ਅਲਵਿਦਾ !!!! ਸਫ਼ਰ ਜਾਰੀ ਹੈ

ਪੰਜਾਬੀ ਪੋਸਟ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਸਮੂਹ ਪੰਜਾਬੀ-ਪਿਆਰਿਆਂ ਦੀ ਬੇਪਨਾਹ ਮੁਹੱਬਤ ਮੇਰੀ ਪ੍ਰਾਪਤੀ ਹੈ। ਤੁਹਾਡੇ ਪਿਆਰ, ਹੱਲਾਸ਼ੇਰੀ, ਸੁਝਾਅ ਅਤੇ ਪ੍ਰਤੀਕਰਮਾਂ ਨੇ ਮੇਰੀ ਕਲਮ ਦਾ ਮਾਣ ਵਧਾਇਆ ਹੈ। ਪੰਜਾਬੀ ਪੋਸਟ ਤੋਂ ਰੁੱਖ਼ਸਤ ਹੋ ਕੇ ਅਮਰੀਕਾ ਜਾਣ ਲੱਗਿਆਂ ਸ਼ਬਦਾਂ ਦੀ ਅਕੀਦਤ ਤੁਹਾਡੇ ਨਾਮ ਹੈ–ਡਾ ਗੁਰਬਖ਼ਸ਼ ਸਿੰਘ ਭੰਡਾਲ

ਖੜੇ ਪਾਣੀ ਬੋਅ ਮਾਰਨ ਲੱਗ ਪੈਂਦੇ ਨੇ ਜਦ ਕਿ ਵਗਦੇ ਪਾਣੀਆਂ ਦੀ ਪਾਕੀਜ਼ਗੀ ਅਤੇ ਨਿਰਮਲਤਾ ਆਉਣ ਵਾਲੇ ਵਕਤਾਂ ਦੀ ਤਕਦੀਰ ਦਾ ਸੁੱਚਾ ਹਰਫ਼ ਹੁੰਦੀ ਏ।

ਦਰਿਆ ਵਗਦਾ ਰਹੇ ਤਾਂ ਪੱਤਣਾਂ `ਤੇ ਮੇਲੇ ਲੱਗਦੇ ਨੇ ਅਤੇ ਉਸਦੇ ਕੰਢਿਆਂ `ਤੇ ਮੌਲਦੀ ਕੁਦਰਤ, ਮਨੁੱਖਤਾ ਦੀ ਹਾਮੀ ਭਰਦੀ ਏ ਜਦ ਕਿ ਹਟਕੋਰੇ ਭਰਦੇ ਦਰਿਆਵਾਂ ਦੀ ਹਿੱਕ `ਚ ਹਮੇਸ਼ਾ ਬਰੇਤੇ ਉਗ ਪੈਂਦੇ ਨੇ।

ਤੁਰਦੇ ਰਹਿਣਾ ਜੀਵਨ ਸਫ਼ਰ ਦੀ ਨਿਰੰਤਰਤਾ ਦਾ ਨਾਮਕਰਨ ਜਦ ਕਿ ਰੁੱਕੇ ਹੋਈ ਰਾਹੀਆਂ ਦੀਆਂ ਮਧੋਲੀਆਂ ਛਾਵਾਂ ਵੀ ਆਪਣੇ ਸੀਨੇ `ਚ ਹਾਉਕਾ ਬੀਜ ਲੈਂਦੀਆਂ ਨੇ।

ਗਤੀਸ਼ੀਲ ਰਹਿਣਾ, ਨਿੱਤ ਨਵੀਂ ਸੋਚ ਜਾਂ ਕਰਮ ਨੂੰ ਆਪਣੀ ਕਰਮ-ਸਾਧਨਾ ਬਣਾਉਣਾ। ਕੁਝ ਨਰੋਇਆ, ਸੋਚ ਦੀ ਜੂਹੇ ਥਿਆਉਣਾ ਅਤੇ ਆਪਣੀ ਕਰਮਯੋਗਤਾ ਦੇ ਨਾਮ ਲਾਉਣਾ।

