਸਾਡੇ ਤੋਂ ਬੜੇ ਅੱਗੇ ਨਿਕਲ ਚੁੱਕੇ ਹਨ। ਉਥੇ ਗਰੀਬੀ ਤੇ ਬੇਰੋਜ਼ਗਾਰੀ ਦਾ ਪੈਮਾਨਾ ਬਦਲ ਚੁੱਕਾ ਹੈ। ਅਸੀਂ ਅਜੇ ਵੀ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ ਕਰਦੇ ਰਹਿੰਦੇ ਹੰ। ਬੇਰੋਜ਼ਗਾਰੀ ਦਾ ਅੰਕੜ ਦਿਨ ਬ ਦਿਨ ਵਧ ਰਿਹਾ ਹੈ ਤੇ ਕੁਲ ਘਰੇਲੂ ਆਮਦਨ ਉਕਤ ਦੇਸ਼ਾਂ ਦੇ ਬਰਾਬਰ ਆਉਣ ਦਾ ਨਾਂ ਹੀ ਨਹੀਂ ਲੈ ਰਹੀ।
ਸੰਸਾਰ ਬੈਂਕ ਦੀ ਮੰਨੀਏ ਤਾਂ ਕਿਸੇ ਵਿਕਾਸਸ਼ੀਲ ਦੇਸ਼ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਘੱਟੋ-ਘੱਟ ਤਿੰਨ ਲੱਖ ਤੋਂ ਸੱਤ ਲੱਖ ਰੁਪਏ ਤੱਕ ਕਮਾਉਣੇ ਚਾਹੀਦੇ ਹਨ, ਤਦੇ ਉਹ ਵਿਕਾਸਸ਼ੀਲ ਦੀ ਸ਼੍ਰੇਣੀ ‘ਚ ਆਵੇਗਾ। ਭਾਰਤ ਵਿੱਚ ਜ਼ਿਆਦਾਤਰ ਲੋਕ ਅਜਿਹੇ ਹਨ, ਜੋ ਸਾਲ ਦਾ ਇਕ ਲੱਖ ਰੁਪਿਆ ਵੀ ਨਹੀਂ ਕਮਾ ਸਕਦੇ। ਦੇਸ਼ ਅਜਿਹੇ ਲੋਕਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਕੋਲ ਕੰਮ ਨਹੀਂ। ਸਰਕਾਰੀ ਨੌਕਰੀ ਦੇ ਇਕ ਅਹੁਦੇ ਲਈ ਲੱਖਾਂ ਅਰਜ਼ੀਆਂ ਆਉਂਦੀਆਂ ਹਨ। ਦੂਜੇ ਪਾਸੇ ਸਰਕਾਰੀ ਨੌਕਰੀਆਂ ਦੀ ਚੋਣ ਪ੍ਰਕਿਰਿਆ ਇੰਨੀ ਸੁਸਤ ਹੈ ਕਿ ਉਸ ਨੌਕਰੀ ਨੂੰ ਲੈਣ ‘ਚ ਵਰ੍ਹੇ ਲੱਗ ਜਾਂਦੇ ਹਨ। ਉਮੀਦਵਾਰ ਉਦੋਂ ਤੱਕ ਜਾਂ ਤਾਂ ਨਿਰਾਸ਼ ਹੋ ਚੁੱਕਾ ਹੁੰਦਾ ਹੈ ਜਾਂ ਆਪਣੀ ਕਾਬਲੀਅਤ ਤੋਂ ਘੱਟ ਤਨਖਾਹ ਵਾਲੀ ਨੌਕਰੀ ਕਰ ਲੈਂਦਾ ਹੈ। ਸੁਭਾਵਿਕ ਹੈ ਕਿ ਜੇ ਉਮੀਦਵਾਰ ਨੌਕਰੀ ਲਈ ਮਿੱਥੀ ਉਮਰ ਹੱਦ (ਜਿਵੇਂ 25 ਸਾਲ) ਨੂੰ ਟੱਪ ਜਾਂਦਾ ਹੈ ਤਾਂ ਉਹ ਖੁਦਕੁਸ਼ੀ ਦਾ ਰਾਹ ਅਪਣਾ ਸਕਦਾ ਹੈ ਜਾਂ ਅਪਰਾਧ ਦੇ ਰਾਹ ਤੁਰ ਸਕਦਾ ਹੈ। ਕਹਿਣ ਦਾ ਭਾਵ ਇਹ ਕਿ ਸਮਾਜ ਤੇ ਇਸ ਦੇ ਨਿਯਮ ਕਾਨੂੰਨ ਕਿਤੇ ਨਾ ਕਿਤੇ ਅਪਰਾਧ ਨੂੰ ਜਨਮ ਦੇ ਰਹੇ ਹਨ, ਜੋ ਦੇਸ਼ ਲਈ ਇਕ ਬਹੁਤ ਵੱਡੀ ਸਮੱਸਿਆ ਹੈ।
