ਅਸਫਲਤਾ ਦੁਖੀ ਕਰਦੀ ਹੈ : ਰਣਬੀਰ ਕਪੂਰ


ਰਣਬੀਰ ਕਪੂਰ ਯਕੀਨਨ ਬਾਲੀਵੁੱਡ ਦੇ ਗਿਣੇ-ਚੁਣੇ ਪ੍ਰਤਿਭਾਸ਼ਾਲੀ ਐਕਟਰਾਂ ਵਿੱਚੋਂ ਇੱਕ ਹੈ। ਪਿਛਲੇ ਸਮੇਂ ਉਸ ਦੀਆਂ ਫਿਲਮਾਂ ਲਗਾਤਾਰ ਅਸਫਲ ਹੁੰਦੀਆਂ ਰਹੀਆਂ ਹਨ, ਫਿਰ ਵੀ ਸੰਜੇ ਦੱਤ ਦੀ ਜ਼ਿੰਦਗੀ ‘ਤੇ ਆਧਾਰਤ ਉਸ ਦੀ ਹੁਣੇ ਜਿਹੇ ਰਿਲੀਜ਼ ਫਿਲਮ ‘ਸੰਜੂ’ ਤੋਂ ਉਸ ਨੂੰ ਬਹੁਤ ਉਮੀਦਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:
* ਕੀ ਸੰਜੇ ਦੱਤ ਦਾ ਕਿਰਦਾਰ ਨਿਭਾਉਂਦੇ ਸਮੇਂ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
– ਹਾਂ, ਜਦੋਂ ਰਾਜੂ ਸਰ ਨੇ ਮੈਨੂੰ ਦੱਸਿਆ ਕਿ ਸੰਜੇ ਦੱਤ ਦੀ ਬਾਇਓਪਿਕ ਬਣਾ ਰਹੇ ਹਨ ਤਾਂ ਮੇਰਾ ਪਹਿਲਾ ਰਿਐਕਸ਼ਨ ਸੀ ਕਿ ਅਜਿਹਾ ਸੰਭਵ ਨਹੀਂ, ਉਹ ਅਜੇ ਵੀ ਸੁਪਰ ਸਟਾਰ ਹਨ ਅਤੇ ਮੈਂ ਉਨ੍ਹਾਂ ਦਾ ਕਿਰਦਾਰ ਕਿਵੇਂ ਨਿਭਾਅ ਸਕਦਾ ਹਾਂ, ਪਰ ਜਦੋਂ ਮੈਂ ਕਹਾਣੀ ਪੜ੍ਹੀ ਤਾਂ ਮੇਰਾ ਕਾਨਫੀਡੈਂਸ ਵਧ ਗਿਆ। ਇਹ ਐਕਟਰ ਵਜੋਂ ਮੇਰੇ ਲਈ ਸਭ ਤੋਂ ਵੱਡਾ ਮੌਕਾ ਸੀ। ਅਸੀਂ ਬਹੁਤ ਮਿਹਨਤ ਕੀਤੀ ਸਹੀ ਲੁਕ ਹਾਸਲ ਕਰਨ ਲਈ। ਜਦੋਂ ਮੈਂ ਫਿਲਮ ਸ਼ੁਰ ਕੀਤੀ ਸੀ ਤਾਂ ਮੇਰਾ ਭਾਰ ਸੱਤਰ ਕਿਲੋ ਸੀ ਅਤੇ ਮੈਂ 18 ਕਿਲੋ ਹੋਰ ਵਧਾਉਣਾ ਸੀ। ਮੈਨੂੰ ਖੁਦ ‘ਚ ਕਾਨਫੀਡੈਂਸ ਲਿਆਉਣ ਲਈ ਬਹੁਤ ਮਿਹਨਤ ਕਰਨੀ ਪਈ, ਪਰ ਜਦੋਂ ਇਹ ਆ ਗਿਆ ਤਾਂ ਸਭ ਸੌਖਾ ਹੋ ਗਿਆ।
* ਫਿਲਮ ‘ਚ ਸੰਜੇ ਦੱਤ ਦੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦਾ ਜ਼ਿਕਰ ਹੈ। ਕੋਈ ਅਜਿਹਾ ਪਲ ਜਦੋਂ ਤੁਸੀਂ ਇਮੋਸ਼ਨਲ ਹੋ ਗਏ ਹੋਵੋ?