ਸਫ਼ਰ ਜਾਰੀ ਹੈ, ਨਵੇਂ ਦਿਹੱਦਿਆਂ ਦੀ ਤਲਾਸ਼, ਨਵੇਂ ਸੁਪਨਿਆਂ ਦੀ ਨਿਸ਼ਾਨਦੇਹੀ ਤੇ ਨਵੇਂ ਮੀਲ ਪੱਥਰਾਂ ਦਾ ਹਮਸਫ਼ਰ ਬਣਨ ਦੀ। ਇਹ ਸਫ਼ਰ ਜਦ ਇਕ ਪੜਾਅ ਤੋਂ ਦੂਸਰੇ ਪੜਾਅ ਵੱਲ ਵੱਧਦਾ ਏ ਤਾਂ ਬੀਤੇ ਦੀ ਇਕ ਮਿੱਠੀ ਜਹੀ ਕਸਕ ਤੁਹਾਡੇ ਅੰਦਰ `ਚ ਧੁੱਖਧੁੱਖ਼ੀ ਪੈਦਾ ਕਰਦੀ ਏ। ਪਰ ਨਵੇਂ ਪੈਂਡਿਆਂ ਦਾ ਸੰਭਾਵੀ ਸਫ਼ਰਨਾਮਾ ਤੁਹਾਡੇ ਵਿਚ ਨਵੇਂ ਸਰੋਕਾਰ ਤੇ ਸੁਚੇਤਨਾ ਵੀ ਭਰਦਾ ਏ।

ਬੀਤੇ ਪਲ੍ਹਾਂ ਦੀ ਸ਼ੁਕਰ-ਗੁਜਾਰੀ ਅਤੇ ਤੁਹਾਡੇ ਵਲੋਂ ਦਿਤੀ ਅਪਣੱਤ ਦਾ ਸੰਧਾਰਾ ਸਿਰ `ਤੇ ਧਰ ਤੇ ਅਸੀਮਤ ਯਾਦਾਂ ਦੀ ਪੋਟਲੀ ਪਲੇ ਬੰਨ, ਤੁਹਾਡੇ ਗੁਆਂਢ `ਚ ਨਵੀਂ ਧਰਤੀ ਤੇ ਨਵੇਂ ਚੌਗਿਰਦੇ ਵਿਚ ਆਪਣੇ ਬੱਚਿਆਂ ਕੋਲ ਜਾ ਰਿਹਾ ਹਾਂ ਅਤੇ ਪਿਛੇ ਛੱਡ ਕੇ ਜਾ ਰਿਹਾ ਹਾਂ ਮੋਹਵੰਤੇ ਸੱਜਣਾਂ ਦੀ ਬੇਪਨਾਹ ਮੁਹੱਬਤ ਦਾ ਸੁੱਚਾ ਅਕੀਦਤਨਾਮਾ ਜਿਹਨਾਂ ਨੇ ਜੀਵਨ ਦੇ ਹਰ ਮੋੜ ਨੂੰ ਸਕੂਨਤਾ ਸੰਗ ਜਿਉਣ ਦਾ ਹੁਨਰ ਸਿਖਾਇਆ।

ਮਾਣਮੱਤੀਆਂ ਦੋਸਤੀਆਂ `ਤੇ ਬਹੁਤ ਨਾਜ਼ ਏ ਜਿਹਨਾਂ ਨੇ ਬੇਗਾਨਗੀ ਵਰਗੇ ਪਲ੍ਹਾਂ ਵਿਚ ਅਪਣੱਤ ਦਾ ਚਿਰਾਗ ਸੋਚ-ਸਰਦਲ `ਤੇ ਧਰਿਆ ਅਤੇ ਮੈਂ ਚਾਨਣ ਚਾਨਣ ਹੋ, ਇਸਦੇ ਨਿੱਘ ਤੇ ਰੋਸ਼ਨੀ `ਚ ਨਹਾਉਂਦਾ ਰਿਹਾ।

