ਅਲਬਰਟਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜੇਸਨ ਕੇਨੀ ਨੂੰ ਚੁਣਿਆ ਆਪਣਾ ਆਗੂ

cpt508389285_highਕੈਲਗਰੀ, 19 ਮਾਰਚ (ਪੋਸਟ ਬਿਊਰੋ) : ਸਾਬਕਾ ਐਮਪੀ ਜੇਸਨ ਕੇਨੀ ਨੇ ਆਖਿਰਕਾਰ ਅਲਬਰਟਾ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਜਿੱਤ ਲਈ ਹੈ। ਆਪਣੀ ਜਿੱਤ ਤੋਂ ਬਾਅਦ ਕੇਨੀ ਨੇ ਆਖਿਆ ਕਿ ਉਹ ਪਾਰਟੀ ਵਿੱਚ ਪਈਆਂ ਵੰਡੀਆਂ ਨੂੰ ਖ਼ਤਮ ਕਰਕੇ ਹੀ ਰਹਿਣਗੇ ਤੇ ਕੰਜ਼ਰਵੇਟਿਵ ਲਹਿਰ ਨੂੰ ਮੁੜ ਸੁਰਜੀਤ ਕਰਨਗੇ।
ਕੇਨੀ ਨੇ ਆਖਿਆ ਕਿ ਅੱਜ ਅਸੀਂ ਏਕਤਾ ਨੂੰ ਚੁਣਿਆ ਹੈ। ਹੁਣ ਅਲਬਰਟਾ ਵਿੱਚ ਬਹਾਰ ਦਾ ਮੌਸਮ ਆ ਗਿਆ ਹੈ। ਸਮਰਥਕਾਂ ਵਿੱਚ ਵੀ ਕਾਫੀ ਖੁਸ਼ੀ ਵੇਖਣ ਨੂੰ ਮਿਲੀ। ਸਮਰਥਕਾਂ ਨੇ ਗੱਜਵੱਜ ਕੇ ਜੇਸਨ ਦੇ ਨਾਂ ਦੇ ਨਾਅਰੇ ਲਾਏ। ਇਸ ਮੌਕੇ ਸੰਤਰੀ, ਚਿੱਟੇ ਤੇ ਨੀਲੇ ਰੰਗ ਦੇ ਗੁੱਬਾਰੇ ਵੀ ਚਾਰੇ ਪਾਸੇ ਖਿੱਲਰੇ ਪਏ ਸਨ। ਕੇਨੀ ਨੇ ਆਖਿਆ ਕਿ ਪਾਰਟੀ ਨੇ ਹੌਸਲੇ ਤੇ ਦੂਰਅੰਦੇਸ਼ੀ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਸਾਬਕਾ ਪੀਸੀ ਪ੍ਰੀਮੀਅਰ ਰਾਲਫ ਕਲੇਨ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਆਖਿਆ ਕਿ ਇਤਿਹਾਸ ਬਾਰੇ ਬਹਿਸਣ ਦੀ ਥਾਂ ਇਤਿਹਾਸ ਸਿਰਜਣਾ ਚਾਹੀਦਾ ਹੈ।
ਕੇਨੀ ਨੇ ਵਾਅਦਾ ਕੀਤਾ ਕਿ ਪ੍ਰੀਮੀਅਰ ਵਜੋਂ ਉਹ ਸੱਤਾਧਾਰੀ ਧਿਰ ਦੀ ਪ੍ਰੀਮੀਅਰ ਰੇਚਲ ਨੌਟਲੀ ਦੀਆਂ ਨੀਤੀਆਂ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਲਿਆ ਕੇ ਰਹਿਣਗੇ। ਇਸ ਦੀ ਸ਼ੁਰੂਆਤ ਉਹ ਗੈਸੋਲੀਨ ਉੱਤੇ ਕਾਰਬਨ ਟੈਕਸ ਤੇ ਘਰਾਂ ਦੇ ਹੀਟਿੰਗ ਬਿੱਲਾਂ ਨਾਲ ਕਰਨਗੇ। ਕੇਨੀ ਨੇ ਆਖਿਆ ਕਿ ਅੱਜ ਇਸ ਸਮਾਜਵਾਦੀ ਸਰਕਾਰ ਦੇ ਆਖਰੀ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ। ਅਸੀਂ ਇਸ ਟੈਕਸ ਵਧਾਉਣ ਵਾਲੀ, ਨੌਕਰੀਆਂ ਨੂੰ ਖ਼ਤਮ ਕਰਨ ਵਾਲੀ, ਕਰਜ਼ੇ ਨੂੰ ਪਸੰਦ ਕਰਨ ਵਾਲੀ, ਮਤਲਬੀ ਤੇ ਮੁਕਾਬਲੇ ਤੋਂ ਦੂਰ ਭੱਜਣ ਵਾਲੀ ਸਰਕਾਰ ਨੂੰ ਭਾਂਜ ਦੇਣ ਦਾ ਫੈਸਲਾ ਕੀਤਾ ਹੈ।
