ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜਿਨਾਹ ਦੀ ਫੋਟੋ ਲੱਗੀ ਹੋਣ ਤੋਂ ਵਿਵਾਦ ਭਖਿਆ


ਅਲੀਗੜ੍ਹ (ਉੱਤਰ ਪ੍ਰਦੇਸ਼), 1 ਮਈ, (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਲੱਗੀ ਮੁਹੰਮਦ ਅਲੀ ਜਿਨਾਹ ਦੀ ਫੋਟੋ ਲੱਗੀ ਹੋਣ ਦਾ ਮੁੱਦਾ ਭਖ ਗਿਆ ਹੈ। ਅਲੀਗੜ੍ਹ ਤੋਂ ਭਾਜਪਾ ਦੇ ਪਾਰਲੀਮੈਂਟ ਮੈਂਬਰ ਨੇ ਇਸ ਤਸਵੀਰ ਬਾਰੇ ਪ੍ਰਸ਼ਾਸਨ ਤੋਂ ਸਵਾਲ ਕੀਤੇ ਹਨ ਕਿ ਯੂਨੀਵਰਸਿਟੀ ਵਿੱਚ ਜਿਨਾਹ ਦੀ ਤਸਵੀਰ ਕਿਉਂ ਲਾਈ ਅਤੇ ਯੂਨੀਵਰਸਿਟੀ ਵਿੱਚ ਆਰ ਐਸ ਐਸ ਦੀ ਸ਼ਾਖ਼ਾ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ।
ਪਾਰਲੀਮੈਂਟ ਮੈਂਬਰ ਸਤੀਸ਼ ਗੌਤਮ ਨੇ ਕੱਲ੍ਹ ਵਾਈਸ ਚਾਂਸਲਰ ਤਾਰਿਕ ਮਨਸੂਰ ਨੂੰ ਚਿੱਠੀ ਲਿਖ ਕੇ ਮੁਹੰਮਦ ਅਲੀ ਜਿਨਾਹ, ਜਿਹੜੇ ਪਾਕਿਸਤਾਨ ਦੇ ਮੋਢੀ ਸਨ, ਦੀ ਤਸਵੀਰ ਇਸ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਵਿੱਚ ਲੱਗੀ ਹੋਣ ਉੱਤੇ ਇਤਰਾਜ਼ ਕੀਤਾ ਹੈ। ਇਸ ਬਾਰੇ ਅਲੀਗੜ੍ਹ ਯੂਨੀਵਰਸਿਟੀ ਦੇ ਬੁਲਾਰੇ ਸ਼ੇਫੀ ਕਿਦਵਈ ਨੇ ਕਿਹਾ ਕਿ ਜਿਨਾਹ ਏਥੇ ਯੂਨੀਵਰਸਿਟੀ ਕੋਰਟ ਦੇ ਮੋਢੀ ਸਨ ਤੇ ਉਨ੍ਹਾਂ ਨੂੰ ਯੂਨੀਅਨ ਦੀ ਉਮਰ ਭਰ ਦੀ ਮੈਂਬਰਸ਼ਿਪ ਮਿਲੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਮਰ ਭਰ ਵਾਲੇ ਸਾਰੇ ਮੈਂਬਰਾਂ ਦੀਆਂ ਤਸਵੀਰਾਂ ਵਿਦਿਆਰਥੀ ਯੂਨੀਅਨ ਦੀ ਕੰਧ ਉੱਤੇ ਲੱਗੀਆਂ ਹੋਈਆਂ ਹਨ ਤੇ ਜਿਨਾਹ ਨੂੰ 1938 ਵਿੱਚ ਉਮਰ ਭਰ ਦੀ ਇਹ ਮੈਂਬਰਸ਼ਿਪ ਉਨ੍ਹਾਂ ਦੀ ਮੁਸਲਿਮ ਲੀਗ ਵੱਲੋਂ ਪਾਕਿਸਤਾਨ ਦੀ ਮੰਗ ਕੀਤੇ ਜਾਣ ਤੋਂ ਪਹਿਲਾਂ ਮਿਲੀ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਿਸੇ ਕੌਮੀ ਆਗੂ ਨੇ ਇਨ੍ਹਾਂ ਤਸਵੀਰਾਂ ਉੱਤੇ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਜਿਨਾਹ ਦੇ ਨਾਲ ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ, ਸਰਵਪੱਲੀ ਰਾਧਾਕ੍ਰਿਸ਼ਨਨ, ਸੀ. ਰਾਜਾਗੋਪਾਲਾਚਾਰੀ, ਡਾਕਟਰ ਰਾਜੇਂਦਰ ਪ੍ਰਸ਼ਾਦ ਤੇ ਜਵਾਹਰ ਲਾਲ ਨਹਿਰੂ ਦੀਆਂ ਤਸਵੀਰਾਂ ਵੀ ਇਥੇ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਅਮੀਰ ਵਿਰਸੇ ਦਾ ਹਿੱਸਾ ਹਨ ਅਤੇ ਇਨ੍ਹਾਂ ਨੂੰ ਕਦੇ ਵੀ ਕਿਸੇ ਨੇ ਪਹਿਲਾਂ ਇਸ ਤਰ੍ਹਾਂ ਦਾ ਮੁੱਦਾ ਨਹੀਂ ਬਣਾਇਆ।