ਉਹਨਾਂ ਅਜ਼ੀਮ ਸ਼ਖਸ਼ੀਅਤਾਂ ਸੰਗ ਮਿਲਣ ਦਾ ਸੁਭਾਗ ਵੀ ਮਿਲਿਆ ਜਿਹਨਾਂ ਦੀ ਇਕ ਝਲਕ ਮਨੁੱਖੀ ਸੋਚ ਨੂੰ ਰੁਸ਼ਨਾ ਦਿੰਦੀ ਏ, ਜਿਹਨਾ ਦੇ ਬੋਲਾਂ `ਚ ਮਾਨਵਤਾ ਦਾ ਸੰਗੀਤ ਗੁੰਜਦਾ ਏ ਅਤੇ ਉਹਨਾਂ ਦੀ ਕਰਮ-ਜਾਚਨਾ ਵਿਚ  ਕੁਦਰਤ ਦੀ ਸਦੀਵਤਾ ਤੇ ਰੂਹ ਦਾ ਰੱਜ ਚੌਤਰਫ਼ੀ ਭਾਅ ਮਾਰਦਾ ਏ।

ਮੇਰੇ ਹਰਫ਼ਾਂ ਨੂੰ ਪਿਆਰ ਕਰਨ ਵਾਲਿਆਂ ਦਾ ਸਦਾ ਕਰਜ਼ਾਈ ਰਹਾਂਗਾ ਜਿਹਨਾਂ ਦੇ ਅੰਤਰੀਵ ਵਿਚ ਕਦੇ-ਕਦਾਈਂ ਮੇਰੇ ਸ਼ਬਦਾਂ ਨੇ ਇਕ ਝੁੱਣਝੁੱਣੀ ਪੈਦਾ ਕੀਤੀ ਅਤੇ ਉਹਨਾਂ ਦੇ ਮਨਾਂ ਵਿਚ ਪੈਦਾ ਹੋਇਆ ਪ੍ਰਸ਼ਨ ਹੀ ਮੇਰਾ ਸਭ ਤੋਂ ਉਚਤਮ ਮਾਣ ਏ। ਉਹਨਾਂ ਦੀਆਂ ਦੁਆਵਾਂ ਸਦਕਾ ਹੀ ਮੇਰੇ ਹਰਫ਼, ਮੇਰਾ ਸੰਗ ਮਾਣਦੇ ਰਹਿੰਦੇ ਨੇ।

ਜਦ ਕਦੇ ਮੈਂ ਬਜੁਰਗਾਂ ਦੀਆਂ ਦਿਤੀਆਂ ਅਸੀਸਾਂ ਯਾਦ ਕਰਦਾ ਹਾਂ ਤਾਂ ਮੇਰਾ ਸੀਸ ਝੁੱਕ ਜਾਂਦਾ ਏ। ਉਹਨਾਂ ਦੀ ਦਰਿਆ-ਦਿਲੀ, ਸਫ਼ਾਫ਼ ਬੋਲ ਅਤੇ ਮੋਹਭਿੱਜੀ ਗਲਵਕੜੀ ਸਦਾ ਅੰਗ ਸੰਗ ਰਹੇਗੀ। ਦੇਵਤਿਆਂ ਵਰਗੇ ਬਜੁਰਗਾਂ ਦੀਆਂ ਦੁਆਵਾਂ ਸਦਾ ਮੇਰੇ ਨਾਲ ਰਹਿਣਗੀਆਂ।

ਪਤਾ ਹੀ ਨਾ ਲੱਗਾ ਕਦ ਨਿੱਕੇ ਨਿੱਕੇ ਸੰਪਰਕਾਂ ਨੇ ਪੁਰ-ਸਕੂਨ ਸਬੰਧਾਂ `ਚ ਤਬਦੀਲ ਹੋ, ਮੇਰੇ ਸਮੁੱਚ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ। ਮੈਂ ਹੁਣ ਬੇਵਾਕ ਹੋ ਕੇ ਰਹਿ ਗਿਆ ਹਾਂ ਜਦ ਮੈਂ ਬਰੈਂਪਟਨ ਦੀ ਪਾਕ ਫਿ਼ਜ਼ਾ ਨੂੰ ਅਲਵਿਦਾ ਕਹਿ ਕੇ ਆਪਣੀਆਂ ਧੀਆਂ ਦੀ ਸੰਗਤ ਮਾਣਨ ਲਈ ਅਮਰੀਕਾ ਜਾ ਰਿਹਾ ਹਾਂ।

ਦਰਅਸਲ ਬੀਤਾ ਹੋਇਆ ਸਮਾਂ ਤੁਹਾਡਾ ਸਭ ਤੋਂ ਵੱਡੀ ਵਿਰਾਸਤ ਹੁੰਦਾ ਏ ਜਿਸ `ਤੇ ਤੁਸੀਂ ਅਤੇ ਤੁਹਾਡੇ ਆਪਣੇ ਨਾਜ਼ ਕਰ ਸਕਦੇ ਨੇ। ਪਰਵਾਸੀ ਤੋਂ ਸ਼ੁਰੂ ਹੋਇਆ ਸਫ਼ਰ ਪੰਜਾਬੀ ਪੋਸਟ ਦੀਆਂ ਪਰਤਾਂ `ਚ ਗੁਜਰਦਾ, ਚਾਰ ਸਾਲ ਦਾ ਸਫ਼ਰ ਕਰਕੇ ਖਤਮ ਹੋ ਰਿਹਾ ਹੈ। ਆਪਣੀ ਸਮਰੱਥਾ ਅਨੁਸਾਰ ਕੁਝ ਚੰਗੇਰਾ ਪੰਜਾਬੀ ਪਾਠਕਾਂ ਦੀ ਝੌਲੀ ਪਾ ਸਕਿਆ ਹੋਵਾਂ ਤਾਂ ਮੇਰਾ ਸੁਭਾਗ ਹੋਵੇਗਾ।

ਪੰਜਾਬੀ ਪੋਸਟ ਦੇ ਪਰਿਵਾਰਕ ਮਾਹੌਲ ਵਿਚ ਮੇਰਾ ਸ਼ੌਕ, ਰੁਜਗਾਰ ਬਣ ਕੇ ਮੇਰੇ ਲਈ ਸਕੂਨ ਮਈ ਛਿੱਣ ਸਿਰਜਦਾ ਰਿਹਾ। ਚਾਰ ਸਾਲਾਂ ਦੌਰਾਨ ਜਗਦੀਸ਼ ਗਰੇਵਾਲ, ਮਿਸਜ਼ ਪ੍ਰਮਿੰਦਰ ਗਰੇਵਾਲ, ਜਗਦੀਪ ਕੈਲੇ, ਮਨਦੀਪ, ਡਾ ਕਵਿੰਦਰ, ਗੁਰਪਾਲ ਵਰਗੇ ਸੁਿਹਰਦ ਤੇ ਸੰਵੇਦਨਂਸ਼ੀਲ ਵਿਅਕਤੀਆਂ ਨਾਲ ਬਿਤਾਇਆ ਸਮਾਂ ਮੇਰੀ ਮਾਣਮੱਤੀ ਵਿਰਾਸਤ ਹੈ।

 

