ਅਸਲਾ ਡਿਪੂ ਦੀ ਜਾਂਚ ਦੌਰਾਨ ਧਮਾਕੇ ਕਾਰਨ ਟੀਮ ਦੇ ਚਾਰਜਮੈਨ ਦੀ ਮੌਤ, 9 ਜ਼ਖਮੀ


ਮੁਕੇਰੀਆਂ, 15 ਮਈ, (ਪੋਸਟ ਬਿਊਰੋ)- ਏਥੋਂ ਨੇੜਲੇ ਕਸਬਾ ਉੱਚੀ ਬੱਸੀ ਵਿੱਚ ਭਾਰਤੀ ਫੌਜ ਦੇ ਅਸਲਾ ਕੇਂਦਰ ਵਿੱਚ ਜੱਬਲਪੁਰ ਤੋਂ ਆਈ ਵਿਸ਼ੇਸ਼ ਟੀਮ ਦੀ ਜਾਂਚ ਦੌਰਾਨ ਕਰੀਬ 3.30 ਵਜੇ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਜਣੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਗੰਭੀਰ ਹਾਲਤ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ, ਕੈਪੀਟਲ ਹਸਪਤਾਲ ਜਲੰਧਰ ਤੇ ਪਠਾਨਕੋਟ ਦੇ ਮਿਲਟਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਪ੍ਰਬੰਧ ਹੇਠ ਚੱਲਦੀ ਆਰਡਨੈਂਸ ਫੈਕਟਰੀ ਖਮੌਰੀਆ (ਜੱਬਲਪੁਰ) ਤੋਂ ਕੰਪਨੀ ਦੇ ਅਧਿਕਾਰੀ ਐਸ ਕੇ ਸ਼ਰਮਾ ਅਤੇ ਪ੍ਰਸ਼ੋਤਮ ਲਾਲ ਦੀ ਅਗਵਾਈ ਵਿੱਚ 6 ਮੈਂਬਰੀ ਟੀਮ ਉੱਚੀ ਬੱਸੀ ਅਸਲਾ ਕੇਂਦਰ ਵਿੱਚ ਅਸਲੇ ਦੀ ਜਾਂਚ ਲਈ ਆਈ ਸੀ। ਇਸੇ ਦੌਰਾਨ ਜਦੋਂ ਟੀਮ ਵਲੋਂ ਨੁਕਸਾਨਿਆ ਅਤੇ ਠੀਕ-ਠਾਕ ਅਸਲਾ ਵੱਖ ਵੱਖ ਕੀਤਾ ਜਾ ਰਿਹਾ ਸੀ ਤਾਂ ਇੱਕ ਬੰਬ-ਨੁਮਾ ਚੀਜ਼ ਤੋਂ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਇੱਕ ਜੇ ਸੀ ਓ ਸਮੇਤ 9 ਜਣੇ ਜ਼ਖ਼ਮੀ ਹੋ ਗਏ ਅਤੇ ਜਾਂਚ ਟੀਮ ਦੇ ਚਾਰਜਮੈਨ ਅਜੈ ਕੁਮਾਰ ਪਾਂਡੇ ਦੀ ਮੌਤ ਹੋ ਗਈ। ਧਮਾਕਾ ਹੋਣ ਉੱਤੇ ਫੌਜ ਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਨੇ ਜ਼ਖਮੀਆਂ ਨੂੰ ਸਿਵਲ ਤੇ ਮਿਲਟਰੀ ਹਸਪਤਾਲਾਂ ਵਿੱਚ ਪਹੁੰਇਆ ਗਿਆ।