48 ਸਾਲਾਂ ਦੇ ਕੇਨੀ ਨੂੰ 75 ਫੀ ਸਦੀ ਵੋਟਾਂ ਹਾਸਲ ਹੋਈਆਂ। ਭਾਵ 1985 ਤੋਂ ਲੈ ਕੇ ਹੁਣ ਤੱਕ ਪਾਰਟੀ ਦੇ ਪਹਿਲੇ ਡੈਲੀਗੇਟ ਇਜਲਾਸ ਵਿੱਚ ਪਈਆਂ ਕੁੱਲ 1476 ਵੋਟਾਂ ਵਿੱਚੋਂ 1,113 ਵੋਟਾਂ ਕੇਨੀ ਨੂੰ ਪਈਆਂ। ਮੌਜੂਦਾ ਪੀਸੀ ਲੈਜਿਸਲੇਚਰ ਮੈਂਬਰ ਰਿਚਰਡ ਸਟਾਰਕ 323 ਵੋਟਾਂ ਹਾਸਲ ਕਰਕੇ ਦੂਜੇ ਸਥਾਨ ਉੱਤੇ ਰਹੇ ਤੇ ਲੰਮੇਂ ਸਮੇਂ ਤੋਂ ਪਾਰਟੀ ਦੇ ਮੈਂਬਰ ਬਾਇਰੌਨ ਨੈਲਸਨ 40 ਵੋਟਾਂ ਨਾਲ ਤੀਜੇ ਸਥਾਨ ਉੱਤੇ ਰਹੇ।
ਹੁਣ ਨਵੇਂ ਕੰਜ਼ਰਵੇਟਿਵ ਬੈਨਰ ਤਹਿਤ ਕੇਨੀ ਵਾਈਲਡਰੋਜ਼ ਪਾਰਟੀ ਨੂੰ ਇੱਕਜੁੱਟ ਹੋਣ ਦਾ ਸੱਦਾ ਦੇਣਗੇ ਤੇ ਇਸ ਦੇ ਨਾਲ ਹੀ ਯੂਨਾਈਟ ਦ ਰਾਈਟ ਕੈਂਪੇਨ ਵਿੱਢਣਗੇ। ਅਲਬਰਟਾ ਦੇ ਨਿਯਮਾਂ ਅਨੁਸਾਰ ਸਿਆਸੀ ਪਾਰਟੀਆਂ ਇੱਕ ਦੂਜੇ ਵਿੱਚ ਨਹੀਂ ਰਲ ਸਕਦੀਆਂ। ਸਗੋਂ ਉਹ ਆਪਣੀ ਦੁਕਾਨਦਾਰੀ ਬੰਦ ਕਰਕੇ ਤੇ ਸੰਪਤੀ ਸਰੈਂਡਰ ਕਰਕੇ ਨਵੀਂ ਪਾਰਟੀ ਜ਼ਰੂਰ ਬਣਾ ਸਕਦੀਆਂ ਹਨ। ਇਸ ਦੌਰਾਨ ਵਾਈਲਡਰੋਜ਼ ਪਾਰਟੀ ਦੇ ਆਗੂ ਬ੍ਰਾਇਨ ਜੀਨ ਨੇ ਆਖਿਆ ਹੈ ਕਿ ਉਹ ਸੋਮਵਾਰ ਨੂੰ ਪੀਸੀ ਪਾਰਟੀ ਦੇ ਨਵੇਂ ਆਗੂ ਨਾਲ ਮੁਲਾਕਾਤ ਲਈ ਤਿਆਰ ਹਨ। ਪਰ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਨਵੀਂ ਕੰਜ਼ਰਵੇਟਿਵ ਪਾਰਟੀ ਵਾਈਲਡਰੋਜ਼ ਦੇ ਕਾਨੂੰਨੀ ਫਰੇਮਵਰਕ ਤਹਿਤ ਹੀ ਕਾਇਮ ਕੀਤੀ ਜਾ ਸਕਦੀ ਹੈ ਤੇ ਉਹ ਵੀ ਵਾਈਲਡਰੋਜ਼ ਦੇ ਮੈਂਬਰਾਂ ਦੀ ਮਨਜੂ਼ਰੀ ਮਗਰੋਂ। ਜੀਨ ਨੇ ਕੇਨੀ ਨੂੰ ਮੁਬਾਰਕਬਾਦ ਵੀ ਦਿੱਤੀ।
ਕੇਨੀ ਨੇ ਆਖਿਆ ਕਿ ਜੇ ਕੰਜ਼ਰਵੇਟਿਵ ਸੋਚ ਵਾਲੀਆਂ ਪਾਰਟੀਆਂ ਵਿੱਚ ਏਕਾ ਹੁੰਦਾ ਤਾਂ 2015 ਦੀਆਂ ਚੋਣਾਂ ਵਿੱਚ ਨੌਟਲੀ ਦੀ ਅਗਵਾਈ ਵਾਲੀ ਐਨਡੀਪੀ ਦੇ ਜਿੱਤਣ ਦਾ ਮਤਲਬ ਹੀ ਨਹੀਂ ਸੀ ਬਣਦਾ। ਨੌਟਲੀ ਦੀ ਜਿੱਤ ਨਾਲ ਚਾਰ ਦਹਾਕਿਆਂ ਤੋਂ ਪ੍ਰੋਵਿੰਸ ਵਿੱਚ ਚੱਲਿਆ ਆ ਰਿਹਾ ਪੀਸੀ ਪਾਰਟੀ ਦਾ ਸ਼ਾਸਨ ਖ਼ਤਮ ਹੋ ਗਿਆ।