ਧਾਰਮਿਕ, ਸਾਹਿਤਕ, ਸਭਿਆਚਾਰਕ ਅਤੇ ਸੀਨੀਅਰ ਸੰਸਥਾਂਵਾਂ ਦਾ ਮਾਣ ਲੈ ਕੇ ਜਾ ਰਿਹਾ ਹਾਂ। ਵਿ਼ਜਨ਼ ਆਫ਼ ਪੰਜਾਬ ਦੇ ਇਕਬਾਲ ਮਾਹਲ ਨੂੰ ਪਤਾ ਨਹੀਂ ਕੀ ਸੁਝਿਆ ਕਿ ਮੈਂਨੂੰ ਪਿਛਲੇ ਡੇਢ ਕੁ ਸਾਲ ਤੋਂ ਦਰਸ਼ਕਾਂ ਦੇ ਰੂਬਰੂ ਵੀ ਕੀਤਾ ਹੈ ਜਿਹਨਾਂ ਨੇ ਭਰਪੂਰ ਹੁੰਗਾਰਾ ਦਿਤਾ ਏ। ਬਰੈਂਪਟਨ ਨੇ ਬਹੁਤ ਸਾਰੇ ਮਿੱਤਰ ਮੇਰੀ ਝੋਲੀ ਪਾਏ ਨੇ ਜਿਹਨਾਂ ਨੇ ਮੇਰੀ ਕਲਮ ਨੂੰ ਹੋਰ ਨਿਖਾਰਨ ਅਤੇ ਪੈਰ ਟਿਕਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਦਰਅਸਲ ਮੇਰੀ ਝੋਲੀ ਸਮੂਹ ਪੰਜਾਬੀਆਂ ਤੇ ਅਦਾਰਿਆਂ ਦੇ ਨਿੱਘੇ ਹੁਲਾਸ ਤੇ ਪਿਆਰ ਨਾਲ ਭਰੀ ਹੋਈ ਹੈ। ਮੈਂ ਇਸਨੂੰ ਉਹਨਾਂ ਪਲ੍ਹਾਂ `ਚ ਸੁਖਨ ਪ੍ਰਾਪਤ ਕਰਨ ਲਈ ਫਰੋਲਾਂਗਾ ਜਦ ਪੱਲੇ ਬੱਧੀਆਂ ਯਾਦਾਂ ਤੁਹਾਡਾ ਸਾਥ ਬਣਨ ਲਈ ਤਾਂਘਦੀਆਂ ਨੇ।

ਕਦੇ ਆਪਣੀ ਲਿਖਤ ਵਿਚ ਕੈਨੇਡਾ ਨੂੰ ‘ਸੁਪਨਿਆਂ ਦਾ ਦੇਸ਼’ ਕਿਹਾ ਸੀ ਅਤੇ ਉਹਨਾਂ ਸੁਪਨਿਆਂ ਨੂੰ ਮਾਣ, ਹੁਣ ਅਗਲੇਰੀ ਉਡਾਣ ਭਰਨ ਵੇਲੇ ਗੁਰੂ ਨਾਨਕ ਦੇਵ ਜੀ ਦਾ ‘ਉਜੜਦੇ ਰਹੋ’ ਦਾ ਵਰਦਾਨ ਮੇਰੀ ਮਾਨਸਿਕਤਾ ਵਿਚ ਹਾਵੀ ਹੈ।

ਹਰ ਪੱਤੇ ਦੇ ਕਰਮਾਂ ਵਿਚ ਅਜੇਹਾ ਹੀ ਲਿਖਿਆ ਹੁੰਦਾ। ਬਿਰਖ ਤੋਂ ਟੁੱਟੇ ਪੱਤੇ ਦਾ ਕੋਈ ਵੀ ਟਿਕਾਣਾ ਨਹੀਂ ਹੁੰਦਾ। ਹਵਾ ਦੇ ਨਿੱਕੇ ਜਹੇ ਬੁੱਲੇ ਨਾਲ ਆਪਣਾ ਨਵਾਂ ਟਿਕਾਣਾ ਬਣਾ, ਆਪਣੀ ਹੋਂਦ ਦੀ ਗਵਾਹੀ ਬਣ ਜਾਂਦਾ ਏ ਅਤੇ ਅਖੀਰ ਨੂੰ ਧਰਤੀ `ਚ ਸਮਾ, ਆਪਾ ਧਰਤੀ ਨੂੰ ਅਰਪਿੱਤ ਕਰ, ਆਖਰੀ ਅਲਵਿਦਾ ਵੀ ਕਹਿ ਜਾਂਦਾ ਏ।