– ਬਹੁਤ ਸਾਰੇ ਦਿ੍ਰਸ਼ ਹਨ, ਪਰ ਜੇ ਮੈਨੂੰ ਚੁਣਨ ਲਈ ਕਿਹਾ ਜਾਵੇ ਤਾਂ ਮੈਂ ਦੋ ਸੀਨਸ ਦੀ ਗੱਲ ਕਰਨਾ ਚਾਹਾਂਗਾ। ਇੱਕ ਤਾਂ ‘ਰੌਕੀ’ ਦੀ ਪ੍ਰੀਮੀਅਰ ਵਾਲਾ ਹੈ, ਜਿਸ ਦੀ ਰਿਲੀਜ਼ ਦੇ ਕੁਝ ਹੀ ਦਿਨ ਪਹਿਲਾਂ ਸੰਜੇ ਦੱਤ ਦੀ ਮਾਂ ਨਰਗਿਸ ਜੀ ਦਾ ਦਿਹਾਂਤ ਹੋਇਆ ਸੀ। ਜਦੋਂ ਫਿਲਮ ਦੀ ਸਕਰੀਨਿੰਗ ਹੋਈ ਤਾਂ ਸੰਜੇ ਬਾਹਰ ਬੈਠੇ ਆਪਣੇ ਪਿਤਾ ਨਾਲ ਆਪਣੀ ਡਰੱਗਸ ਦੀ ਆਦਤ ਦੀ ਗੱਲ ਕਰ ਰਹੇ ਸਨ। ਦੂਸਰਾ ਸੁਨੀਲ ਜੀ ਦਾ ਦਿਹਾਂਤ ਹੋਇਆ ਅਤੇ ਉਹ ਇਸ ਸਥਿਤੀ ਨਾਲ ਕਿਵੇਂ ਨਜਿੱਠੇ ਸਨ। ਰਾਜੂ ਸਰ ਅਤੇ ਅਭਿਜਾਤ ਜੋਸ਼ੀ ਜੀ ਨੇ ਬਹੁਤ ਖੂਬਸੂਰਤ ਸੀਨ ਲਿਖੇ ਹਨ।
* ਕਿਹਾ ਜਾਂਦੈ ਕਿ ਫਿਲਮ ਦੀ ਸ਼ੂਟਿੰਗ ‘ਤੇ ਸੰਜੇ ਖੁਦ ਵੀ ਆਉਂਦੇ ਸਨ। ਕੀ ਇਸ ਨਾਲ ਤੁਹਾਨੂੰ ਆਸਾਨੀ ਹੋਈ?
-ਮੈਂ ਕਾਫੀ ਡਰ ਗਿਆ ਸੀ ਕਿਉਂਕਿ ਇੱਕ ਤਾਂ ਮੈਂ ਉਨ੍ਹਾਂ ਵਰਗੀ ਐਕਟਿੰਗ ਕਰ ਰਿਹਾ ਸੀ ਤੇ ਉਹ ਮੋਨੀਟਰ ‘ਤੇ ਮੇਰੇ ਸ਼ਾਟ ਦੇਖ ਰਹੇ ਸਨ। ਫਿਲਮ ਦੇ ਪਹਿਲੇ ਦਿ੍ਰਸ਼ ‘ਚ 60 ਸਾਲ ਦੇ ਸੰਜੇ ਸ਼ੀਸ਼ਾ ਦੇਖਦੇ ਹਨ ਤੇ ਜ਼ਿੰਦਗੀ ਬਾਰੇ ਗੱਲ ਕਰਦੇ ਹਨ ਅਤੇ ਮੈਂ ਉਨ੍ਹਾਂ ਨੂੰ ਆਪਣੀ ਪਰਫਾਰਮੈਂਸ ਮੋਨੀਟਰ ‘ਤੇ ਦੇਖ ਕੇ ਮੁਸਕਰਾਉਂਦੇ ਹੋਏ ਦੇਖਦਾ ਹਾਂ। ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਦਾ ਸੀ ਕਿ ਉਹ ਕੀ ਸੋਚ ਰਹੇ ਹਨ।
* ਤੁਸੀਂ ਵੀ ਪ੍ਰੋਫਸ਼ਨਲ ਪੱਧਰ ‘ਤੇ ਇੱਕ ਮਾੜੇ ਦੌਰ ‘ਚੋਂ ਲੰਘ ਰਹੇ ਹੋ। ਇਸ ਨੇ ਤੁਹਾਡੀ ਸੋਚ ‘ਤੇ ਕੀ ਅਸਰ ਪਾਇਆ?