ਡੈਨਮਾਰਕ ਦੀ ਮਿਸਾਲ ਦੇਖ ਲਓ। ਉਹ ਇਕ ਅਜਿਹਾ ਦੇਸ਼ ਹੈ, ਜਿਥੇ ਸਭ ਤੋਂ ਵੱਧ ਰੋਜ਼ਗਾਰ ਹੈ, ਭਿ੍ਰਸ਼ਟਾਚਾਰ ਲਗਭਗ ਨਾ ਦੇ ਬਰਾਬਰ ਹੈ, ਨਾਗਰਿਕਾਂ ਦੀ ਆਮਦਨ ‘ਚ ਨਾਬਰਾਬਰੀ ਬਹੁਤ ਘੱਟ ਹੈ। ਜੰਗ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਝੱਲਣ ਵਾਲਾ ਜਰਮਨੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ‘ਚੋਂ ਇਕ ਹੈ। ਇਥੇ ਉਦਮਤਾ ਨੂੰ ਸਭ ਤੋਂ ਵੱਧ ਉਤਸ਼ਾਹਿਤ ਕੀਤਾ ਗਿਆ। ਇਹ ਦੁਨੀਆ ਦੇ ਸਭ ਤੋਂ ਜ਼ਿਆਦਾ ਸਿੱਖਿਅਤ ਦੇਸ਼ਾਂ ‘ਚ ਵੀ ਸ਼ਾਮਲ ਹੈ।
ਨਿਊਜ਼ੀਲੈਂਡ, ਜਾਪਾਨ ਤੇ ਚੀਨ ਵਰਗੇ ਦੇਸ਼ ਸਭ ਤੋਂ ਘੱਟ ਭਿ੍ਰਸ਼ਟਾਚਾਰ ਵਾਲੇ, ਆਰਥਿਕ ਤੌਰ ਉਤੇ ਮਜ਼ਬੂਤ ਅਤੇ ਉਚ ਜੀਵਨ ਪੱਧਰ ‘ਚ ਆਉਂਦੇ ਹਨ। ਉਥੋਂ ਦਾ ਇਕ ਅਮੀਰ ਵਿਅਕਤੀ ਆਪਣੀ ਕਮਾਈ ਉਦਯੋਗ, ਸਿੱਖਿਆ ਅਤੇ ਲੋਕਾਂ ਦੀ ਭਲਾਈ ‘ਤੇ ਖਰਚ ਕਰਦਾ ਹੈ। ਉਥੇ ਟੈਕਸ ਬਚਾਉਣ ‘ਤੇ ਨਹੀਂ, ਜੀਵਨ ਪੱਧਰ ਸੁਧਾਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ।
ਅਜਿਹਾ ਨਹੀਂ ਕਿ ਵਿਕਸਿਤ ਦੇਸ਼ਾਂ ਵਿੱਚ ਅਮੀਰਾਂ ਗਰੀਬਾਂ ਵਿਚਾਲੇ ਪਾੜਾ ਨਾ ਹੋਵੇ, ਪਰ ਇਕ ਖਾਸ ਫਰਕ ਹੈ, ਜਿਸ ਕਰਕੇ ਉਥੋਂ ਦਾ ਅਮੀਰ ਇਹ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ ਕਿ ਦੇਸ਼ ਦਾ ਕੁਝ ਬਣੇ, ਤਾਂ ਕਿ ਉਥੋਂ ਦਾ ਗਰੀਬ ਵਰਗ ਵੀ ਖੁਸ਼ਹਾਲ ਹੋ ਸਕੇ। ਮਿਸਾਲ ਵਜੋਂ ਭਾਰਤੀ ਅਮੀਰ ਲੋਕ ਆਪਣੇ ਰਹਿਣ ਲਈ ਵੱਡੇ-ਵੱਡੇ ਲਗਜ਼ਰੀ ਮਹੱਲ ਬਣਵਾਉਂਦੇ ਜਾਂ ਵਿਸ਼ਾਲ ਧਾਰਮਿਕ ਅਸਥਾਨ ਬਣਵਾਉਂਦੇ ਹਨ। ਇਹੋ ਗੱਲ ਸਰਕਾਰੀ ਪੱਧਰ ‘ਤੇ ਹੈ। ਬੇਸ਼ਕੀਮਤੀ ਜ਼ਮੀਨ ਸਿਆਸਤਦਾਨਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਯਾਦਗਾਰ ਬਣਾਈ ਰੱਖਣ ਦੇ ਨਾਂ ਉਤੇ ਹਥਿਆ ਲਈ ਜਾਂਦੀ ਹੈ। ਦੂਜੇ ਪਾਸੇ ਵਿਦੇਸ਼ੀ ਅਮੀਰ ਆਪਣੇ ਪੈਸੇ ਸਾਇੰਸ, ਤਕਨਾਲੋਜੀ, ਖੋਜ ਕੇਂਦਰ ਤੇ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਕਰਨ, ਪੱਛੜੇ ਦੇਸ਼ਾਂ ਵਿੱਚ ਸਿਹਤ ਤੇ ਰੋਜ਼ਗਾਰ ਦੇ ਸੋਮੇ ਜੁਟਾਉਣ ਉਤੇ ਖਰਚ ਕਰਦੇ ਹਨ। ਭਾਰਤੀ ਅਮੀਰ ਆਪਣੀਆਂ ਪੀੜ੍ਹੀਆਂ ਨੂੰ ਹੀ ਆਰਥਿਕ ਸੁਰੱਖਿਆ ਦੇਣ ਦਾ ਪ੍ਰਬੰਧ ਕਰਦਾ ਹੈ, ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ‘ਚ ਕਰੋੜਾਂ ਰੁਪਿਆ ਖਰਚ ਕਰਨ ਤੋਂ ਨਹੀਂ ਝਿਜਕਦਾ ਤੇ ਆਪਣੀ ਅਮੀਰੀ ਦਾ ਪ੍ਰਦਰਸ਼ਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਵਿਕਸਿਤ ਦੇਸ਼ਾਂ ਦੇ ਅਮੀਰ ਆਪਣੇ ਪਰਵਾਰ ਦੀ ਬਜਾਏ ਸਮਾਜ ਦੇ ਵਿਕਾਸ ਲਈ ਧਨ ਖਰਚਣ ਨੂੰ ਪਹਿਲ ਦਿੰਦੇ ਹਨ।
ਭਾਰਤ ਇਕ ਅਜਿਹਾ ਦੇਸ਼ ਹੈ, ਜਿਥੇ ਧਾਰਮਿਕ ਵੰਨ ਸੁਵੰਨਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੋਵਾਂ ਨੂੰ ਕਾਨੂੰਨੀ ਤੇ ਸਮਾਜਿਕ ਮਾਨਤ ਹਾਸਲ ਹੈ। ਇਥੇ ਸਿੱਖਿਆ ‘ਤੇ ਨਹੀਂ, ਧਾਰਮਿਕ ਪਖੰਡਾਂ ਅਤੇ ਰੀਤੀ ਰਿਵਾਜ਼ਾਂ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਭਾਰਤ ‘ਚ 119 ਅਰਬਪਤੀ ਹਨ ਅਤੇ ਇਸ ਲਿਹਾਜ਼ ਨਾਲ ਭਾਰਤ ਦੁਨੀਆ ‘ਚ ਤੀਜਾ ਸਥਾਨ ਵੀ ਰੱਖਦਾ ਹੈ, ਪਰ ਗਰੀਬੀ ਜਿਉਂ ਦੀ ਤਿਉਂ ਬਣੀ ਹੋਈ ਹੈ। ਕੁਝ ਲੋਕ ਇਕ ਵੇਲੇ ਦੀ ਰੋਟੀ ਲਈ ਵੀ ਤਰਸ ਰਹੇ ਹਨ ਅਤੇ ਕੁਝ ਲੋਕ ਲੱਖਾਂ ਦੇ ਘਪਲੇ ਕਰਕੇ ਡਕਾਰ ਵੀ ਨਹੀਂ ਮਾਰਦੇ। ਲੋਕਾਂ ਦੀ ਆਮਦਨ ਵਿੱਚ ਇਥੇ ਇੰਨਾ ਫਰਕ ਹੈ ਕਿ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ- ‘ਇੰਡੀਆ’ ਭਾਵ ਅਮੀਰ ਅਤੇ ‘ਭਾਰਤ’ ਭਾਵ ਗਰੀਬ।
ਇਹ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ ਕਿ ਕਦੇ ਧਰਮ ਦੇ ਨਾਂ ‘ਤੇ, ਕਦੇ ਜਾਤ ਦੇ ਨਾਂ ‘ਤੇ, ਕਦੇ ਫਿਰਕੂ ਮੁੱਦਿਆਂ ਨੂੰ ਲੈ ਕੇ ਘਮਸਾਨ ਬੰਦ ਨਹੀਂ ਹੋ ਰਿਹਾ। ਲੋਕ ਅੱਜ ਵੀ ਰੂੜੀਵਾਦ ਵਿੱਚ ਫਸੇ ਹੋਏ ਹਨ। ਜ਼ਰੂਰੀ ਹੈ ਕਿ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਇਸ ਵਿੱਚ ਸਰਕਾਰ ਦੀ ਭੂਮਿਕਾ ਵੀ ਅਹਿਮ ਹੈ, ਜਿਸ ਨੂੰ ਅਜਿਹੀਆਂ ਮਿਸਾਲਾਂ ਕਾਇਮ ਕਰਨੀਆਂ ਪੈਣਗੀਆਂ ਕਿ ਆਮ ਨਾਗਰਿਕ ਉਨ੍ਹਾਂ ਨੂੰ ਅਪਣਾਉਣ ਲਈ ਤਿਆਰ ਹੋ ਜਾਣ।