ਦਰਅਸਲ ਮੈਂ ਕਿੱਧਰੇ ਨਹੀਂ ਜਾ ਰਿਹਾ ਸਗੋਂ ਮੈਂ ਅੰਬਰ ਦੀ ਜੂਹ `ਚ ਘਰ ਪਾਉਣਾ ਏ ਅਤੇ ਤਾਰਿਆਂ ਨੂੰ ਸੀਨੇ `ਤੇ ਲਟਕਾਉਣਾ ਏ। ਉਡੀਕਦੇ ਹਰਫ਼ਾਂ ਨਾਲ ਸੰਵਾਦ ਰਚਾਉਣਾ ਏ ਅਤੇ ਉਹਨਾਂ ਦੀ ਬੀਹੀ `ਚ ਸੂਰਜੀ-ਅਰਥਾਂ ਦੀ ਸੱਦ ਲਾਉਣੀ ਹੈ। ਅਜੇ ਤਾਂ ਮੈਂ ਅਪਣੇ ਹਿੱਸੇ ਦੀ ਰੁੱਤ ਦੇ ਲੇਖ਼ਾਂ ਵਿਚ ਸੁਪਨਿਆਂ ਦੀ ਤਸ਼ਬੀਹ ਸਜਾਉਣੀ ਹੈ।

ਸਰਕਾਰੀ ਸੇਵਾ ਤੋਂ ਸਵੈ-ਇੱਛਤ ਸੇਵਾ-ਮੁਕਤੀ ਸਮੇਂ ਲਿਖੀ ਇਕ ਕਵਿਤਾ ਤੁਹਾਡੇ ਨਾਮ ਕਰ, ਤੁਹਾਨੂੰ ਅਲਵਿਦਾ ਕਹਿੰਦਾ ਹਾਂ।

ਮੈਂ ਰਿਟਾਇਰ ਨਹੀਂ ਹਾਂ

 

ਉਹ ਕਹਿੰਦੇ ਨੇ ਕਿ

ਮੈਂ ਰਿਟਾਇਰ ਹੋ ਰਿਹਾ ਹਾਂ

ਜਿੰ਼ਦਗ਼ੀ ਦੀ ਦੌੜ ਤੋਂ ਅੱਕਿਆ

ਬੇਲੋੜਾ, ਨਿਕੰਮਾ ਅਤੇ ਵਾਧੂ

ਜੀਵਨ-ਪੈਂਡਿਆਂ ਦਾ ਥੱਕਿਆ ਰਾਹੀਂ

ਸੁੱਰਖ ਧੁੱਪਾਂ ਤੋਂ ਮੁੱਨਕਰ

ਢਲਦੀ ਸ਼ਾਮ।

 

ਉਹ ਸੋਚਦੇ ਨੇ ਕਿ

ਛੇਵੇਂ ਦਹਾਕੇ `ਚ ਪਹੁੰਚਦਿਆਂ 2

ਸੋਚਾਂ `ਚ ਸੱਥਲਤਾ

ਕਰਮ `ਚ ਹੀਣਤਾ

ਅਤੇ ਚਾਲ ਠਹਿਰ ਜਾਂਦੀ ਏ।

 

ਉਹਨਾਂ ਨੂੰ ਭਰਮ ਏ ਕਿ

ਉਮਰ ਨਾਲ

ਬਿਖੜੇ ਮਾਰਗੀਂ

ਥਿੱੜਕ ਜਾਂਦੇ ਨੇ ਸਾਹ

ਅਤੇ ਸੁਪਨਿਆਂ ਦੀ ਅੱਖ `ਚ

ਉਤਰ ਆਉਂਦੀ ਏ ਨਮੀ।

 

ਉਹਨਾਂ ਦੀ ਧਾਰਨਾ ਏ ਕਿ

ਮੋਟੀਆਂ ਐਨਕਾਂ

ਠਹਿਰੀ ਤੋਰੇ ਤੁੱਰਦਾ

ਅਤੇ ਲੰਗੜੇ ਸਾਹਾਂ ਵਾਲਾ

ਰਿਟਾਇਰ ਵਿਅਕਤੀ ਹੁੰਦਾ ਏ।

 

ਉਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ

ਕਿ ਅੱਜ ਕੱਲ

ਹਰ ਵਿਅਕਤੀ ਨੌਕਰੀ ਤੋਂ ਕੀ

ਜੀਵਨ ਤੋਂ ਹੀ ਉਪਰਾਮ ਹੋ

ਮਾਨਸਿਕ ਤੌਰ `ਤੇ ਸਮੇਂ ਤੋਂ ਬਹੁਤ ਪਹਿਲਾਂ ਹੀ

ਰਿਟਾਇਰ ਹੋ ਜਾਂਦਾ ਹੈ।

 

ਪਰ

ਮੈਂ ਰਿਟਾਇਰ ਨਹੀਂ ਹੋ ਰਿਹਾ

ਮੈਂ ਤਾਂ ਅਜੇ

ਸੁਪਨਿਆਂ ਦੇ ਨੈਣੀਂ ਝਾਕਣਾ ਏ

ਮਸਤਕ-ਚਿਰਾਗ ਜਗਾਉਣਾ ਏ

ਅੱਖਰ-ਜੋਤ ਦਾ ਚਾਨਣ ਵੰਡਣਾ ਏ

ਵਰਕਿਆਂ `ਤੇ ਹਰਫ਼-ਗਿਆਨ ਧਰਨਾ ਏ

`ਵਾਵਾਂ ਨੂੰ ਗੰਢਾਂ ਦੇਣ ਵਾਲੀ ਰਵਾਨਗੀ ਬਣਨਾ ਏ

ਅਤੇ ਨਰੋਏ ਦਿੱਸਹੱਦਿਆਂ ਦੀ ਨਿਸ਼ਾਨਦੇਹੀ ਕਰਨੀ ਏ।

 

ਅਜੇ ਤਾਂ ਮੈਂ

ਅੰਬਰ ਦੀ ਜੂਹ ਨਾਪਣੀ ਏ

ਤਾਰਿਆਂ ਦੇ ਘਰੀਂ ਜਾਣਾ ਏ

ਕਿਰਨ-ਪਰਾਗਾ ਝੋਲੀ ਪਾਣਾ ਏ

ਅਤੇ ਚੰਦਰਮਾ ਗਲ੍ਹ ਨਾਲ ਲਾਣਾ ਏ।

 

ਹੁਣੇ ਹੀ ਤਾਂ

ਰੁਝੇਵਿਆਂ ਤੋਂ ਕੁਝ ਰਾਹਤ ਮਿਲੀ ਏ

ਜੀਅ ਕੇ ਦੇਖਣਾ ਏ

ਸੁਰਖਰੂ ਪਲ੍ਹ ਸਿਰਜਣੇ ਨੇ

ਅਤੇ ਵਕਤ ਨੂੰ ਆਪਣੇ ਨਾਮ ਕਰਨਾ ਏ।

 

ਭਲਾ!

ਤੁੱਰਨ ਦੀ ਤਮੰਨਾ ਵਾਲੇ

ਕਦ ਰਿਟਾਇਰ ਹੋਇਆ ਕਰਦੇ ਨੇ

ਉਹਨਾਂ ਲਈ ਹਰ ਦਿਨ

ਨਵੀਆਂ ਚੁਣੌਤੀਆਂ, ਸੰਭਾਵਨਾਵਾਂ

ਅਤੇ ਪ੍ਰਾਪਤੀਆਂ ਦੀ ਦਸਤਕ ਹੁੰਦਾ ਏ

ਉਹ ਜੀਵਨ ਨੂੰ ਅਲਵਿਦਾ ਕਹਿੰਦਿਆਂ ਵੀ

ਜਿ਼ੰਦਗ਼ੀ ਦਾ ਆਖਰੀ ਸਫ਼ਾ ਪੜ੍ਹਨ `ਚ ਮਸਰੂਫ਼ ਹੁੰਦੇ ਨੇ।

 

ਮੈਂ ਕਿਧਰੇ ਨਹੀਂ ਜਾ ਰਿਹਾ

ਸਗੋਂ ਜਿੰਦਗੀ ਦੀ

ਨਵੀਂ ਪਾਰੀ ਖੇਡਣ ਦੀ ਤਿਆਰੀ `ਚ ਹਾਂ।

ਫੋਨ # 647-702-5445