ਅਲੀਟ ਸੈਨਿਕਾਂ ਦੇ ਵਿਸ਼ੇਸ਼ ਭੱਤੇ ਵਿੱਚ ਕਟੌਤੀ ਦੇ ਮੁੱਦੇ ਦਾ ਮੁਲਾਂਕਣ ਕਰਨਗੇ ਸੱਜਣ

ਓਟਵਾ, 13 ਨਵੰਬਰ (ਪੋਸਟ ਬਿਊਰੋ) : ਰੱਖਿਆ ਮੰਤਰੀ ਹਰਜੀਤ ਸੱਜਣ ਦਾ ਕਹਿਣਾ ਹੈ ਕਿ ਉਹ ਉਸ ਨੀਤੀ ਦਾ ਮੁਲਾਂਕਣ ਕਰਕੇ ਉਸ ਨੂੰ ਤਬਦੀਲ ਕਰਨ ਦੀ ਕੋਸਿ਼ਸ਼ ਕਰ ਰਹੇ ਹਨ ਜਿਸ ਤਹਿਤ ਅਲੀਟ ਸੈਨਿਕਾਂ ਦੇ 180 ਦਿਨਾਂ ਤੱਕ ਜ਼ਖ਼ਮੀ ਜਾਂ ਬਿਮਾਰ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਵਿਸੇ਼ਸ਼ ਭੱਤੇ ਕੱਟਣ ਦਾ ਫੈਸਲਾ ਕੀਤਾ ਗਿਆ ਹੈ।
ਪਹਿਲੀ ਸਤੰਬਰ ਤੋਂ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਕਿਸੇ ਵੀ ਤਰ੍ਹਾਂ ਦਾ ਖਤਰਾ ਮੁੱਲ ਲੈਣ ਲਈ ਤਿਆਰ ਰਹਿਣ ਵਾਲੇ ਤੇ ਹਾਈ ਰਿਸਕ ਕੰਮ ਕਰਨ ਵਾਲੇ ਸੈਨਿਕਾਂ ਨੂੰ ਮਿਲਣ ਵਾਲੇ ਵਿਸ਼ੇਸ਼ ਮਹੀਨਾਵਾਰੀ ਭੱਤੇ ਨੂੰ ਉਸ ਸੂਰਤ ਵਿੱਚ ਕੱਟਣਾ ਸ਼ੁਰੂ ਕਰ ਦਿੱਤਾ ਹੈ ਜੇ ਉਹ 180 ਦਿਨਾਂ ਤੱਕ ਜ਼ਖ਼ਮੀ ਜਾਂ ਬਿਮਾਰ ਰਹਿੰਦੇ ਹਨ। ਇਹ ਨੀਤੀ ਕਾਫੀ ਸਖ਼ਤ ਹੈ ਤੇ ਜੇ ਕਿਸੇ ਨੂੰ ਅਜਿਹੀ ਸੂਰਤ ਵਿੱਚ ਪਹਿਲਾਂ ਅਦਾਇਗੀ ਕੀਤੀ ਵੀ ਜਾ ਚੁੱਕੀ ਹੈ ਤਾਂ ਉਸ ਨੂੰ ਵਾਪਿਸ ਲਿਆ ਜਾ ਰਿਹਾ ਹੈ।
ਓਟਵਾ ਵਿੱਚ ਸੱਜਣ ਨੇ ਰਿਮੈਂਬਰੈਂਸ ਡੇਅ ਮੌਕੇ ਆਖਿਆ ਕਿ ਉਹ ਇਸ ਮਾਮਲੇ ਦੀ ਪੁਣਛਾਣ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਮਾਮਲੇ ਦੀ ਹੋਰ ਜਾਣਕਾਰੀ ਮਿਲਦੇ ਸਾਰ ਹੀ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਲੋਕਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਸੱਜਣ ਨੇ ਇਹ ਵੀ ਆਖਿਆ ਕਿ ਉਨ੍ਹਾਂ ਦੇ ਵਿਭਾਗ ਦੀ ਨੰਬਰ ਇੱਕ ਤਰਜੀਹ ਉਨ੍ਹਾਂ ਦੇ ਲੋਕ ਹਨ।
ਅਸੀਂ ਕੁੱਝ ਹਾਲਾਤ ਲੈ ਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰਦੇ ਹਾਂ ਕਿ ਕਿਤੇ ਉਨ੍ਹਾਂ ਦਾ ਮਾੜਾ ਅਸਰ ਸਾਡੇ ਲੋਕਾਂ ਦੇ ਪਰਿਵਾਰਾਂ ਉੱਤੇ ਤਾਂ ਨਹੀਂ ਪੈਂਦਾ ਜਾਂ ਫਿਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਤਣਾਅ ਤਾਂ ਨਹੀਂ ਹੁੰਦਾ। ਕ੍ਰਿਟਿਕਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਸੱਭ ਤੋਂ ਅਲੀਟ ਕਮਾਂਡੋਜ਼ ਨੂੰ ਮਿਲਣ ਵਾਲੇ ਵਿਸ਼ੇਸ਼ ਭੱਤੇ ਵਿੱਚ ਕੀਤੀ ਜਾਣ ਵਾਲੀ ਕਟੌਤੀ, ਜੋ ਕਿ ਛੇ ਮਹੀਨਿਆਂ ਤੋਂ ਵੱਧ ਸਮੇਂ ਵਿੱਚ 23,000 ਡਾਲਰ ਬਣ ਸਕਦੀ ਹੈ, ਅਜਿਹੇ ਸੈਨਿਕਾਂ ਨੂੰ ਆਪਣੇ ਜ਼ਖ਼ਮ ਭਰਨ ਤੋਂ ਪਹਿਲਾਂ ਹੀ ਕੰਮ ਉੱਤੇ ਪਰਤਣ ਲਈ ਮਜਬੂਰ ਕਰੇਗੀ।
ਇਨ੍ਹਾਂ ਨਵੇਂ ਨਿਯਮਾਂ ਨਾਲ ਕੈਨੇਡੀਅਨ ਸਪੈਸ਼ਲ ਆਪਰੇਸ਼ਨਜ਼ ਫੋਰਸਿਜ਼, ਪੈਰਾਟਰੂਪਰਜ਼, ਸਬਮਰੀਨ ਕ੍ਰਿਊ, ਪਾਇਲਟਸ, ਏਅਰ ਕ੍ਰਿਊ, ਰੈਸਕਿਊ ਟੈਕਨੀਸ਼ੀਅਨਜ਼ ਤੇ ਸਿ਼ਪਜ਼ ਕ੍ਰਿਊ ਦੇ ਮੈਂਬਰ ਪ੍ਰਭਾਵਿਤ ਹੋਣਗੇ।