ਅਲਬਰਟਾ ਦੇ ਗੈਸ ਸਟੇਸ਼ਨ ਦੇ ਕਾਮਿਆਂ ਦੀ ਸੇਫਟੀ ਲਈ ਸਰਕਾਰ ਲਿਆਵੇਗੀ ਨਵੇਂ ਨਿਯਮ

Alberta gas stationਐਡਮੰਟਨ, 12 ਅਕਤੂਬਰ (ਪੋਸਟ ਬਿਊਰੋ) : ਅਲਬਰਟਾ ਦੇ ਲੇਬਰ ਮੰਤਰੀ ਦਾ ਕਹਿਣਾ ਹੈ ਕਿ ਪਿੱਛੇ ਜਿਹੇ ਗੈਸ ਤੇ ਡੈਸ਼ ਮਾਮਲੇ ਵਿੱਚ ਹੋਈ ਇੱਕ ਕਰਮਚਾਰੀ ਦੀ ਮੌਤ ਤੋਂ ਬਾਅਦ ਉਹ ਸਰਵਿਸ ਸਟੇਸ਼ਨ ਦੇ ਕਾਮਿਆਂ ਦੀ ਹਿਫਾਜ਼ਤ ਲਈ ਇਸ ਸਾਲ ਕਾਰਵਾਈ ਜ਼ਰੂਰ ਕਰਨਗੇ।
ਲੇਬਰ ਮੰਤਰੀ ਕ੍ਰਿਸਟੀਨਾ ਗ੍ਰੇਅ ਨੇ ਬੁੱਧਵਾਰ ਨੂੰ ਆਖਿਆ ਕਿ ਸਰਕਾਰ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਗੈਸ ਭਰਵਾਉਣ ਤੋਂ ਪਹਿਲਾਂ ਉਹ ਮੋਟਰਿਸਟਸ ਨੂੰ ਪੈਸੇ ਦੇਣ ਲਈ ਆਖਣ ਲਈ ਕੋਈ ਕਾਨੂੰਨ ਲੈ ਕੇ ਆਉਣਗੇ ਜਾਂ ਫਿਰ ਕੋਈ ਹੋਰ ਸਖ਼ਤ ਕਦਮ ਚੁੱਕਣਗੇ। ਇੱਕ ਇੰਟਰਵਿਊ ਵਿੱਚ ਗ੍ਰੇਅ ਨੇ ਆਖਿਆ ਕਿ ਉਹ ਕੋਈ ਕਾਨੂੰਨ ਵੀ ਲਿਆ ਸਕਦੇ ਹਨ ਜਾਂ ਇਸ ਸਬੰਧੀ ਕੋਈ ਨਿਯਮ ਵੀ ਬਣਾ ਸਕਦੇ ਹਨ।
ਉਨ੍ਹਾਂ ਆਖਿਆ ਕਿ ਚਾਰ ਚੀਜ਼ਾਂ ਹਨ ਜਿਨ੍ਹਾਂ ਵੱਲ ਗੌਰ ਕਰਨਾ ਬਣਦਾ ਹੈ-ਲਾਜ਼ਮੀ ਤੌਰ ਉੱਤੇ ਗੈਸ ਭਰਾਉਣ ਤੋਂ ਪਹਿਲਾਂ ਅਦਾਇਗੀ ਕਰਵਾਉਣਾ, ਪੰਪ ਉੱਤੇ ਅਸਲ ਵਿੱਚ ਅਦਾਇਗੀ ਕਰਨੀ, ਹਿੰਸਾ ਨੂੰ ਰੋਕਣ ਲਈ ਪ੍ਰੋਗਰਾਮ। ਇਸ ਸਬੰਧੀ ਅਜੇ ਫੈਸਲਾ ਕਰਨਾ ਬਾਕੀ ਹੈ ਕਿ ਇਨ੍ਹਾਂ ਵਿੱਚੋਂ ਕੀ ਕਾਨੂੰਨ ਜਾਂ ਨਿਯਮ ਲਿਆਂਦਾ ਜਾਵੇਗਾ ਤੇ ਕਿਸ ਰੂਪ ਵਿੱਚ ਲਿਆਂਦਾ ਜਾਵੇਗਾ।
ਗ੍ਰੇਅ ਨੇ ਆਖਿਆ ਕਿ ਸਰਕਾਰ ਨੇ ਪਿੱਛੇ ਜਿਹੇ ਗੈਸ ਸਟੇਸ਼ਨਜ਼ ਤੇ ਕਨਵੀਨੀਐਂਸ ਸਟੋਰਜ਼ ਦਾ ਸੇਫਟੀ ਮੁਲਾਂਕਣ ਕੀਤਾ ਹੈ ਤੇ ਇਸ ਬਾਰੇ ਆਉਣ ਵਾਲੇ ਹਫਤਿਆਂ ਵਿੱਚ ਫੈਸਲਾ ਆਉਣ ਵਾਲਾ ਹੈ। ਜਿ਼ਕਰਯੋਗ ਹੈ ਕਿ 54 ਸਾਲਾ ਕੀ ਯੁਨ ਜੋ ਦਾ ਸੁ਼ੱਕਰਵਾਰ ਨੂੰ ਐਡਮੰਟਨ ਦੇ ਦੱਖਣ ਪੱਛਮ ਵਿੱਚ ਸਥਿਤ ਥੌਰਸਬੀ, ਅਲਬਰਟਾ ਦੇ ਫੈਸ ਗੈਸ ਵਿੱਚ ਕਤਲ ਕਰ ਦਿੱਤਾ ਗਿਆ ਸੀ। ਆਰਸੀਐਮਪੀ ਨੇ ਦੱਸਿਆ ਸੀ ਕਿ ਜੋ ਦੀ ਮੌਤ ਉਦੋਂ ਹੋਈ ਜਦੋਂ ਇੱਕ ਚੋਰੀ ਦਾ ਟਰੱਕ ਲਿਆ ਕੇ ਇੱਕ ਡਰਾਈਵਰ ਨੇ ਗੈਸ ਭਰਵਾਈ ਪਰ ਪੈਸੇ ਦਿੱਤੇ ਬਿਨ੍ਹਾਂ ਹੀ ਜੋ ਨੂੰ ਨੁਕਸਾਨ ਪਹੁੰਚਾ ਕੇ ਉੱਥੋਂ ਫਰਾਰ ਹੋ ਗਿਆ।