ਅਲਬਰਟਾ ਦੀ ਪੀਸੀ ਤੇ ਵਾਈਲਡਰੋਜ਼ ਪਾਰਟੀ ਰਲ ਕੇ ਬਣਾਉਣਗੀਆਂ ਯੂਨਾਇਟਿਡ ਕੰਜ਼ਰਵੇਟਿਵ ਪਾਰਟੀ

alberta pc
ਐਡਮੰਟਨ, 18 ਮਈ (ਪੋਸਟ ਬਿਊਰੋ) : ਅਲਬਰਟਾ ਦੀਆਂ ਦੋ ਕੰਜ਼ਰਵੇਟਿਵ ਪਾਰਟੀਆਂ ਨੇ ਆਪਣੇ ਸਾਰੇ ਪੁਰਾਣੇ ਗਿਲੇ ਸਿ਼ਕਵੇ ਮਿਟਾ ਕੇ ਇੱਕ ਸਾਂਝੀ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਪਾਰਟੀ ਦਾ ਨਾਂ ਹੋਵੇਗਾ ਯੂਨਾਇਟਿਡ ਕੰਜ਼ਰਵੇਟਿਵ ਪਾਰਟੀ।
ਵਾਈਲਡਰੋਜ਼ ਆਗੂ ਬ੍ਰਾਇਨ ਜੀਨ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਜੇਸਨ ਕੇਨੀ ਨੇ ਵੀਰਵਾਰ ਨੂੰ ਐਡਮੰਟਨ ਹੋਟਲ ਵਿੱਚ ਇਸ ਰਲੇਵੇਂ ਦੀ ਜਾਣਕਾਰੀ ਦਿੱਤੀ। ਇਸ ਕਰਾਰ ਨੂੰ ਅਜੇ 75 ਫੀ ਸਦੀ ਵਾਈਲਡਰੋਜ਼ ਮੈਂਬਰਾਂ ਤੇ 50 ਫੀ ਸਦੀ ਪੀਸੀ ਪਾਰਟੀ ਦੇ ਮੈਂਬਰਾਂ ਵੱਲੋਂ ਮਨਜੂ਼ਰੀ ਮਿਲਣੀ ਬਾਕੀ ਹੈ। ਜੇ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਨਵੀਂ ਪਾਰਟੀ 28 ਅਕਤੂਬਰ ਨੂੰ ਨਵਾਂ ਆਗੂ ਚੁਣਨ ਲਈ ਲੀਡਰਸਿ਼ਪ ਕਮੇਟੀ ਕਾਇਮ ਕਰੇਗੀ।
ਜੀਨ ਨੇ ਆਖਿਆ ਕਿ ਹਮੇਸ਼ਾਂ ਮੈਂਬਰਾਂ ਦੀ ਰਾਇ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਜੇ ਇਸ ਨੂੰ ਮੈਂਬਰਾਂ ਵੱਲੋਂ ਵੀ ਮਨਜੂ਼ਰੀ ਮਿਲ ਜਾਂਦੀ ਹੈ ਤਾਂ ਸਾਡੇ ਪ੍ਰੋਵਿੰਸ ਦਾ ਨਿਯੰਤਰਣ ਮੁੜ ਹਾਸਲ ਕਰਨ ਲਈ ਨਵਾਂ ਰਾਹ ਖੁੱਲ੍ਹ ਜਾਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦਾ ਫਾਇਦਾ ਜ਼ਰੂਰ ਹੋਵੇਗਾ। ਕੇਨੀ ਨੇ ਆਖਿਆ ਕਿ ਪ੍ਰਸਤਾਵਿਤ ਡੀਲ ਅਜਿਹੇ ਪਰਿਵਾਰ ਦੇ ਏਕੇ ਦੀ ਨੁਮਾਇੰਦਗੀ ਕਰਦੀ ਹੈ ਜਿਹੜਾ ਲੰਮੇਂ ਸਮੇਂ ਤੋਂ ਵੱਖ ਹੋਇਆ ਪਿਆ ਸੀ। ਉਨ੍ਹਾਂ ਆਖਿਆ ਕਿ ਯੂਨਾਇਟਿਡ ਪਾਰਟੀ ਸਦਕਾ ਪ੍ਰੀਮੀਅਰ ਰੇਚਲ ਨੌਟਲੀ ਦੀ ਐਨਡੀਪੀ ਸਰਕਾਰ ਦੀ ਹਾਰ ਪੱਕੀ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਸਾਡੇ ਲਈ ਆਸ ਦੀ ਨਵੀਂ ਕਿਰਨ ਜਾਗੀ ਹੈ। ਅਸੀਂ ਕਿਸੇ ਉੱਤੇ ਕੋਈ ਸਮਝੌਤਾ ਨਹੀਂ ਮੜ੍ਹਨਾ ਚਾਹੁੰਦੇ ਸਗੋਂ ਰਲ ਕੇ ਇੱਕ ਰਾਹ ਉੱਤੇ ਤੁਰਨਾ ਚਾਹੁੰਦੇ ਹਾਂ। ਉਨ੍ਹਾਂ ਅਜਿਹੇ ਪੀਸੀ ਮੈਂਬਰਜ਼ ਨਾਲ ਵੀ ਸਿੱਧੇ ਤੌਰ ਉੱਤੇ ਗੱਲ ਕੀਤੀ ਜਿਨ੍ਹਾਂ ਵਿੱਚੋਂ ਕੁੱਝ ਨੇ ਪਿਛਲੇ ਕੁੱਝ ਹਫਤਿਆਂ ਵਿੱਚ ਪਾਰਟੀ ਛੱਡੀ ਸੀ। ਕੇਨੀ ਨੇ ਆਖਿਆ ਕਿ ਉਨ੍ਹਾਂ ਮੈਂਬਰਾਂ ਨੂੰ ਡਰ ਸੀ ਕਿ ਇਸ ਕਦਮ ਨਾਲ ਪਾਰਟੀ ਘੱਟ ਉਸਾਰੂ ਰਹਿ ਜਾਵੇਗੀ। ਉਨ੍ਹਾਂ ਆਖਿਆ ਕਿ ਜੇ ਇਹ ਕਰਾਰ ਸਿਰੇ ਚੜ੍ਹ ਜਾਂਦਾ ਹੈ ਤਾਂ ਇਹ ਸਾਡੀ ਸ਼ਾਨਾਮੱਤੀ ਵਿਰਾਸਤ ਦਾ ਅੰਤ ਨਹੀਂ ਹੋਵੇਗਾ ਸਗੋਂ ਇੱਕ ਨਵੀਂ ਸ਼ੁਰੂਆਤ ਹੋਵੇਗੀ।
ਇਸ ਦੌਰਾਨ ਪ੍ਰੀਮੀਅਰ ਰੇਚਲ ਨੌਟਲੀ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਔਖੀ ਘੜੀ ਵਿੱਚੋਂ ਆਪਣੀ ਪ੍ਰੋਵਿੰਸ ਨੂੰ ਕੱਢ ਲਵੇਗੀ ਤੇ ਸਰਕਾਰੀ ਪ੍ਰੋਗਰਾਮਾਂ ਜਿਵੇਂ ਕਿ ਹੈਲਥ ਕੇਅਰ ਤੇ ਸਿੱਖਿਆ, ਵਿੱਚ ਵੱਡੇ ਵੱਡੇ ਕੱਟ ਲਾਉਣ ਦੀ ਥਾਂ ਇਨ੍ਹਾਂ ਲਈ ਫੰਡ ਮੁਹੱਈਆ ਕਰਾਵੇਗੀ।
ਵਾਈਲਡਰੋਜ਼ ਤੇ ਪੀਸੀ ਪਾਰਟੀ ਦੇ ਨੁਮਾਇੰਦੇ ਮਾਰਚ ਤੋਂ ਹੀ ਕਿਸੇ ਸਮਝੌਤੇ ਦੇ ਸਿਰੇ ਚੜ੍ਹਨ ਲਈ ਮੁਲਾਕਾਤ ਕਰ ਰਹੇ ਹਨ। ਜਿ਼ਕਰਯੋਗ ਹੈ ਕਿ ਕੇਨੀ ਨੇ ਪੀਸੀ ਪਾਰਟੀ ਦੀ ਲੀਡਰਸਿ਼ਪ 18 ਮਾਰਚ ਨੂੰ ਜਿੱਤੀ ਸੀ। ਕੇਨੀ ਤੇ ਜੀਨ ਦੋਵਾਂ ਨੇ ਇਹ ਐਲਾਨ ਵੀ ਕੀਤਾ ਹੈ ਕਿ ਯੂਨਾਇਟਿਡ ਪਾਰਟੀ ਦੀ ਲੀਡਰਸਿ਼ਪ ਲਈ ਦੋਵੇਂ ਲੜਨਗੇ। 22 ਜੁਲਾਈ ਤੱਕ ਪਾਰਟੀ ਦੀ ਵੋਟ ਕਰਵਾਏ ਜਾਣ ਦੀ ਯੋਜਨਾ ਹੈ।