ਅਲ ਜਜ਼ੀਰਾ ਚੈਨਲ ਨੂੰ ਬੰਦ ਕਰਨ ਦਾ ਸੰਸਾਰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵਿਰੋਧ

aljazira
ਜਨੇਵਾ, (ਪੋਸਟ ਬਿਊਰੋ)- ਯੂ ਐੱਨ ਮਨੁੱਖੀ ਅਧਿਕਾਰ ਦੇ ਮੁਖੀ ਨੇ ਕਿਹਾ ਹੈ ਕਿ ਕਤਰ ਕੋਲੋਂ ਆਪਣੇ ਪ੍ਰਸਿੱਧ ਚੈਨਲ ਅਲ ਜਜ਼ੀਰਾ ਨੂੰ ਬੰਦ ਕਰਨ ਬਾਰੇ ਯੂ ਏ ਈ, ਮਿਸਰ, ਬਹਿਰੀਨ ਅਤੇ ਸਾਊਦੀ ਅਰਬ ਦੀ ਮੰਗ ਉਸ ਦੇਸ਼ ਦੇ ਉੱਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਨਾ ਸਹਿਣ ਯੋਗ ਹਮਲਾ ਹੈ।
ਵਰਨਣ ਯੋਗ ਹੈ ਕਿ ਤਿੰਨ ਹਫਤੇ ਪਹਿਲਾਂ ਯੂ ਏ ਈ, ਮਿਸਰ, ਬਹਿਰੀਨ ਅਤੇ ਸਾਊਦੀ ਅਰਬ ਨੇ ਕਤਰ ਉੱਤੇ ਅੱਤਵਾਦੀ ਗਤੀਵਿਧੀਆਂ ਨੂੰ ਹਮਾਇਤ ਦੇਣ ਦਾ ਦੋਸ਼ ਲਾ ਕੇ ਉਸ ਦਾ ਬਾਈਕਾਟ ਕੀਤਾ ਅਤੇ ਸਾਰੇ ਰਾਜਨੀਤਕ ਸਬੰਧ ਤੋੜ ਲਏ ਸਨ। ਇਨ੍ਹਾਂ ਦੇਸ਼ਾਂ ਨੇ ਮੰਗ ਕੀਤੀ ਸੀ ਕਿ ਕਤਰ ਨੂੰ ਤੁਰਕੀ ਦੇ ਫੌਜੀ ਅੱਡੇ ਨੂੰ ਬੰਦ ਕਰਨ, ਅਲ ਜਜ਼ੀਰਾ ਚੈਨਲ ਨੂੰ ਬੰਦ ਕਰਨ ਤੇ ਈਰਾਨ ਦੇ ਆਪਣੇ ਸਬੰਧ ਖਤਮ ਕਰਨੇ ਹੋਣਗੇ। ਮਨੁੱਖੀ ਅਧਿਕਾਰ ਮੁਖੀ ਦਫਤਰ ਦੇ ਇਕੱ ਬੁਲਾਰੇ ਰੂਪਰਟ ਕੋਵਿਲੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਚੋਟੀ ਦੀ ਸੰਸਥਾ ਏਦਾਂ ਦੀਆਂ ਮੰਗਾਂ ਤੋਂ ਕਾਫੀ ਚਿੰਤਤ ਹੈ ਕਿ ਕਤਰ ਨੂੰ ਆਪਣੇ ਪ੍ਰਸਿੱਧ ਚੈਨਲ ਤੇ ਹੋਰ ਦੂਜੇ ਮੀਡੀਆ ਦਫਤਰਾਂ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਤੁਸੀਂ ਇਸ ਚੈਨਲ ਨੂੰ ਦੇਖੋ ਜਾਂ ਨਾ ਦੇਖੋ, ਇਸ ਦੇ ਸੰਪਾਦਕੀ ਰੁਖ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ, ਪਰ ਅਲ ਜਜ਼ੀਰਾ ਦੇ ਅਰਬੀ ਤੇ ਅੰਗਰੇਜ਼ੀ ਭਾਸ਼ਾ ਦੇ ਚੈਨਲ ਜਾਇਜ਼ ਹਨ ਅਤੇ ਇਨ੍ਹਾਂ ਨੂੰ ਲੱਖਾਂ ਲੋਕ ਪਸੰਦ ਕਰਦੇ ਹਨ। ਸਾਡਾ ਮੰਨਣਾ ਹੈ ਕਿ ਇਨ੍ਹਾਂ ਨੂੰ ਤੁਰੰਤ ਬੰਦ ਕਰਨ ਦੀ ਜੋ ਮੰਗ ਕੀਤੀ ਗਈ ਹੈ, ਉਹ ਨਾ ਮੰਨਣ ਯੋਗ ਹੈ ਅਤੇ ਕਤਰ ਦੀ ਵਿਚਾਰਾਂ ਦੀ ਸੁਤੰਤਰਤਾ ਉੱਤੇ ਇਕ ਕਦੇ ਨਾ ਸਹਿਣ ਯੋਗ ਹਮਲਾ ਹੈ।