– ਇਹ ਮੇਰੀ ਜ਼ਿੰਦਗੀ ਦਾ ਬਹੁਤ ਮਹੱਤਵ ਪੂਰਨ ਦੌਰ ਹੈ। ਜਦੋਂ ਤੁਸੀਂ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਕੋਲ ਜ਼ਿਆਦਾ ਸਮਝ ਨਹੀਂ ਹੁੰਦੀ ਕਿਉਂਕਿ ਤੁਸੀਂ ਜਵਾਨ ਹੁੰਦੇ ਹੋ ਅਤੇ ਤੁਹਾਨੂੰ ਜ਼ਿਆਦਾ ਮੌਕੇ ਮਿਲਦੇ ਹਨ, ਪਰ ਜਿਵੇਂ ਜਿਵੇਂ ਤੁਸੀਂ ਮੈਚਿਓਰ ਹੁੰਦੇ ਜਾਂਦੇ ਹੋ ਤਾਂ ਚੀਜ਼ਾਂ ਬਦਲ ਜਾਂਦੀਆਂ ਹਨ। ਮੈਂ ਪਿਛਲੇ 10 ਸਾਲਾਂ ‘ਚ 14 ਫਿਲਮਾਂ ਕਰ ਚੁੱਕਾ ਹਾਂ। ਜਦੋਂ ਫਿਲਮ ਨਹੀਂ ਚੱਲਦੀ ਤਾਂ ਤੁਹਾਨੂੰ ਬੁਰਾ ਲੱਗਦਾ ਹੈ, ਪਰ ਇੱਕ ਸਿਖਿਆ ਵੀ ਮਿਲਦੀ ਹੈ। ਤੁਸੀਂ ਸਫਲ ਹੋਣਾ ਚਾਹੁੰਦੇ ਹੋ ਅਤੇ ਮਹਿਸੂਸ ਕਰਦੇ ਹੋ ਕਿ ਜੇ ਸਫਲਤਾ ਤੁਹਾਨੂੰ ਬਦਲ ਨਹੀਂ ਸਕੀ ਤਾਂ ਅਸਫਲਤਾ ਵੀ ਨਹੀਂ ਬਦਲ ਸਕੇਗੀ। ਅਸਫਲਤਾ ਦਾ ਸਾਹਮਣਾ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਇਹ ਤੁਹਾਨੂੰ ਦਰਦ ਦਿੰਦੀ ਹੈ। ਇਹ ਫਿਲਮ ਦੇ ਫਲਾਪ ਹੁੰਦੇ ਹੀ ਦਰਦ ਨਹੀਂ ਦਿੰਦੀ ਸਗੋਂ ਉਸ ਦੇ ਇੱਕ ਸਾਲ ਬਾਅਦ ਅਜਿਹਾ ਕਰਦੀ ਹੈ। ਇਹ ਪ੍ਰੋਫੈਸ਼ਨ ਅਜਿਹਾ ਹੀ ਹੈ।
* ਤੁਸੀਂ ਫਿਲਮਾਂ ਦੀ ਚੋਣ ਕਿਵੇਂ ਕਰਦੇ ਹੋ?
– ਮੈਂ ਐਕਸਪੈਰੀਮੈਂਟਲ ਨਹੀਂ ਹਾਂ। ਲੋਕਾਂ ਦਾ ਮੰਨਣਾ ਹੈ ਕਿ ਮੈਂ ਬਹੁਤ ਚੂਜ਼ੀ ਹਾਂ, ਪਰ ਅਜਿਹਾ ਨਹੀਂ ਹੈ। ਮੈਂ ਉਹੀ ਫਿਲਮਾਂ ਕਰਦਾ ਹਾਂ, ਜੋ ਮੈਨੂੰ ਚੰਗੀਆਂ ਲੱਗਦੀਆਂ ਹਨ। ਮੈਨੂੰ ਵਿਸ਼ਵਾਸ ਸੀ ਕਿ ‘ਜੱਗਾ ਜਾਸੂਸ’ ਨੂੰ ਲੋਕ ਪਸੰਦ ਕਰਨਗੇ, ਪਰ ਅਜਿਹਾ ਨਹੀਂ ਹੋਇਆ।
* ਤੁਹਾਡੇ ਬਹੁਤ ਸਾਰੇ ਸਮਕਾਲੀ ਮੰਨਦੇ ਹਨ ਕਿ ਤੁਸੀਂ ਅੱਜ ਦੇ ਵਧੀਆ ਐਕਟਰਾਂ ਵਿੱਚੋਂ ਇੱਕ ਹੋ।
– ਮੈਨੂੰ ਚੰਗਾ ਲੱਗਦਾ ਹੈ ਕਿ ਜਦੋਂ ਲੋਕ ਅਜਿਹਾ ਕਹਿੰਦੇ ਹਨ। ਜਦੋਂ ਮੈਂ ਉਨ੍ਹਾਂ ਦਾ ਕੰਮ ਦੇਖਦਾ ਹਾਂ ਚਾਹੇ ਉਹ ਵਰੁਣ ਧਵਨ ਹੋਵੇ ਜਾਂ ਵਿੱਕੀ ਕੌਸ਼ਲ, ਦੀਪਿਕਾ ਹੋਵੇ ਜਾਂ ਆਲੀਆ, ਬਹੁਤ ਚੰਗਾ ਕਰ ਰਹੇ ਹਨ। ਜਿੱਥੋਂ ਤੱਕ ਮੇਰੀ ਗੱਲ ਹੈ, ਮੈਂ ਟੈਲੇਂਟਿਡ ਐਕਟਰ ਨਹੀਂ, ਸਗੋਂ ਸਫਲ ਫਿਲਮਾਂ ਦਾ ਹਿੱਸਾ ਬਣਨਾ ਚਾਹੁੰਦਾ ਹਾਂ।